ਰਜਨੀ ਵਾਲੀਆ, ਕਪੂਰਥਲਾ
ਦੱਸ ਮੈਨੂੰ ਮੱਚਿਆ ਕੀ ਕੋਹਰਾਮ,
ਮਾਲਕਾਂ ਦੱਸਦਾ ਈ ਨੀ।
ਕਿਉਂ ਮੁਲਕਾਂ ਦੇ ਮੁਲਕ ਨੇ ਜਾਮ,
ਮਾਲਕਾ ਦੱਸਦਾ ਈ ਨੀ।
ਮਿਹਨਤ ਕਸ਼ ਬੇਕਾਰ ਨੇ ਬੈਠੇ,
ਰੋਟੀ ਤੋਂ ਆਵਾਜ਼ਾਰ ਨੇ ਬੈਠੇ,
ਘਰ ਘਰ ਵਿੱਚ ਪਰਿਵਾਰ ਨੇ ਬੈਠੇ,
ਉਹਨਾਂ ਦਾ ਕੀ ਏ ਇਲਜ਼ਾਮ।
ਮਾਲਕਾ ਦੱਸਦਾ
ਪੰਛੀ ਜਿੰਨ੍ਹਾਂ ਨੇ ਪਿੰਜਰੇ ਪਾਏ,
ਵੇਖ ਓ ਅੱਜ ਤੜੇ ਘਬਰਾਏ,
ਪਿੰਜਰੇ ਪਿਆ ਖੁਦ ਕਿੱਥੇ ਜਾਏ,
ਸੀ ਜਿੰਨ੍ਹਾਂ ਪੰਛੀ ਕਰੇ ਗੁਲਾਮ।
ਮਾਲਕਾ ਦੱਸਦਾ ਈ ਨੀ
ਜੀਅ ਜੀਅ ਕੋਲੋਂ ਡਰਦਾ ਫਿਰਦੈ,
ਰਾਖੀ ਜਾਨ ਦੀ ਕਰਦਾ ਫਿਰਦੈ,
ਤੇਰੇ ਨਾਂ ਦੀ ਚੌਂਕੀ ਭਰਦਾ ਫਿਰਦੈ,
ਤੈਨੂੰ ਕਰੇ ਸੌ ਸੌ ਵਾਰ ਸਲਾਮ।
ਮਾਲਕਾ ਦੱਸਦਾ ਈ ਨੀ
ਲੋਕਾਂ ਨੂੰ ਹੁਣ ਮੱਤ ਆ ਗਈ ਏ,
ਕਦਮਾਂ ਹੇਠਾਂ ਛੱਤ ਆ ਗਈ ਏ,
ਬਾਹਰ ਵਿਹੜਿਉਂ ਪੱਤ ਆ ਗਈ ਏ,
ਜੋ ਤੈਨੂੰ ਕਦੇ ਕਰਦੇ ਸੀ ਬਦਨਾਮ।
ਮਾਲਕਾ ਦੱਸਦਾ ਈ ਨੀ
ਓ ਕਿੱਦਾਂ ਦੱਸ ਕਰਨ ਗੁਜ਼ਾਰਾ,
ਪੀਪਾ ਜਿੰਨ੍ਹਾਂ ਦਾ ਖਾਲੀ ਸਾਰਾ,
ਹੁਣ ਕਿੱਥੇ ਜਾਏ ਗਰੀਬ ਵਿਚਾਰਾ,
ਤੂੰ ਸੇਕਾ ਲਾ ਜੋ ਖਾਣ ਹਰਾਮ।
ਮਾਲਕਾ ਦੱਸਦਾ ਈ ਨੀ
ਬੇਜ਼ਾਤਾਂ ਵਰਗੇ ਦਿਨ ਹੋ ਗਏ ਨੇਂ,
ਸ਼ਾ ਰਾਤਾਂ ਵਰਗੇ ਦਿਨ ਹੋ ਗਏ ਨੇਂ,
ਬਾਤਾਂ ਵਰਗੇ ਦਿਨ ਹੋ ਗਏ ਨੇਂ,
ਹੁਣ ਤਾਂ ਹਰ ਪਰ ਲਗੇਂਦੀ ਸ਼ਾਮ।
ਮਾਲਕਾ ਦੱਸਦਾ ਈ ਨੀ
ਇਨਸਾਨਾਂ ਨੂੰ ਪਛਤਾਉਣਾ ਪੈ ਗਿਆ,
ਗਲਤੀਆਂ ਕਰ ਕੇ ਰੋਣਾਂ ਪੈ ਗਿਆ,
ਘੜੀ ਘੜੀ ਘਬਰਾਉਣਾ ਪੈ ਗਿਆ,
ਕੌੜ ਦੇ ਖਾਵਣ ਹੋਣ ਬਦਾਮ।
ਮਾਲਕਾ ਦੱਸਦਾ ਈ ਨੀ
ਸੋਚ ਸੋਚ ਕੇ ਰਜਨੀ ਪਈ ਰੋਵੇ,
ਤੇਰੇ ਹੁੰਦਿਆਂ ਏ ਕੀ ਪਿਆ ਹੋਵੇ ,
ਪਲ ਪਲ ਮਗਰੋਂ ਜਾਨ ਕਿਉਂ ਮੋਏ,
ਦੇ ਕੋਈ ਤਾਂ ਸੁੱਖ ਦਾ ਪੈਗਾਮ।
ਮਾਲਕਾ ਦੱਸਦਾ ਈ ਨੀ।