ਇੱਕ ਸਦੀ ਦਾ ਸਫ਼ਰ ਪੂਰਾ ਕਰਕੇ ਹੋਏ ਜਹਾਨੋਂ ਰੁਖ਼ਸਤ
ਸੈਂਕੜਿਆਂ ਦੀ ਤਾਦਾਦ ਵਿੱਚ ਭਾਈਚਾਰੇ ਦੀਆਂ ਸਖਸ਼ੀਅਤਾਂ ਨੇ ਭੇਂਟ ਕੀਤੀ ਸ਼ਰਧਾਂਜ਼ਲੀ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸੈਂਟਰਲ ਗੁਰਦੁਆਰਾ ਸਿੰਘ ਸਭਾ ਗਲਾਸਗੋ ਦੇ ਟਰੱਸਟੀ ਅਤੇ ਜਨਰਲ ਸਕੱਤਰ ਜਸਪਾਲ ਸਿੰਘ ਖਹਿਰਾ ਦੇ ਪਿਤਾ ਜੀ ਸ੍ਰ: ਦਰਬਾਰਾ ਸਿੰਘ ਖਹਿਰਾ ਜੀ ਬੀਤੇ ਦਿਨੀਂ ਉਮਰ ਦਾ ਇੱਕ ਸਦੀ ਦਾ ਸਫ਼ਰ ਪੂਰਾ ਕਰਕੇ ਇਸ ਜਹਾਨੋਂ ਰੁਖ਼ਸਤ ਹੋ ਗਏ ਸਨ। ਗਲਾਸਗੋ ਸਮਸ਼ਾਨਘਾਟ ਮੈਰੀਹਿਲ ਵਿਖੇ ਅੰਤਿਮ ਸਸਕਾਰ ਉਪਰੰਤ ਸੈਂਟਰਲ ਗੁਰਦੁਆਰਾ ਸਿੰਘ ਸਭਾ ਵਿਖੇ ਅੰਤਿਮ ਅਰਦਾਸ ਸਮਾਗਮ ਕਰਵਾਏ ਗਏ, ਜਿਸ ਦੌਰਾਨ ਸੈਂਕੜਿਆਂ ਦੀ ਤਾਦਾਦ ਵਿੱਚ ਭਾਈਚਾਰੇ ਦੇ ਲੋਕਾਂ ਨੇ ਸ਼ਿਰਕਤ ਕਰ ਕੇ ਦਰਬਾਰਾ ਸਿੰਘ ਖਹਿਰਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਸੰਬੋਧਨ ਦੌਰਾਨ ਜਸਪਾਲ ਸਿੰਘ ਖਹਿਰਾ ਨੇ ਇਸ ਦੁੱਖ ਦੀ ਘੜੀ ਵਿੱਚ ਹੌਸਲਾ ਦੇਣ ਬਹੁੜੇ ਹਰ ਸਖਸ਼ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਬਾਪੂ ਦਰਬਾਰਾ ਸਿੰਘ ਜੀ ਗੁਰਬਾਣੀ ਨਾਲ ਹਰ ਸਾਹ ਜੁੜੇ ਹੋਏ ਸਨ। ਸੰਘਰਸ਼ ਭਰੀ ਜ਼ਿੰਦਗੀ ਜਿਉਣ ਦੇ ਨਾਲ ਨਾਲ ਉਹਨਾਂ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਪਰਿਵਾਰਕ ਜੀਆਂ ਨੂੰ ਵੀ ਬਾਣੀ ਨਾਲ ਜੁੜਣ ਲਈ ਪ੍ਰੇਰਿਤ ਕੀਤਾ। ਇਹੀ ਵਜ੍ਹਾ ਹੈ ਕਿ ਸਾਰਾ ਪਰਿਵਾਰ ਹੀ ਗੁਰਮਤਿ ਨਾਲ ਜੁੜਿਆ ਹੋਇਆ ਹੈ। ਇਸ ਸਮੇਂ ਬਾਬਾ ਅਮਰੀਕ ਸਿੰਘ (ਲੂਟਨ), ਬੀਬੀ ਹਰਵਿੰਦਰ ਕੌਰ ਜੀ ਵੱਲੋਂ ਰਸਭਿੰਨੇ ਕੀਰਤਨ ਰਾਹੀਂ ਗੁਰ ਜਸ ਗਾਇਨ ਕਰਕੇ ਵਿਛੜੀ ਆਤਮਾ ਨੂੰ ਸ਼ਰਧਾ ਸੁਮਨ ਭੇਂਟ ਕੀਤੇ। ਇਸ ਉਪਰੰਤ ਭਾਈ ਦਲਜੀਤ ਸਿੰਘ ਮਨਜੀਤ ਸਿੰਘ ਵੱਲੋਂ “ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀਐ” ਸ਼ਬਦ ਰਾਹੀਂ ਮਨੁੱਖ ਦੇ ਜੀਵਨ ਦੀ ਅਸਲੀਅਤ ਦਾ ਵਿਖਿਆਨ ਕੀਤਾ। ਇੱਕ ਗੁਰਮੁਖ ਦਾਦੇ ਵੱਲੋਂ ਆਪਣੇ ਪੋਤਰੇ ਪੋਤਰੀਆਂ ਦੀ ਝੋਲੀ ਪਾਏ ਸਦਗੁਣਾਂ ਦੀ ਮਿਸਾਲ ਦੇਖਣ ਨੂੰ ਉਦੋਂ ਮਿਲੀ ਜਦੋਂ ਦਰਬਾਰਾ ਸਿੰਘ ਖਹਿਰਾ ਜੀ ਦੇ ਪੋਤਰੇ ਪ੍ਰਿਤਪਾਲ ਸਿੰਘ ਖਹਿਰਾ, ਗੁਰਪਿੰਦਰ ਕੌਰ, ਏਕਮ ਸਿੰਘ (ਪੜਪੋਤਰਾ) ਨੇ ਆਪਣੇ ਰਾਹ ਦਰਸਾਵੇ ਬਜ਼ੁਰਗ ਨੂੰ “ਹਰਿ ਮੰਗਲ ਗਾਉ ਸਖੀ ਗ੍ਰਿਹੁ ਮੰਦਰੁ ਬਣਿਆ” ਸ਼ਬਦ ਗਾਇਣ ਕਰਕੇ ਸ਼ਰਧਾਂਜ਼ਲੀ ਦਿੱਤੀ। ਇਸ ਸਮੇਂ ਮੁੱਖ ਸੇਵਾਦਾਰ ਸੁਰਜੀਤ ਸਿੰਘ ਚੌਧਰੀ, ਪਰਮਜੀਤ ਸਿੰਘ ਸਮਰਾ, ਨਿਰੰਜਨ ਸਿੰਘ ਬਿਨਿੰਗ, ਡਾ. ਇੰਦਰਜੀਤ ਸਿੰਘ, ਬਾਬਾ ਬੁੱਢਾ ਦਲ ਗਲਾਸਗੋ ਦੇ ਮੁੱਖ ਸੇਵਾਦਾਰ ਹਰਜੀਤ ਸਿੰਘ ਖਹਿਰਾ, ਲਭਾਇਆ ਸਿੰਘ ਮਹਿਮੀ, ਜਿੰਦਰ ਸਿੰਘ ਚਾਹਲ, ਰੇਸ਼ਮ ਸਿੰਘ ਕੂਨਰ, ਜਿੱਤ ਸਿੰਘ ਮਸਤਾਨ, ਹਰਬੰਸ ਸਿੰਘ ਖਹਿਰਾ ਆਦਿ ਸਮੇਤ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ।







