
ਰਜਨੀ ਵਾਲੀਆ, ਕਪੂਰਥਲਾ
ਵੇ ਮੈਂ ਕੋਰੇ ਕਾਗਜ ਵਰਗੀ,
ਤੂੰ ਉੱਜੜ-ਦੁੱਗੜ ਲਕੀਰਾਂ,
ਦੇ ਨਾਲ ਭਰ ਛੱਡਿਆ ਈ |
ਹੁਣ ਤਾਂ ਰਾਤ ਨੂੰ ਨੀਂਦ ਚ,
ਫੇਰਾ ਪਾ ਜਾਨੈ,
ਦੱਸੀਂ ਖਾਂ ਭਲਾ ਕੀ ਮਹਿਰਮਾਂ,
ਕਰ ਛੱਡਿਆ ਈ |
ਤੂੰ ਮੇਰੇ ਜਿੱਤਣ ਨੂੰ ਸਭ ਕੁਝ,
ਰਾਖਵਾਂ ਰੱਖ ਦਿੱਤਾ |
ਆਪਾਂ ਵੀ ਫਿਰ ਸਾਰਾ ਕੁਝ ਹੀ,
ਹਰ ਛੱਡਿਆ ਈ |
ਤੂੰ ਦੁਨੀਆਂ ਨਾਲ ਲੜ ਸਕਦੈਂ,
ਤਾਂ ਮੈਨੂੰ ਕੀ |
ਹੋ ਜਾਵੇ ਫਿਰ ਜੋ ਹੋਣਾਂ ਦਿਲੋਂ,
ਕੱਢ ਡਰ ਛੱਡਿਆ ਈ |
ਤਲੀ ਤੇ ਤੂੰ ਜੇ ਜਾਨ ਟਿਕਾ ਕੇ,
ਰੱਖੀ ਐ |
ਤਾਂ ਆਪਾਂ ਨੇਂ ਵੀ ਬਾਜੀ ਲਈ,
ਜਾਨ ਨੂੰ ਧਰ ਛੱਡਿਆ ਈ |
ਵਾਸ ਜੇ ਸਾਡੇ ਲਈ ਜੰਗਲੀਂ,
ਤੂੰ ਕਰ ਸਕਦੈਂ |
ਤਾਂ ਆਪਾਂ ਵੀ ਤੇਰੇ ਲਈ ਇੱਕ,
ਘਰ ਛੱਡਿਆ ਈ |
ਡਿੱਕੇ ਡੋਲੇ ਖਾਵਾਂ ਫਿਰ ਵੀ,
ਡੋਲਾਂ ਨਾ |
ਹੰਝੂਆਂ ਦੇ ਨਾਲ ਡੋਲੂ ਹੁਣ,
ਤਾਂ ਭਰ ਛੱਡਿਆ ਈ |
ਵੇ ਮੈਂ ਤੇਰੇ ਲਈ ਧੁੱਪਾਂ ਦੇ,
ਵਿੱਚ ਤਪਦੀ ਰਹੀ |
ਤੂੰ ਵੀ ਤਾਂ ਸਾਡੇ ਲਈ ਠੰਡ ਚ,
ਠਰ ਛੱਡਿਆ ਈ |
ਮਿਲਿਆ ਇੱਕ ਜੀਵਨ ਸਾਥੀ,
ਤੇ ਰੂਹ ਖਿੜਗੀ |
ਕੀ ਕੁਝ ਤੇਰੇ ਲਈ ਰਜਨੀ,
ਨੇਂ ਵੀ ਜਰ ਛੱਡਿਆ ਈ |