4.2 C
United Kingdom
Saturday, March 7, 2026

More

    ਰਾਹਾਂ ਦੇ ਕਰਕੇ

    ਰਜਨੀ ਵਾਲੀਆ
    ਸਦਾ ਵਿੱਚ ਜਿਸਮ ਦੇ ਜਾਨ ਹੁੰਦੀ ਏ,
    ਸਾਹਾਂ ਦੇ ਕਰਕੇ |
    ਹਿੰਮਤੀ ਨੂੰ ਮਿਲਦੀ ਏ ਮੰਜਿ਼ਲ ਉਸਦੇ,
    ਰਾਹਾਂ ਦੇ ਕਰਕੇ |
    ਸਦਾ ਵਿੱਚ ਜਿਸਮ ਦੇ ਜਾਨ ਹੁੰਦੀ ਏ,
    ਸਾਹਾਂ ਦੇ ਕਰਕੇ |

    ਕੀਤੇ ਨਾ ਹੋਣ ਗੁਨਾਂਹ ਤੇ ਮਿਲਣ,
    ਸਜਾਵਾਂ ਭਾਰੀ ਕਿਉਂ |
    ਇਸ਼ਕੇ ਅੰਦਰ ਲਗਦੀ ਵਿੱਚ ਝਨਾ,
    ਦੇ ਤਾਰੀ ਕਿਉਂ |
    ਮਜ਼ਲੂਮ ਹੀ ਚੜਦੇ ਫਾਂਸੀ,
    ਗਲਤ ਗਵਾਹਾਂ ਦੇ ਕਰਕੇ |
    ਸਦਾ ਵਿੱਚ ਜਿਸਮ ਦੇ ਜਾਨ ਹੁੰਦੀ ਏ,
    ਸਾਹਾਂ ਦੇ ਕਰਕੇ |

    ਚੰਗੀ ਹੋਵੇ ਸੋਚ ਤਾਂ,
    ਸਭ ਕੁਝ ਹੀ ਚੰਗਾ ਲਗਦਾ ਏ |
    ਹੋਵੇ ਜੇ ਵਿਸ਼ਵਾਸ ਘਰ ਦਾ,
    ਵੀ ਜਲ ਗੰਗਾ ਲਗਦਾ ਏ |
    ਕਰਜੇ ਵਿੱਚ ਡੁੱਬ ਜਾਏ ਬੰਦਾ,
    ਬੁਰਿਆਂ ਸ਼ਾਹਾਂ ਦੇ ਕਰਕੇ |
    ਸਦਾ ਵਿੱਚ ਜਿਸਮ ਦੇ ਜਾਨ ਹੁੰਦੀ ਏ,
    ਸਾਹਾਂ ਦੇ ਕਰਕੇ |

    ਜੋ ਕਰਦਾ ਹੰਕਾਰ ਤੇ,
    ਸਮਝੇ ਨਾ ਜ਼ਜ਼ਬਾਤਾਂ ਨੂੰ |
    ਕਰੇ ਚਾਨਣ ਦੇ ਨਾਲ ਨਫਰਤ,
    ਆਪਣਾ ਆਖੇ ਰਾਤਾਂ ਨੂੰ |
    ਫਿਰ ਪਛਤਾਵੇ ਜਦ ਮਿਲਣ,
    ਸਜਾਵਾਂ ਗੁਨਾਹਾਂ ਦੇ ਕਰਕੇ |
    ਸਦਾ ਵਿੱਚ ਜਿਸਮ ਦੇ ਜਾਨ ਹੁੰਦੀ ਏ,
    ਸਾਹਾਂ ਦੇ ਕਰਕੇ |

    ਵੱਡੇ-ਵੱਡੇ ਤਾਰੂ ਵੀ,
    ਕਈ ਵਾਰੀ ਡੁੱਬ ਜਾਂਦੇ |
    ਕਈ ਵਾਰੀ ਤਾਂ ਫੁੱਲ ਵੀ,
    ਕੰਡੇ ਬਣਕੇ ਖੁਭ ਜਾਂਦੇ |
    ਤੇ ਬੇੜੀ ਡੁੱਬ ਜਾਂਦੀ,
    ਕਈ ਵਾਰ ਮਲਾਹਾਂ ਦੇ ਕਰਕੇ |
    ਸਦਾ ਵਿੱਚ ਜਿਸਮ ਦੇ ਜਾਨ ਹੁੰਦੀ ਏ,
    ਸਾਹਾਂ ਦੇ ਕਰਕੇ |

    ਕਈ ਵਾਰੀ ਤਾਂ ਖੁਦ ਦਾ ਵੀ,
    ਅਕਸ ਮਿਟਾਉਣਾ ਪੈਂਦਾ ਏ |
    ਕਈ ਵਾਰੀ ਤਾਂ ਖੁਦ ਨੂੰ,
    ਬੁੱਤ ਬਣਾਉਣਾ ਪੈਂਦਾ ਏ |
    ਖੁਦ ਨੂੰ ਘੱਟਾ ਕਰਨਾ,
    ਪਏ ਸਵਾਹਾਂ ਦੇ ਕਰਕੇ |
    ਸਦਾ ਵਿੱਚ ਜਿਸਮ ਦੇ ਜਾਨ ਹੁੰਦੀ ਏ,
    ਸਾਹਾਂ ਦੇ ਕਰਕੇ |

    ਰਜਨੀ ਮਿਹਨਤ ਕਰਦੀ,
    ਤੇ ਮੰਜਿਲ ਦਾ ਜਾਪ ਕਰੇ |
    ਨਾਮ ਕਮਾਵਣ ਖਾਤਿਰ ਉਹ,
    ਹਰ ਕੰਮ ਖੁਦ ਆਪ ਕਰੇ |
    ਸ਼ਕਤੀ ਮਿਲੇ ਅਦੁੱਤੀ,
    ਦੋ ਬਸ ਬਾਹਵਾਂ ਦੇ ਕਰਕੇ |
    ਸਦਾ ਵਿੱਚ ਜਿਸਮ ਦੇ ਜਾਨ ਹੁੰਦੀ ਏ,
    ਸਾਹਾਂ ਦੇ ਕਰਕੇ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!