ਸਰਬਜੀਤ ਸਿੰਘ ਜਿਉਣ ਵਾਲਾ
ਨਾ ਜੇ ਵੱਡੇ ਨੂੰ ਪੁਰਾਣੇ ਘਰ ਨਾਲ ਨਿਆਈਂ ਵਾਲੀ ਪੈਲੀ ਨਹੀਂ ਪਸੰਦ ਤਾਂ ਫਿਰ ਮੈਂ ਰੱਖ ਲੈਂਦਾ ਹਾਂ। ਛੋਟੇ ਨੇ ਇਹ ਗੱਲ ਸੁਭਾਵਿਕ ਹੀ ਵੰਡ-ਵੰਡਾਰਾ ਕਰਨ ਆਏ ਰਿਸ਼ਤੇਦਾਰਾਂ ਨੂੰ ਕਹੇ। ਵੱਡਾ ਬੋਲਿਆ ਕਿ ਤੂੰ ਹੀ ਰੱਖ ਲੈ ਸਭ ਕੁੱਝ ਤੇ ਅਸੀਂ ਗੁਰਦੁਆਰੇ ਜਾ ਕੇ ਬੈਠ ਜਾਂਦੇ ਹਾਂ। ਲੜੋ ਨਾ ਬਈ ਆਪਸ ਵਿੱਚ ਦੋਵੇਂ, ਇਹ ਵੰਡ-ਵੰਡਾਈ ਦੀ ਰੀਤ ਤਾਂ ਸਦਾ ਚੱਲਦੀ ਆਈ ਹੈ, ਦੋਵਾਂ ਨੂੰ ਸਮਝਾਉਂਦੇ ਹੋਏ ਮਾਮੇ ਨੇ ਕਹੇ। ਨਾਲੇ ਸਾਨੂੰ ਸੱਦਣ ਦਾ ਵੀ ਕੀ ਫਾਇਦਾ, ਜੇ ਤੁਹਾਡਾ ਮਸਲਾ ਹੀ ਨਾ ਹੱਲ ਹੋਇਆ। ਵੱਡੇ ਦੀ ਪਤਨੀ ਨੇ ਇਸ਼ਾਰਾ ਕਰਕੇ ਵੱਡੇ ਨੂੰ ਬੁਲਾਇਆ ਤੇ ਪਾਸੇ ਲਿਜਾ ਕੇ ਕੰਨ ਵਿੱਚ ਕਈ ਕੁੱਝ ਕਿਹਾ। ਮੂੰਹ ਸਵਾਰਦਾ ਹੋਇਆ ਵੱਡਾ ਆ ਕੇ ਕਹਿੰਦਾ, ਬਈ ਮੈਂ ਪੁਰਾਣੇ ਘਰ ਨਾਲ ਨਿਆਈਂ ਵਾਲੀ ਪੈਲੀ ਤਾਂ ਹੀ ਲਊਂਗਾ ਜੇ ਮੈਨੂੰ ਖੇਤੀ ਦੇ ਸਾਰੇ ਸ਼ੰਦ ਵੀ ਦਿਓਂਗੇ। ਛੋਟੇ ਦੀ ਪਤਨੀ ਨੇ ਰਸੋਈ ਵਾਲੇ ਭਾਂਡਿਆਂ ਦਾ ਖੜਕਾ ਕਰਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਤੇ ਆਪਣੇ ਪਤੀ ਜਿੰਦੇ ਨੂੰ ਆਉਣ ਲਈ ਕਿਹਾ। ਸਾਰੇ ਰਿਸਤੇਦਾਰ ਦਾ ਆਪਸ ਵਿੱਚ ਕਹਿਣ ਲੱਗੇ ਕਿ ਜੇ ਬੁੜੀਆਂ ਘਰ ਦੇ ਬਟਵਾਰੇ ਵਿੱਚ ਵੜ ਗਈਆਂ ਤਾਂ ਸਮਝੋ ਫਿਰ ਵੰਡ ਨਹੀਂ ਹੋ ਸਕਦੀ। ਕਾਫੀ ਚਿਰ ਬਾਅਦ ਜਿੰਦਾ ਆਇਆ ਤਾਂ ਉਸਨੇ ਕਿਹਾ ਕਿ ਜੇ ਵੱਡੇ ਨੂੰ ਸੰਦ ਦੇਣੇ ਹਨ ਤਾਂ ਮੈਂ ਫਿਰ ਕੱਸੀ ਵਾਲੀ ਪੈਲੀ ਰੱਖੂੰਗਾ। ਦੋਵਾਂ ਨੂੰ ਤਾੜਦੇ ਹੋਏ ਉਹਨਾਂ ਦੇ ਮਾਮੇ ਨੇ ਕਿਹਾ ਕਿ ਆਏਂ ਨਹੀਂ ਪੁੱਗਦੀਆਂ ਆਪਣੀਆਂ ਮਨਮਰਜੀਆਂ। ਇਹ ਤਾਂ ਅਸੀਂ ਸੋਚਣਾ ਹੈ ਕਿ ਕਿਵੇਂ ਵੰਡ ਕਰਕੇ ਤੁਹਾਡੀ ਤਸੱਲੀ ਕਰਨੀ ਹੈ ਤੇ ਦੂਜੀ ਗੱਲ ਇਹ ਹੈ ਕਿ ਬੁੜੀਆਂ ਦਾ ਰੇੜਕਾ ਛੱਡੋ ਤੇ ਦੋਵੇਂ ਭਰਾ ਆਪਸ ਵਿੱਚ ਸਹਿਮਤੀ ਕਰੋ। ਇਹਨਾਂ ਜਨਾਨੀਆਂ ਮਗਰ ਲੱਗ ਕੇ ਘਰ ਦੀ ਵੰਡ ਨਹੀਂ ਹੋਣੀ।
ਆਪਾਂ ਸਾਰੇ ਰਲ ਕੇ ਜਮੀਨ, ਘਰ ਤੇ ਸੰਦਾਂ ਦੀਆਂ ਬਰਾਬਰ ਢੇਰੀਆਂ ਪਾ ਲੈਂਦੇ ਹਾਂ ਤੇ ਮਗਰੋਂ ਤਿੰਨ ਪਰਚੀਆਂ ਪਾ ਕੇ ਦੋਵਾਂ ਨੂੰ ਇੱਕ-ਇੱਕ ਚੁਕਾ ਲੈਂਦੇ ਹਾਂ, ਫਿਰ ਤਾਂ ਦੋਵੇਂ ਖ਼ੁਸ਼ ਹੋ। ਨਾਲੇ ਇਹਦੇ ਵਿੱਚ ਬਰਾਬਰ ਜਿਹੀ ਵੰਡ ਹੋ ਜਾਊ ਤੇ ਪਰਚੀ ਚੁੱਕਣ ਨਾਲ ਕਿਸੇ ਤੇ ਕੋਈ ਗਿਲਾ ਨਾ ਰਹੂ। ਨਹੀਂ ਤਾਂ ਮਗਰੋਂ ਵੰਡ ਕਰਾਉਣ ਵਾਲਿਆਂ ਨੂੰ ਹੀ ਭੰਡਣ ਲੱਗ ਪੈਂਦੇ ਹਨ ਕਿ ਇਹਨਾਂ ਨੇ ਪੱਖਪਾਤ ਕੀਤਾ ਹੈ ਜਿਵੇਂ ਅਗਲਿਆਂ ਨੇ ਵਿੱਚੋਂ ਕੁਝ ਲੈਣਾ ਹੋਵੇ, ਇਹ ਬੋਲ ਉਹਨਾਂ ਦੇ ਮਾਸੜ ਨੇ ਮੁੰਡਿਆਂ ਦੇ ਪਿਓ ਨੂੰ ਕਹੇ। ਜਿਵੇਂ ਮਰਜੀ ਕਰ ਲੈ ਮਸੇਰਾ ਪਰ ਆਪਾਂ ਨੂੰ ਬਣਦਾ ਤੀਜਾ ਹਿੱਸਾ ਦਵਾ ਦਿਓ, ਭਲਕੇ ਧੀ ਨੂੰ ਵੀ ਆਈ ਗਈ ਨੂੰ ਸੌ ਕੁਝ ਦੇਣਾ ਬਣਦਾ ਹੈ। ਬਾਕੀ ਕੱਲ੍ਹ ਨੂੰ ਸਾਨੂੰ ਵੀ ਬਿਮਾਰੀ-ਛਿਮਾਰੀ ਤੇ ਸੌ ਪੈਸਿਆਂ ਦੀ ਲੋੜ ਪੈਣੀ ਹੈ। ਵੱਡਾ ਮੱਥੇ ਤੇ ਤਿਊੜੀਆਂ ਪਾ ਕੇ ਆਖਣ ਲੱਗਾ ਕਿ ਜੇ ਮਾਮਾ ਜੀ ਛੇ ਕਿੱਲਿਆਂ ਚੋਂ ਤੀਜਾ ਹਿੱਸਾ ਬਜ਼ੁਰਗਾਂ ਨੂੰ ਦੇਣਾ ਹੈ ਤਾਂ ਫਿਰ ਅਸੀਂ ਤਾਂ ਕਰਨ ਲੱਗੇ ਤਰੱਕੀਆਂ। ਕੱਲ੍ਹ ਨੂੰ ਅਸੀਂ ਵੀ ਚੰਗੇ ਸੰਦ ਤੇ ਘਰ ਪਾਉਣੇ ਹਨ। ਦੋ ਕਿੱਲਿਆਂ ਵਿੱਚ ਤਾਂ ਘਰ ਦਾ ਗੁਜਾਰਾ ਹੀ ਮਸਾਂ ਹੋਣਾ ਹੈ। ਹਾਂ, ਇਹ ਗੱਲ ਵੱਡੇ ਨੇ ਬਿਲਕੁਲ ਸਹੀ ਕਹੀ, ਛੋਟੇ ਨੇ ਵੀ ਵੱਡੇ ਦੀ ਹਾਂ ਵਿੱਚ ਹਾਂ ਮਿਲਾਈ। ਨਾ ਮੈਂ ਤਾਂ ਤੁਹਾਨੂੰ ਅੱਡ ਹੋਣ ਲਈ ਨਹੀਂ ਕਿਹਾ, ਸਗੋਂ ਮੈਂ ਤਾਂ ਕਹਿਣਾ ਹੈ ਕਿ ਤੁਸੀਂ ਸਾਰੀ ਉਮਰ ਇਕੱਠੇ ਰਹੋ ਪਰ ਤੁਸੀਂ ਆਪਣੀਆਂ ਜਨਾਨੀਆਂ ਮਗਰ ਲੱਗ ਕੇ ਜੱਗ ਹਸਾਈ ਕਰੀ ਜਾਂਦੇ ਹੋ। ਸਾਂਝੇ ਘਰਾਂ ਵਿੱਚ ਨਿੱਕੀਆਂ ਮੋਟੀਆਂ ਗੱਲਾਂ ਛੱਡਣੀਆਂ ਪੈਂਦੀਆਂ ਹਨ, ਜਿੱਦ ਛੱਡਣੀ ਪੈਂਦੀ ਹੈ ਪਰ ਤੁਸੀਂ ਤਾਂ ਲੇਲੇ ਵਾਂਗ ਤੀਵੀਆਂ ਮਗਰ ਲੱਗ ਜਾਂਦੇ ਹੋ। ਆਪਣੇ ਪਿਤਾ ਦੀ ਇਹ ਗੱਲ ਸੁਣ ਕੇ ਦੋਵਾਂ ਨੇ ਨੀਵੀਂ ਪਾ ਲਈ। ਗੱਲ ਤਾਂ ਤੇਰੀ ਠੀਕ ਹੈ ਬਜੁਰਗਾ, ਉਹਨਾਂ ਦੇ ਗੁਆਂਢੀ ਮੈਂਬਰ ਨੇ ਕਿਹਾ। ਹਿੱਸਾ ਤਾਂ ਇਹਨਾਂ ਦਾ ਬਣਦਾ ਹੀ ਹੈ। ਜਾਂ ਫਿਰ ਇਉਂ ਕਰਲੋ ਕਿ ਇੱਕ ਸਾਲ ਬਜੁਰਗ ਇੱਕ ਮੁੰਡੇ ਨਾਲ ਰਹਿ ਲਿਆ ਕਰਨ ਤੇ ਅਗਲੇ ਸਾਲ ਦੂਜੇ ਮੁੰਡੇ ਨਾਲ। ਨਹੀਂ ਇੰਝ ਵੀ ਮਗਰੋਂ ਬਹੁਤ ਕਲੇਸ਼ ਪੈਂਦਾ ਹੈ ਤੁਸੀਂ ਵੇਖਿਆ ਹੀ ਹੈ ਆਪਣੇ ਪਿੰਡ, ਮੁੰਡਿਆਂ ਦੀ ਮਾਂ ਨੇ ਬੁਸਬੁਸਾ ਮੂੰਹ ਬਣਾ ਕੇ ਇਹ ਬੋਲ ਕਹੇ। ਮਾਈ, ਤੁਸੀਂ ਦੋਵੇਂ ਇਕੱਲੇ ਵੀ ਤਾਂ ਨਹੀਂ ਰਹਿ ਸਕਦੇ, ਕੱਲ੍ਹ ਨੂੰ ਸੌ ਦਵਾਈ ਬੂਟੀ ਦੀ ਲੋੜ ਪੈਂਦੀ ਹੈ ਤੇ ਨਾਲੇ ਇਸ ਘਰ ਦੇ ਤਿੰਨ ਟੁਕੜੇ ਕਰਨੇ ਕਿਹੜਾ ਸੌਖੇ ਐ? ਹਾਂ ਇਹ ਤਾਂ ਗੱਲ ਤੁਹਾਡੀ ਸੌ ਆਨੇ ਠੀਕ ਹੈ ਪਰ ਫਿਰ ਕਰੀਏ ਵੀ ਕੀ? ਇਹ ਕਿਹੜਾ ਮਾੜੀ ਔਲਾਦ ਇਕੱਠੀ ਰਹਿ ਕੇ ਖ਼ੁਸ਼ ਹੈ। ਛੋਟਾ ਕਾਫੀ ਚਿਰ ਬਾਅਦ ਬੋਲਿਆ ਕਿ ਤੁਸੀਂ ਇਓਂ ਕਰੋ ਕਿ ਮਾਤਾ ਜੀ ਨੂੰ ਮੇਰੇ ਨਾਲ ਰਹਿਣ ਦਿਓ ਤੇ ਬਾਪੂ ਨੂੰ ਵੱਡੇ ਨੂੰ ਦੇ ਦਿਓ। ਨਾਲੇ ਪੈਲੀ ਦੀ ਵੰਡ ਦੋ ਹਿੱਸਿਆਂ ਵਿੱਚ ਹੋ ਜਾਊ। ਵੱਡਾ ਕਹਿੰਦਾ ਕਿ ਗੱਲ ਤਾਂ ਛੋਟੇ ਦੀ ਠੀਕ ਹੈ ਨਾ ਮਾਮਾ। ਹਾਂ, ਪੈਲੀ ਦੀ ਵੰਡ ਤੁਹਾਡੇ ਦੋਵਾਂ ਵਿੱਚ ਹੋ ਜਾਵੇ ਤੇ ਠੇਕਾ ਕੋਈ ਦੇਣਾ ਨਾ ਪਵੇ, ਉੱਤੇ ਬੁੱਢਾਪੇ ਵਿੱਚ ਦੋਵਾਂ ਜੀਆਂ ਦਾ ਵਿਛੋੜਾ ਪਵਾ ਦਈਏ, ਫਿਰ ਤਾਂ ਆਪੇ ਹੀ ਠੀਕ ਹੈ। ਬਈ ਘਰ ਦਾ ਗੁਜਾਰਾ ਔਖਾ ਚੱਲੇ ਜਾਂ ਸੌਖਾ, ਸਾਥੋਂ ਨਹੀਂ ਅੱਡ ਰਹਿ ਕੇ ਦੋਵਾਂ ਤੋਂ ਗੁਜਾਰਾ ਹੋਣਾ। ਸਾਂਝੇ ਘਰ ਦੀ ਵੰਡ ਹੋਣੀ ਤਾਂ ਅਸੀਂ ਔਖੇ-ਸੌਖੇ ਹੋ ਕੇ ਦੋਵੇਂ ਜ਼ਰ ਲਵਾਂਗੇ ਪਰ ਦੋਵਾਂ ਜੀਆਂ ਵਿਚਕਾਰ ਖਿੱਚੀ ਲਛਮਣ ਰੇਖਾ ਨਹੀਂ ਅਸੀ ਜ਼ਰ ਸਕਦੇ। ਬਜੁਰਗ ਦੇ ਮੂੰਹੋਂ ਇਹ ਬੋਲ ਸੁਣ ਕੇ ਸਾਰੇ ਸੁੰਨ-ਮਸੁੰਨ ਹੋ ਗਏ।
ਸਰਬਜੀਤ ਸਿੰਘ ਜਿਉਣ ਵਾਲਾ, ਫਰੀਦਕੋਟ
ਮੋਬਾਇਲ — 9464412761