ਗੀਤ ਦੀ ਗੱਲ ਕਰਦਿਆਂ
ਡਾ. ਸੁਰਜੀਤ ਸਿੰਘ ਭਦੌੜ *
ਕੋਰੋਨਾ ਦੇ ਚਲਦੇ ਲਾਕਡਾਊਨ ਦੀ ਮਾਰ ਨੇ ਦੁਨੀਆਂ ਦੇ ਆਰਥਿਕ ਅਤੇ ਸਿਹਤ ਦੇ ਢਾਂਚੇ ਨੂੰ ਬਹੁਤ ਬੁਰੀ ਤਰਾਂ ਨੁਕਸਾਨਿਆਂ ਹੈ । ਇਸ ਮਹਾਂਮਾਰੀ ਤੋਂ ਬਚਾਅ ਲਈ ਆਏ ਮਾਹਿਰਾਂ ਦੇ ਸੁਝਾਵਾਂ ਨੇ ਮਹਾਂਮਾਰੀ ਦੇ ਦੌਰਾਨ ਲੋਕਾਂ ਨੂੰ ਘਰਾਂ ਵਿੱਚ ਰਹਿੰਦਿਆਂ ਨਵੇਂ ਜਿੰਦਗੀ ਜੀਣ ਦੇ ਰਸਤੇ ਵੀ ਸਿਖਾਏ ਹਨ । ਨਿਤ ਦਿਨ ਜਿੰਦਗੀ ਵਿੱਚ ਵੀ ਸਮਾਜਿਕ ਦੂਰੀ ਦੀ ਪਾਲਣਾ ਲਈ ਸੰਗੀਤ ਇੰਡਸਟਰੀ ਵਿੱਚ ਕਈ ਪ੍ਰਯੋਗ ਸਾਹਮਣੇ ਆਏ ਹਨ । ਇਸੇ ਸਮੇ ਦੌਰਾਨ ਮਨ ਦੇ ਅੰਦਰ ਉਡਾਰੀ ਮਾਰਨ ਲਈ ਮਚਲਦੀ ਇੱਕ ਸੁਰੀਲੀ ਆਵਾਜ ਗੁਰਲਗਨ ਵੀ “ ਮਹਿੰਦੀ ਰੰਗਾ ” ਨਾਲ ਸੰਗੀਤਕ ਪਿੜ ਚ ਆ ਉਤਰੀ ਹੈ । ਅਡਮੰਟਨ ਵਾਲੇ ਵੀਰ ਸੋਹਨ ਸਿੰਘ ਦੇ ਇਸ ਗੀਤ “ ਇਸ਼ਕੇ ਦਾ ਬੂਟੜਾ ਵੇ, ਖੁਆਬਾਂ ਦਾ ਝੂਟੜਾ ਵੇ, ਮਹਿੰਦੀ ਰੰਗਾ ਸੂਟੜਾ ਵੇ , ਫੱਬੇ ਦਿਲ ਜਾਨੀਆਂ ” ਦੇ ਸਾਹਿਤਕ ਸ਼ਬਦ ਵੀ ਬਾਕਮਾਲ ਨੇ ।
ਮਹਾਂਮਾਰੀ ਚ ਨਵੇਂ ਤਜਰਬਿਆਂ ਦੀ ਗੱਲ ਵੀ ਮੈਂ ਇਸ ਲਈ ਕੀਤੀ ਹੈ ਕਿ ਗਾਇਕ ਅਤੇ ਗੀਤਕਾਰ ਦੀ ਸਮਾਜਿਕ ਦੂਰੀ ਏਨੀ ਹੈ ਕਿ ਸਾਹਮਣੇ ਕਦੇ ਦੇਖਿਆ ਵੀ ਨਹੀਂ । ਇਸ ਤਜਰਬੇ ਵਿੱਚ ਕਨੇਡਾ ਤੋਂ ਆਇਆ ਗੀਤ ਇਸ ਨਵੀਂ ਗਾਇਕਾ ਦੀ ਆਵਾਜ ਅਤੇ ਅੰਦਾਜ ਦੀ ਪਰਖ ਕਰੇਗਾ । ਗੁਰਲਗਨ ਸ਼ਾਇਦ ਕਿਸਮਤ ਵਾਲੀ ਵੀ ਇਸ ਲਈ ਹੈ ਕਿ ਦੋਸਤਾਂ ਦੀ ਦੁਨੀਆਂ ਨਾਲ ਉਹਦੇ ਮਾਪਿਆਂ ਦੇ ਘਰ ਦਾ ਮਹੌਲ਼ ਉਹਦੇ ਨਵੇਂ ਸੰਗੀਤਕ ਖੇਤਰ ਲਈ ਸਾਜਗਰ ਹੈ । ਉਹਦੇ ਘਰ ਚ ਗਾਉਣ ਵਾਲਾ ਤਾਂ ਚਾਹੇ ਕੋਈ ਨਹੀਂ ਪਰ ਉਸਦਾ ਪਿਤਾ ਲਾਲ ਸਿੰਘ ਸੁਲਹਾਣੀ ਇੱਕ ਲੇਖਕ ਅਤੇ ਸਮਾਜ ਸੇਵਕ ਹੈ । ਗੁਰਲਗਨ ਦੀ ਮਾਤਾ ਬਲਵੰਤ ਕੌਰ ਇੱਕ ਉੱਘੀ ਥੀਏਟਰ ਅਦਾਕਾਰਾ ਹੈ ਜੋ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕਰ ਚੁੱਕੀ ਹੈ । ਮਾਤਾ ਦਾ ਗਾਉਣ ਦਾ ਸ਼ੌਕ ਤਾਂ ਅਧੂਰਾ ਰਿਹਾ ਪਰ ਬੇਟੀ ਨੂੰ ਇਸ ਖੇਤਰ ਵਿੱਚ ਹੱਥ ਅਜਮਾਈ ਲਈ ਜਰੂਰ ਉਤਸ਼ਾਹਤ ਕੀਤਾ। ਅੱਜ ਕੱਲ ਬਠਿੰਡੇ ਰਹਿੰਦੀ ਪੇਸ਼ੇ ਵਜੋਂ ਅਧਿਆਪਿਕਾ ਗੁਰਲਗਨ ਇਸੇ ਮਹੀਨੇ ਕੋਰੋਨਾ ਮਹਾਂਮਾਰੀ ਦੌਰਾਨ ਆਪਣੀ ਸਮਾਜਿਕ ਜਿੰਮਵਾਰੀ ਨਿਭਾਉਂਦਿਆਂ ਮਹਾਂਮਾਰੀ ਤੇ ਕੇਂਦਰਤ ਗੀਤ “ ਨਿਕਲੀਏ ਨਾਂ ਬਾਹਰ ” ਨਾਲ ਵੀ ਪੇਸ਼ ਹੋਈ ਸੀ, ਜਿਸਤੋਂ ਉਹਦੇ ਅੰਦਰ ਗਾਇਕੀ ਦੀ ਸੰਭਾਵਨਾਵਾਂ ਜਰੂਰ ਉਜਾਗਰ ਹੋਈਆਂ ਸਨ । ਉਸ ਗੀਤ ਨੂੰ ਸੁਰਿੰਦਰ ਪ੍ਰੀਤ ਘਣੀਆਂ ਨੇ ਕਲਮਬੱਧ ਕੀਤਾ ਸੀ। ਲੇਕਿਨ ਹੁਣ ਰਿਲੀਜ ਹੋਇਆ ਇਹ ਗੀਤ “ ਮਹਿੰਦੀ ਰੰਗਾ ” ਗੁਰਲਗਨ ਦਾ ਸੰਗੀਤਕ ਖੇਤਰ ਲਈ ਪਲੇਠਾ ਗੀਤ ਹੈ ਅਤੇ ਗੁਰਲਗਨ ਦੀ ਸੁਰੀਲੀ ਆਵਾਜ ਵਿੱਚ ਇਸ ਸਾਹਿਤਕ ਗੀਤ ਦੀ ਪੇਸ਼ਕਾਰੀ ਨੂੰ ਪੰਜਾਬੀ ਸੰਗੀਤਕ ਇੰਡਸਟਰੀ ਵਿੱਚ ਜੀ ਆਇਆਂ ਕਹਿਣਾ ਬਣਦਾ ਹੈ ।
*98884-88060