3.2 C
United Kingdom
Saturday, March 7, 2026

More

    ਏਦਾਂ ਨਾ ਟੁੱਟਾਂ

    ਦੁੱਖਭੰਜਨ
    0351920036369

    ਨੀ ਮੈਂ ਏਦਾਂ ਨਾ ਟੁੱਟਾਂ ,
    ਕਿ ਚਕਨਾਚੂਰ ਹੋ ਜਾਵਾਂ |
    ਜੇ ਟੁੱਟਾਂ ਵੀ ਤੇ ਜੁੜ ਜਾਵਾਂ,
    ਨਾ ਤੈਥੋਂ ਦੂਰ ਹੋ ਜਾਵਾਂ |
    ਨੀ ਮੈਂ ਏਦਾਂ ਨਾ ਟੁੱਟਾਂ ,
    ਕਿ ਚਕਨਾਚੂਰ ਹੋ ਜਾਵਾਂ |

    ਮੈਂ ਏਦਾਂ ਪੀੜ ਪੀ ਜਾਵਾਂ,
    ਕਿ ਪੀਣੀ ਛੱਡ ਦਿਆਂ ਦਾਰੂ |
    ਤੂੰ ਏਨਾਂ ਦੇ ਨਸ਼ਾ ਮੈਨੂੰ,
    ਦਿਲੋਂ ਮੈਂ ਕੱਢ ਦਿਆਂ ਦਾਰੂ |
    ਤੂੰ ਮੇਰਾ ਨੂਰ ਬਣ ਜਾਵੇਂ,
    ਮੈਂ ਤੇਰਾ ਨੂਰ ਹੋ ਜਾਵਾਂ |
    ਨੀ ਮੈਂ ਏਦਾਂ ਨਾ ਟੁੱਟਾਂ ,
    ਕਿ ਚਕਨਾਚੂਰ ਹੋ ਜਾਵਾਂ |

    ਮੈਂ ਤੇਰੇ ਦਰ ਦਾ ਕੂਕਰ ਨੀ,
    ਤੇਰੀ ਹਾਂ ਵਿੱਚ ਹੀ ਹਾਂ ਮੇਰੀ |
    ਤੇਰੀ ਧੜਕਨ ਚ ਧੜਕਾਂ ਮੈਂ,
    ਤੂੰ ਧੁੱਪ ਵੀ ਤੇ ਛਾਂ ਮੇਰੀ |
    ਓ ਪਲ ਆਵੇ ਘੜੀ ਆਵੇ,
    ਤੈਨੂੰ ਮਨਜੂਰ ਹੋ ਜਾਵਾਂ |
    ਨੀ ਮੈਂ ਏਦਾਂ ਨਾ ਟੁੱਟਾਂ ,
    ਕਿ ਚਕਨਾਚੂਰ ਹੋ ਜਾਵਾਂ |

    ਮੈਂ ਤੇਰੀ ਭੱਠ੍ਹ ਪਿਆ ਕੋਲਾ,
    ਜਿੰਨੇਂ ਸਵਾਹ ਹੀ ਹੋਣਾ ਏ |
    ਮੈਂ ਕੱਚਾ ਘੜਾ ਝਨਾ ਵਾਲਾ,
    ਜਿੰਨੇਂ ਤਬਾਹ ਹੀ ਹੋਣਾ ਏ |
    ਤੇਰੇ ਕਦਮੀਂ ਜ਼ਰਿਆਂ ਵਰਗਾ,
    ਨਾਂ ਮੈਂ ਗਰੂਰ ਹੋ ਜਾਵਾਂ |
    ਨੀ ਮੈਂ ਏਦਾਂ ਨਾ ਟੁੱਟਾਂ ,
    ਕਿ ਚਕਨਾਚੂਰ ਹੋ ਜਾਵਾਂ |

    ਮੈਂ ਲੱਭਦਾ ਹਾਂ ਆਪਣੇ ਲਈ ਰਾਹ,
    ਕਿਉਂ ਮੈਨੂੰ ਰਾਹ ਨਹੀਂ ਲੱਭਦੇ |
    ਮੈਂ ਭਾਲਾਂ ਜਿਉਣ ਲਈ ਸਾਹਵਾਂ,
    ਕਿਉਂ ਮੈਨੂੰ ਸਾਹ ਨਈਂ ਲੱਭਦੇ |
    ਤੂੰ ਮੇਰਾ ਸਕੂਨ ਬਣਜਾ ਨੀ,
    ਤੇਰਾ ਮੈਂ ਸਰੂਰ ਹੋ ਜਾਵਾਂ |
    ਨੀ ਮੈਂ ਏਦਾਂ ਨਾ ਟੁੱਟਾਂ ,
    ਕਿ ਚਕਨਾਚੂਰ ਹੋ ਜਾਵਾਂ |

    ਮੈਂ ਦੁਖ ਜਾਵਾਂ ਜਿੱਥੋਂ ਵੀ ਨੀ,
    ਮੈਨੂੰ ਬਸ ਪੀੜ ਹੀ ਹੋਵੇ |
    ਮੈਂ ਹੱਸਾਂ ਕੇਸਦੇ ਕਰਕੇ,
    ਮੇਰੀ ਅੱਖ ਹੰਝ ਭਰ ਰੋਵੇ |
    ਮੈਂ ਕਦੀ ਤੇਰਾ ਗੁੱਸਾ ਬਣ ਜਾਵਾਂ,
    ਕਦੀ ਤੇਰੀ ਘੂਰ ਹੋ ਜਾਵਾਂ |
    ਨੀ ਮੈਂ ਏਦਾਂ ਨਾ ਟੁੱਟਾਂ ,
    ਕਿ ਚਕਨਾਚੂਰ ਹੋ ਜਾਵਾਂ |

    ਦੁੱਖਭੰਜਨ ਦੇਖਦਾ ਰਹਿੰਦੈ,
    ਤੇਰੇ ਵੱਲ ਟਿਕਟਿਕੀ ਲਾ ਕੇ |
    ਨੀ ਏਨਾਂ ਭਰ ਗਿਆ ਏ ਓ,
    ਡੁੱਲਦਾ ਏ ਥਾਂ-ਥਾਂ ਤੇ ਜਾ ਕੇ |
    ਨੀ ਐਸਾ ਜ਼ਖਮ ਨਾ ਬਣ ਜਾਵਾਂ,
    ਕਿਤੇ ਨਾਸੂਰ ਹੋ ਜਾਵਾਂ |
    ਨੀ ਮੈਂ ਏਦਾਂ ਨਾ ਟੁੱਟਾਂ ,
    ਕਿ ਚਕਨਾਚੂਰ ਹੋ ਜਾਵਾਂ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!