4.5 C
United Kingdom
Friday, March 6, 2026

More

    ਯਾਦ ਰੱਖ ਨੀਂ ਦਿੱਲੀਏ

    ਰਜਨੀ ਵਾਲੀਆ
    ਯਾਦ ਰੱਖ ਨੀਂ ਦਿੱਲੀਏ ਜੋ ਕਿਸਾਨ ਹੁੰਦਾ ਏ,
    ਅਖਵਾਵੇ ਅੰਨ ਦਾਤਾ ਉਹ ਭਗਵਾਨ ਹੁੰਦਾ ਏ,
    ਯਾਦ ਰੱਖ ਨੀਂ ਦਿੱਲੀਏ ਜੋ ਕਿਸਾਨ ਹੁੰਦਾ ਏ |

    ਜੱਟ ਪਾ ਦੋ ਟਾਕੀਆਂ ਤਨ ਦੇ ਉੱਤੇ,
    ਖੇਤੀਂ ਨੰਗੇ ਪੈਰੀਂ ਫਿਰਦਾ ਏ |
    ਜੋ ਆਟਾ ਤੇਰਾ ਰੋਟੀ ਬਣਦਾ ਦਾਣਾ-
    ਦਾਣਾ ਉਹਦੇ ਹੱਥੋਂ ਕਿਰਦਾ ਏ |
    ਉਸਦਾ ਲੱਗੇ ਹੋਏ ਬੋਹਲਾਂ ਦੇ,
    ਵਿੱਚ ਸੌ ਅਰਮਾਨ ਹੁੰਦਾ ਏ |
    ਯਾਦ ਰੱਖ ਨੀਂ ਦਿੱਲੀਏ ਜੋ ਕਿਸਾਨ ਹੁੰਦਾ ਏ

    ਫਸਲਾਂ ਜੱਟ ਬੀਜਦਾ ਵਹੁੰਦਾ,
    ਖਾਂਦਾ ਤੇ ਸਦਾ ਲਵੇ ਨਜ਼ਾਰੇ ਨੀ |
    ਉਸਦੇ ਬੱਚੇ-ਬੱਚੀਆਂ ਵਰਗੇ ਉਸਦੇ,
    ਸਭ ਖਾਲ ਕਿਆਰੇ ਨੀ |
    ਜਦ ਖੇਤੀਂ ਕਰਦਾ ਮਿਹਨਤ,
    ਓ ਤਦ ਵਿੱਚ ਜਾਨ ਹੁੰਦਾ ਏ |
    ਯਾਦ ਰੱਖ ਨੀਂ ਦਿੱਲੀਏ ਜੋ ਕਿਸਾਨ ਹੁੰਦਾ ਏ

    ਜਦ ਪਾਣੀ ਸੀ ਦਰਿਆਵਾਂ ਦਾ,
    ਤਦ ਖੇਤੀ ਬੜੀ ਸੌਖੀ ਸੀ |
    ਸਭ ਰੂੜੀ ਨਾਲ ਖੇਤੀ ਕਰਦੇ ਸੀ,
    ਤੇ ਫਸਲ ਵੀ ਹੁੰਦੀ ਚੋਖੀ ਸੀ |
    ਜੱਟ ਓ ਕੰਮ ਕਦੇ ਨਹੀਂ ਕਰਦੇ,
    ਜਿਸਦੇ ਵਿੱਚ ਨੁਕਸਾਨ ਹੁੰਦਾ ਏ |
    ਯਾਦ ਰੱਖ ਨੀਂ ਦਿੱਲੀਏ ਜੋ ਕਿਸਾਨ ਹੁੰਦਾ ਏ

    ਨੀ ਹੱਕ ਲੈਣ ਹਿੰਦੋਸਤਾਨੋਂ,
    ਦਿੱਲੀਏ ਹਰ ਸ਼ਹਿਰ ਏਥੇ ਆ ਗਿਆ |
    ਹੁਣ ਲੁਕਾਈ ਇੱਕ ਹੋ ਗਈ ਏ,
    ਆਪਣਾ ਤੇ ਗੈਰ ਏਥੇ ਆ ਗਿਆ |
    ਹੱਕ ਜਦੋਂ ਵੀ ਮਰਦੇ ਦਿਸਦੇ ਦਿੱਲੀਏ,
    ਉਦੋਂ ਹੀ ਆਉਣਾ ਤੁਫਾਨ ਹੁੰਦਾ ਏ |
    ਯਾਦ ਰੱਖ ਨੀਂ ਦਿੱਲੀਏ ਜੋ ਕਿਸਾਨ ਹੁੰਦਾ ਏ

    ਨੀ ਜਾ ਇਤਿਹਾਸ ਪੜ ਝੁਕੇ ਸੀ,
    ਗੋਰੇ ਪਾੜੇ ਸੀ ਕਾਨੂੰਨ ਗੋਰਿਆਂ |
    ਹੱਕ ਕਿਸਾਨਾ ਉਦੋਂ ਵੀ ਸੀ ਖੋਹੇ,
    ਤੇ ਸਾੜੇ ਸੀ ਕਾਨੂੰਨ ਗੋਰਿਆਂ |
    ਆਵਾਮ ਜੋ ਵੀ ਕਹਿ ਦਏ,
    ਏਥੇ ਓਈਓ ਪ੍ਰਵਾਨ ਹੁੰਦਾ ਏ |
    ਯਾਦ ਰੱਖ ਨੀਂ ਦਿੱਲੀਏ ਜੋ ਕਿਸਾਨ ਹੁੰਦਾ ਏ

    ਜੱਟ ਆਈ ਤੇ ਆਇਆ ਤਾਂ,
    ਵੱਤਰੋਂ ਪਹਿਲਾਂ ਈ ਵਾਹ ਦੇਂਦਾ |
    ਕਦੇ ਪਹਿਲ ਨਈ ਕਰਦਾ ਮੁੜ,
    ਇੱਕੀਆਂ ਦੇ ਇਕੱਤੀ ਪਾ ਦੇਂਦਾ |
    ਹੰਕਾਰ ਨਾ ਕਰ ਉਹ ਘੜੀ ਪਲ,
    ਦਾ ਹੀ ਬਸ ਮਹਿਮਾਨ ਹੁੰਦਾ ਏ |
    ਯਾਦ ਰੱਖ ਨੀਂ ਦਿੱਲੀਏ ਜੋ ਕਿਸਾਨ ਹੁੰਦਾ ਏ

    ਨੀ ਜੱਟ ਤੇਰੇ ਤੋਂ ਦੁਖੀ ਹੋਇਆ,
    ਹੀ ਖੁਦਕੁਸੀ਼ਆਂ ਪਿਆ ਕਰਦਾ ਏ |
    ਪੀ ਜਾਂਦਾ ਸਪਰੇਆਂ ਜਾਂ ਫਿਰ,
    ਜੱਟ ਫਾਹਾ ਲੈ ਮਰਦਾ ਏ |
    ਸਭਤੋਂ ਵੱਡੇ ਗਿਆਨੀ ਨੂੰ,
    ਤੂੰ ਕਹੇਂ ਏ ਨਾਦਾਨ ਹੁੰਦਾ ਏ |
    ਯਾਦ ਰੱਖ ਨੀਂ ਦਿੱਲੀਏ ਜੋ ਕਿਸਾਨ ਹੁੰਦਾ ਏ

    ਰਜਨੀ ਏਥੇ ਹੱਕ ਲੈਣ ਲਈ ,
    ਸਭਨਾਂ ਨੂੰ ਹੀ ਲੜਨਾ ਪੈਂਦਾ ਏ |
    ਏਕਾ ਕਰਕੇ ਸਭਨੂੰ ਹੀ ,
    ਡੰਡਿਆਂ ਤੇ ਚੜਨਾ ਪੈਂਦਾ ਏ |
    ਹਿੰਮਤ ਕਰਿਆਂ ਜਿੱਤ ਦਾ,
    ਸਦਾ ਨਿਸ਼ਾਨ ਹੁੰਦਾ ਏ |
    ਯਾਦ ਰੱਖ ਨੀਂ ਦਿੱਲੀਏ ਜੋ ਕਿਸਾਨ ਹੁੰਦਾ ਏ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!