ਇਸ਼ਕ ਹਕੀਕੀ ਰੱਬ ਹੋ ਜਾਣੈ, ਲੱਗਦਾ ਏ ਬੱਸ
ਇਹ ਤੇ ਦੀਵਾ ਚੁੱਪ-ਚਪੀਤਾ, ਜਗਦਾ ਏ ਬੱਸ
ਬਹਿ ਜਾਂਦਾ ਕੋਈ ਮਨ ਮਸੀਤੀਂ ਅੰਦਰ ਆ ਕੇ
ਯਾਰ ਹਸਨ ਜੁ ਬੱਸਰੀ ਮੋਮਣ ਫ਼ਬਦਾ ਏ ਬੱਸ
ਚਾਰੇ ਖਾਨੇ ਚਿੱਤ…..ਹੂ ਆਸ਼ਿਕ ਕਰ ਛੱਡਦੈ
ਚਾਰੇ ਪਾਸੇ ਦਿਸਦਾ ਜਲਵਾ ਰੱਬ ਦਾ ਏ ਬੱਸ
ਧੁਰ ਅੰਦਰ ਚਾਨਣ ਹਨ੍ਹੇਰੀ ਝੁੱਲ ਗਈ ਏ
ਮੌਲਾ ਰੱਖਿਆ ਹੱਥ ਕਲਬ ਤੇ ਜਦ ਦਾ ਏ ਬੱਸ
ਬਾਦਸ਼ਾਹੀ ਮਸਕੀਨੀ ਚੋਲੇ ਪਾ ਲਏ ਨੇ
ਅੱਠੇ ਪਹਿਰ ਏ ਰੁਤਬਾ ਰਹਿੰਦਾ ਵਧਦਾ ਏ ਬੱਸ
ਦਿਲਬਰ ਦੀ ਸੂਰਤ ਹੀ ਅੱਲਾ ਹੋ ਗਈ ਏ
ਅਲਫ਼ ਇਸ਼ਕ ਦੇ ਅੰਦਰ ਜਾਂਦਾ ਦੱਬਦਾ ਏ ਬੱਸ
ਓਹਦਾ ਪਤਾ ਕੀ ਪੁੱਛਣਾ, ਜਿਹੜਾ ਹਰ ਥਾਂ ‘ਤੇ
ਕਮਲਾ ਆਸ਼ਕ ਵਿੱਚ ਗੁਫ਼ਾਈਂ ਯੱਭਦਾ ਏ ਬੱਸ
“ਰਾਵੀ” ਖੁਦੀ ਮਿਟਾ ਕੇ ਜਿਸ ਨੂੰ ਲੱਭਿਆ ਏ
ਉਹ ਖੁਦਾ ਤੇ ਅੰਦਰ ਹੀ ਹੁਣ ਲੱਭਦਾ ਏ ਬੱਸ
ਬਿਨ ਸਮਾਧੀ ਰੂਹ ਬਿਸਮਾਦੀ ਹੋ ਜਾਂਦੀ ਐ
ਮੂੰਹ ਲਾ ਤਾਲੇ, ਇਸ਼ਕ ਹੱਡਾਂ ਨੂੰ ਚੱਬਦਾ ਏ ਬੱਸ
ਕਿਸੇ ਨੇ ਤੱਕੀ, ਖੋਲ੍ਹ ਮਜ਼ਾਰ ਫ਼ਕੀਰਾ ਦੀ??
ਵਿੱਚੋਂ ਜੱਨਤ ਦਾ ਦਰਵਾਜ਼ਾ ਲੰਘਦਾ ਏ ਬੱਸ….
-ਰਾਵੀ ਕੌਰ
(ਨਿਊਯਾਰਕ)
rkaur445@gmail.com