
ਰਾਜੂ ਤੇ ਦੀਪਾ ਉਦੋਂ ਦੂਜੀ- ਤੀਜੀ ਕੁ ਜਮਾਤ ਵਿੱਚ ਪੜ੍ਹਦੇ ਸਨ ।ਉੱਮਰ ਕੋਈ ਅੱਠ – ਨੌਂ ਕੁ ਸਾਲ ਦੀ ਹੋਣੀ ਆਂ । ਝਾਂਡਿਆਂ ਵਾਲ਼ੇ ਰਾਹ ਵੱਲ ਹੱਡਾ ਰੋੜੀ ਤੋਂ ਉਰਲੇ ਪਾਸੇ ਇੱਕ ਤੂਤ ਦਾ ਦਰਖ਼ਤ ਹੁੰਦਾ ਸੀ । ਉਸ ਦਰਖ਼ਤ ਨੂੰ ਤੂਤੀਆਂ ਬਹੁਤ ਸਵਾਦ ਅਤੇ ਮੋਟੀਆਂ ਲੱਗਦੀਆਂ ਸਨ ।ਰਾਜੂ ਤੇ ਦੀਪਾ ਸਕੂਲੋਂ ਛੁੱਟੀ ਹੋਣ ਤੇ ਸਲਾਹ ਬਣਾਂਉਦੇ ਤੇ ਤੂਤੀਆਂ ਖਾਣ ਤਕਰੀਬਨ ਹਰ ਰੋਜ਼ ਹੀ ਚਲੇ ਜਾਂਦੇ । ਉੱਧਰ ਹੀ ਲਾਲੀ ਬਾਬੇ ਕੀ ਮੋਟਰ ਤੇ ਅੰਬ ਦਾ ਵੱਡਾ ਦਰਖ਼ਤ ਸੀ। ਪਿੰਡ ਤੋਂ ਸਿੱਧੇ ਰਾਹ ਚਲੇ ਜਾਈਏ , ਤਾਂ ਲਾਲੀ ਬਾਬੇ ਕੀ ਮੋਟਰ ਆ ਜਾਂਦੀ , ਜੇ ਝਾਂਡਿਆਂ ਵੱਲ ਨੂੰ ਮੁੜ ਜਾਈਏ ਤਾਂ ਉਹ ਤੂਤ ਦਾ ਦਰਖ਼ਤ ਆ ਜਾਂਦਾ ।ਕਈ ਵਾਰ ਜਦੋਂ ਲਾਲੀ ਬਾਬਾ ਪਰੇ – ਉਰੇ ਹੋਣਾ ਤਾਂ ਉਹਨਾਂ ਨੇ ਤੂਤ ਤੋਂ ਉੱਤਰ ਕੇ ਮੀਤ ਬਾਬੇ ਕੇ ਖੇਤ ਵਿੱਚ ਦੀਂ ਭੱਜ ਕੇ ਕੱਚੇ ਅੰਬ ਹੀ ਤੋੜਕੇ ਖਾ ਲੈਣੇ । ਰਾਜੂ ਦਾ ਘਰ ਦਰਵਾਜ਼ੇ ਕੋਲ਼ ਸੀ ਤੇ ਦੀਪੇ ਦਾ ਘਰ ਫਿਰਨੀ ਉੱਤੇ ਸੀ । ਇੱਕ ਦਿਨ ਰਾਜੂ ਨਾ ਪਹੁੰਚਿਆ , ਦੀਪਾ ਕੱਲਾ ਹੀ ਤੂਤੀਆਂ ਖਾਣ ਲਈ ਤੂਤ ਤੇ ਚੜ੍ਹ ਗਿਆ ।ਉਦੋਂ ਝਾਂਡਿਆਂ ਵਾਲ਼ੀ ਸੜਕ ਨੀ ਸੀ ਬਣੀ , ਕੱਚਾ ਰਾਹ ਹੁੰਦਾ ਸੀ ।ਕੋਈ – ਕੋਈ ਸਾਈਕਲ ਵਾਲ਼ਾ ਰਾਹਗੀਰ ਅੱਧੇ- ਪੌਣੇ ਘੰਟੇ ਬਾਅਦ ਮਸੀਂ ਇੱਕ -ਅੱਧਾ ਲੰਘਦਾ ਸੀ ।ਤੂਤ ਕਾਫ਼ੀ ਸੰਘਣਾ ਸੀ । ਸਿੱਖਰ ਦੁਪਹਿਰਾ ਸਿਰ ਤੇ ਸੀ । ਦੀਪਾ ਤੂਤ ਤੇ ਬੈਠਾ ਤੂਤੀਆਂ ਖਾ ਰਿਹਾ ਸੀ ।ਉਸਦੀ ਨਿਗ੍ਹਾ ਪਿੰਡ ਵੱਲ ਸੀ ਕਿ ਕਦੋਂ ਰਾਜੂ ਵੀ ਆ ਜਾਵੇ ।ਉਦੋਂ ਮੋੜ ਤੇ ਚਮਕੌਰੇ ਕਿਆਂ ਨੇ ਘਰ ਨੀ ਸੀ ਪਾਇਆ ਹੋਇਆ ।ਖੇਤ ਈ ਹੁੰਦਾ ਸੀ ।ਉਸ ਦਿਨ ਰਾਜੂ ਨਾ ਪਹੁੰਚਿਆ । ਦੂਰੋਂ ਪਿੰਡ ਵੱਲੋਂ ਦੀਪੇ ਨੂੰ ਇੱਕ ਕੁੜੀ ਆਂਉਦੀ ਦਿਖਾਈ ਦਿੱਤੀ ।ਕੁੜੀ ਦੀ ਉਮਰ ਕੋਈ ਵੀਹ – ਇੱਕੀ ਕੁ ਸਾਲ ਦੀ ਹੋਣੀ ਆਂ । ਦੀਪੇ ਨੇ ਅਰਦਾਸ ਕੀਤੀ ਕਿ ਇਹ ਕੁੜੀ ਸਿੱਧੇ ਰਾਹ ਹੀ ਚਲੀ ਜਾਵੇ । ਲਾਲੀ ਬਾਬੇ ਕੀ ਮੋਟਰ ਵੱਲ ਨੂੰ । ਪਰ ਨਹੀਂ , ਉਹ ਕੁੜੀ ਝਾਂਡਿਆਂ ਵਾਲ਼ੇ ਰਾਹ ਵੱਲ ਨੂੰ ਮੁੜ ਪਈ ਸੀ । ਦੀਪਾ ਡਰ ਗਿਆ ਬਈ ਅੱਜ ਫਸਗੇ । ਘਰੇ ਤਾਂ ਦੀਪਾ ਕਹਿਕੇ ਆਂਉਦਾ ਕਿ ਦਰਵਾਜ਼ੇ ਬਾਂਟੇ ਖੇਡਣ ਚਲਿਆਂ। ਜੇ ਇਸ ਕੁੜੀ ਨੇ ਮੈਨੂੰ ਦੇਖ ਲਿਆ ਤਾਂ ਸਾਡੇ ਘਰ ਦੱਸੂ , ਜੇ ਘਰੇ ਦੱਸਤਾ ਤਾਂ ਜੁੱਤੀਆਂ ਬਹੁਤ ਪੈਣਗੀਆਂ ।ਦੀਪਾ ਇੱਕੋ ਪਲ ਕਾਫ਼ੀ ਕੁਝ ਸੋਚ ਗਿਆ ।ਤੇ ਕੁੜੀ ਜਿਉਂ – ਜਿਉਂ ਨੇੜੇ ਆ ਰਹੀ ਸੀ , ਦੀਪੇ ਦੀ ਧੜਕਣ ਤੇਜ਼ ਹੋ ਰਹੀ ਸੀ ।ਉੱਧਰ ਉਸਨੂੰ ਰਾਜੂ ਤੇ ਗ਼ੁੱਸਾ ਆ ਰਿਹਾ ਸੀ , ਬਈ ਉਹ ਕਿਉਂ ਨੀ ਆਇਆ । ਦੀਪੇ ਨੂੰ ਤੂਤੀਆਂ ਖਾਣੀਆਂ ਭੁੱਲ ਗਈਆਂ । ਉਹ ਸੰਗਣੇ ਤੂਤ ਵਿੱਚ ਬਿਲਕੁਲ ਲੁੱਕ ਕੇ ਬੈਠ ਗਿਆ।
ਤੂਤ ਦੇ ਕੋਲ਼ ਹੀ ਮਿੰਦਰ ਕਾ ਕਮਾਦ ਬੀਜਿਆ ਹੋਇਆ ਸੀ । ਕੁੜੀ ਨੇ ਆਸੇ -ਪਾਸੇ ਦੇਖਿਆ ਤੇ ਇੱਕ ਦਮ ਕਮਾਦ ‘ਚ ਬੜਗੀ । “ਹੈੰ ! ਇਹ ਦੁਪਹਿਰੇ ਗੰਨੇ ਪੁੱਟਣ ਆਈ ਆ।“ਦੀਪੇ ਨੇ ਤੂਤ ‘ ਚ ਲੁੱਕੇ ਬੈਠੇ ਨੇ ਸੋਚਿਆ ।ਕਿਉਂਕਿ ਜੇ ਉਹ ਬਾਹਰ – ਅੰਦਰ ਆਈ ਹੁੰਦੀ ਤਾਂ ਉਸਨੇ ਕਮਾਦ ‘ ਚ ਕਿਉਂ ਵੜਨਾ ਸੀ ।ਬਾਹਰ -ਅੰਦਰ ਆਂਉਦੇ ਲੋਕ ਕਮਾਦ ‘ ਚ ਨਹੀਂ ਸਨ ਬੈਠਦੇ । ਘਰਾਂ ਵਿੱਚ ਪਖਾਨੇ ਨਹੀਂ ਸਨ ਬਣੇ ਉਦੋਂ ।ਸਾਰੇ ਪਿੰਡ ਦੇ ਲੋਕ ਜੰਗਲ਼ -ਪਾਣੀ ਖੇਤਾਂ ਵਿੱਚ ਹੀ ਜਾਂਦੇ ਸਨ ।ਜਦ ਨੂੰ ਤੂਤ ਤੇ ਉੱਚੇ ਥਾਂ ਤੇ ਬੈਠੇ ਦੀਪੇ ਨੇ ਦੇਖਿਆ ਬਈ ਕਮਾਦ ‘ ਚ ਇੱਕ ਮੁੰਡਾ ਵੀ ਸੀ । ਦੀਪਾ ਹੋਰ ਡਰ ਨਾਲ਼ ਸਹਿਮ ਗਿਆ । “ਇਹ ਮੁੰਡਾ ਕਦੋ ਆਇਆ ? ਕਿਹੜੇ ਪਾਸੇ ਦੀਂ ਆਇਆ ? ਲੱਗਦਾ ਕਮਾਦ ਦੇ ਮਗਰਲੇ ਪਾਸੇ ਦੀਂ ਆਇਆ ।ਗੰਨੇ ਤਾਂ ਕੁੜੀ ਕੱਲੀ ਵੀ ਪੁੱਟ ਸਕਦੀ ਸੀ । ਐਨੀ ਤੱਕੜੀ ਆ । ਕਿੰਨੀਆਂ ਮੱਝਾਂ ਨੇ ਇੰਨਾਂ ਦੇ । ਕਿੰਨਾਂ ਦੁੱਧ ਪੀਂਦੀ ਹੋਊ ।” ਦੀਪਾ ਕਈ ਗੱਲਾਂ ਬੈਠਾ – ਬੈਠਾ ਸੋਚ ਗਿਆ । ਦੀਪਾ ਹੌਲ਼ੀ -ਹੌਲ਼ੀ ਫੇਰ ਤੂਤੀਆਂ ਤੋੜ ਕੇ ਖਾਣ ਲੱਗ ਪਿਆ । ਪਰ ਉਹ ਕਿਸੇ ਤਰ੍ਹਾਂ ਦਾ ਖੜਾਕ ਨਹੀਂ ਸੀ ਹੋਣ ਦੇ ਰਿਹਾ ।ਕੁਝ ਦੇਰ ਬਾਅਦ ਕੁੜੀ ਕਮਾਦ ਚੋ ਬਾਹਰ ਨਿਕਲ਼ੀ , ਉਸਦੀ ਸਿੱਧੀ ਨਿਗ੍ਹਾ ਤੂਤ ਉੱਤੇ ਲੁਕੇ ਬੈਠੇ ਦੀਪੇ ਤੇ ਪੈ ਗਈ ।” ਵੇ ਤੂੰ ਏਥੇ ਬੈਠਾ ਕੀ ਕਰਦਾਂ ? ਦੱਸ ਦੀਆਂ ਥੋਡੇ ਘਰੇ ਜਾ ਕੇ , ਜੇ ਡਿੱਗ ਪਿਆ ਥੱਲੇ ਤਾਂ ਲੱਤ – ਬਾਂਹ ਟੁੱਟ ਜੂ ,ਕਿਸੇ ਨੇ ਚੱਕਣਾ ਵੀ ਨਹੀਂ ਆਕੇ ।” ਕੁੜੀ ਚੱਕਵੇਂ ਪੈਰੀਂ ਪਿੰਡ ਨੂੰ ਮੁੜੀ ਜਾਂਦੀ ਦੀਪੇ ਨੂੰ ਕਾਫ਼ੀ ਕੁਝ ਬੋਲ ਗਈ । ਹੁਣ ਦੀਪਾ ਹੋਰ ਡਰ ਗਿਆ ਸੀ ।
ਦੀਪਾ ਘਰੇ ਆਇਆ । ਉਸਦੀ ਬੀਬੀ ਨੇ ਚਾਹ ਫੜਾਤੀ । ਉਹ ਚਾਹ ਪੀਂਦਾ ਸੋਚ ਰਿਹਾ ਸੀ , ਬਈ ਬੱਚ ਗਏ ਅੱਜ ਤਾਂ । ਕੁੜੀ ਨੇ ਉਹਨਾਂ ਦੇ ਘਰ ਉਲਾਂਬਾ ਨਹੀਂ ਸੀ ਦਿੱਤਾ ।ਉਸ ਦਿਨ ਤੋਂ ਬਾਅਦ ਦੀਪਾ ਫੇਰ ਕਦੇ ਤੂਤੀਆਂ ਖਾਣ ਉਸ ਤੂਤ ਤੇ ਨਾ ਗਿਆ ।ਹੁਣ ਉਹ ਕੁੜੀ ਜਦ ਵੀ ਕਦੇ ਦੀਪੇ ਕੇ ਘਰ ਆਂਉਦੀ ਤਾਂ ਦੀਪੇ ਵੱਲ ਤਿਰਛੀ ਨਿਗ੍ਹਾ ਨਾਲ਼ ਇੰਝ ਦੇਖਦੀ ,ਜਿਵੇਂ ਕਹਿ ਰਹੀ ਹੋਵੇ ਕਿ ਦੇਖਲਾ ਮੈਂ ਥੋਡੇ ਘਰ ਤੇਰਾ ਉਲਾਂਬਾ ਨੀ ਦਿੱਤਾ ।ਦੀਪਾ ਵੀ ਅੱਖਾਂ – ਅੱਖਾਂ ਵਿੱਚ ਉਸਦਾ ਸ਼ੁੱਕਰ – ਗੁਜ਼ਾਰ ਹੁੰਦਾ ।
ਫੇਰ ਕੁਝ ਸਾਲ ਬਾਅਦ ਉਸ ਕੁੜੀ ਦਾ ਵਿਆਹ ਹੋ ਗਿਆ । ਦੀਪੇ ਨੇ ਸ਼ੁੱਕਰ ਕੀਤਾ । ਦੀਪਾ ਉਸ ਕੁੜੀ ਸਾਹਮਣੇ ਆਪਣੇ – ਆਪ ਨੂੰ ਹੀਣਾ ਸਮਝਦਾ ਸੀ ।ਹੁਣ ਦੀਪਾ ਅੱਠਵੀਂ ਜਮਾਤ ਵਿੱਚ ਹੋ ਗਿਆ ਸੀ ।ਪੰਜਾਬੀ ਪੜ੍ਹਾਉਣ ਵਾਲ਼ੇ ਗਿਆਨੀ ਮਾਸਟਰ ਗੁਰਨਾਮ ਸਿੰਘ ਜੀ ਇੱਕ ਦਿਨ ਅਖਾਣਾਂ ਦੇ ਅਰਥ ਸਮਝਾ ਰਹੇ ਸਨ ।ਅਖਾਣ ਆ ਗਈ ‘ ਚੋਰਾਂ ਨੂੰ ਮੋਰ ‘। ਸਾਰੀ ਜਮਾਤ ਕਹੇ ਇਹ ਕੀ ਗੱਲ ਹੋਈ , ਚੋਰਾਂ ਨੂੰ ਮੋਰ ਕਿਵੇਂ ਪੈ ਸਕਦੇ ਨੇ । ਚੋਰ ਰਾਤ ਨੂੰ ਚੋਰੀ ਕਰਦੇ ਨੇ ਤੇ ਮੋਰ ਰਾਤ ਨੂੰ ਪਿੱਪਲ਼ ਦੇ ਟਾਹਣਿਆਂ ਉੱਤੇ ਸੌ ਰਹੇ ਹੁੰਦੇ ਨੇ ।ਪਰ ਦੀਪਾ ਸਾਰੀ ਅਖਾਣ ਦਾ ਮਤਲਬ ਚੰਗੀ ਤਰ੍ਹਾਂ ਸਮਝ ਚੁੱਕਿਆਂ ਸੀ ।ਬਈ ਕਿਵੇਂ ਇੱਕ ਚੋਰ ਤੂਤੀਆਂ ਤੋੜ ਰਿਹਾ ਹੁੰਦਾ ਤੇ ਮੋਰ ਕਮਾਦ ਦੇ ਖੇਤ ਵਿੱਚੋਂ ਨਿਕਲ਼ ਕੇ ਉਸਨੂੰ ਝਿੜਕਾਂ ਮਾਰ ਰਿਹਾ ਹੁੰਦਾ ।
ਹਰਦੀਪ ਗਰੇਵਾਲ਼ “ ਥਰੀਕੇ “
+1-778-712-2019