
ਗਿੱਲ ਦੋਦਾ ਗਲਾਸਗੋ ਦੀ ਅਗਵਾਈ ‘ਚ ਮਹਿਮਾਨਾਂ ਦਾ ਸਨਮਾਨ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) “ਸੰਗੀਤਕ ਨੂੰ ਪਿਆਰ ਕਰਨ ਅਤੇ ਸੰਗੀਤਕ ਕਾਮਿਆਂ ਨੂੰ ਸਤਿਕਾਰ ਦੇਣ ਵਾਲੀਆਂ ਰੂਹਾਂ ਹਰ ਸਾਹ ਸਨਮਾਨ ਦੀਆਂ ਹੱਕਦਾਰ ਹੁੰਦੀਆਂ ਹਨ। ਜਸ ਡਰਬੀ ਅਜਿਹਾ ਹੀਰਾ ਇਨਸਾਨ ਹੈ, ਜੋ ਪੰਜਾਬੀ ਸੱਭਿਆਚਾਰ ਤੇ ਗਾਇਕੀ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਤਤਪਰ ਰਹਿੰਦਾ ਹੈ। ਜਸ ਦੇ ਉੱਦਮਾਂ ਅੱਗੇ ਸਭ ਸਨਮਾਨ ਛੋਟੇ ਜਾਪਦੇ ਹਨ”, ਉਕਤ ਵਿਚਾਰਾਂ ਦਾ ਪ੍ਰਗਟਾਵਾ ਗਲਾਸਗੋ ਦੇ ਲੀਓਨਾਰਡੋ ਹੋਟਲ ਵਿਖੇ ਜਸ ਡਰਬੀ ਦੇ ਮਾਣ ਸਨਮਾਨ ਹਿਤ ਹੋਈ ਸੰਗੀਤਕ ਸ਼ਾਮ ਦੌਰਾਨ ਸ਼ਾਇਰ ਗਿੱਲ ਦੋਦਾ ਗਲਾਸਗੋ ਤੇ ਗਾਇਕ ਕਰਮਜੀਤ ਮੀਨੀਆਂ ਨੇ ਕੀਤਾ। ਜ਼ਿਕਰਯੋਗ ਹੈ ਕਿ ਜਸ ਡਰਬੀ ਸੰਗੀਤ ਨਾਲ ਧੁਰ ਅੰਦਰੋਂ ਜੁੜਿਆ ਹੋਇਆ ਸਖਸ਼ ਹੈ ਤੇ ਫਨਕਾਰਾਂ ਦਾ ਕਦਰਦਾਨ ਹੈ। ਉਹਨਾਂ ਦੀ ਸਕਾਟਲੈਂਡ ਫੇਰੀ ਮੌਕੇ ਪੰਜ ਦਰਿਆ ਟੀਮ ਵੱਲੋਂ ਵਿਸ਼ੇਸ਼ ਮਿਲਣੀ ਤੇ ਸੰਗੀਤਕ ਸ਼ਾਮ ਦਾ ਪ੍ਰਬੰਧ ਕੀਤਾ ਗਿਆ ਸੀ। ਜਿਸ ਦੌਰਾਨ ਗਾਇਕ ਕਰਮਜੀਤ ਮੀਨੀਆਂ ਤੇ ਗਾਇਕ ਮਿੱਠਾਪੁਰੀਆ ਵੱਲੋਂ ਇੱਕ ਤੋਂ ਬਾਅਦ ਇੱਕ ਗੀਤ ਗਾ ਕੇ ਮਾਹੌਲ ਨੂੰ ਰੰਗੀਨ ਬਣਾਈ ਰੱਖਿਆ। ਜਿੱਥੇ ਕਰਮਜੀਤ ਮੀਨੀਆਂ ਨੇ ਤੂੰਬੀ ਦੀ ਟੁਣਕਾਰ ‘ਤੇ ਆਪਣੇ ਗੀਤਾਂ ਦੀ ਛਹਿਬਰ ਲਾਈ, ਉੱਥੇ ਮਿੱਠਾਪੁਰੀਆ ਵੱਲੋਂ ਆਪਣੇ ਰਿਲੀਜ ਹੋਣ ਜਾ ਰਹੇ ਗੀਤਾਂ ਦੀ ਸਾਂਝ ਪਾ ਕੇ ਵਾਹ ਵਾਹ ਖੱਟੀ। ਮੰਚ ਸੰਚਾਲਨ ਦੌਰਾਨ ਪੰਜ ਦਰਿਆ ਦੇ ਸੰਪਾਦਕ ਮਨਦੀਪ ਖੁਰਮੀ ਹਿੰਮਤਪੁਰਾ ਨੇ ਜਿੱਥੇ ਜਸ ਡਰਬੀ (ਲਸਾੜਾ), ਗਾਇਕ ਮਿੱਠਾਪੁਰੀਆ ਤੇ ਤਰਨਦੀਪ ਸਿੰਘ ਤਰਨ ਨੂੰ ਸਕਾਟਲੈਂਡ ਦੀ ਧਰਤੀ ‘ਤੇ ਖੁਸ਼ਆਮਦੀਦ ਕਿਹਾ ਉੱਥੇ ਵਾਅਦਾ ਵੀ ਦੁਹਰਾਇਆ ਕਿ ਪੰਜ ਦਰਿਆ ਯੂਕੇ ਦੀ ਸਮੁੱਚੀ ਟੀਮ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਸੇਵਾ ਵਿੱਚ ਜੁਟੇ ਸੱਜਣਾਂ ਦੇ ਮਾਣ ਸਨਮਾਨ ਲਈ ਹਮੇਸ਼ਾ ਤਿਆਰ ਹੈ। ਇਸ ਸਮੇਂ ਹਰਪ੍ਰੀਤ ਸਿੰਘ ਲੱਕੀ, ਨਛੱਤਰ ਜੰਡੂ ਦੋਦਾ, ਰਾਣਾ ਦੋਸਾਂਝ ਤੇ ਬਲਜਿੰਦਰ ਸਿੰਘ ਗਾਖਲ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਮਹਿਮਾਨਾਂ ਨੂੰ ਜੀ ਆਇਆਂ ਕਿਹਾ।