ਦੋ ਮਹੀਨੇ ਬਾਦ:
ਰਾਵੀਆ ਨੇ ਕੈਸਰ ਤੋਂ ਦੂਰ ਜਾਣ ਦਾ ਫ਼ੈਸਲਾ ਕਰ ਲਿਆ ਸੀ। ਦਰਅਸਲ ਉਹਨਾ ਦੀ ਮੁਹੱਬਤ ਕਾਲਿਜ ਦੇ ਹਾਸਾ ਮਜ਼ਾਕ ਤੇ ਸਰੀਰਕ ਖਿੱਚ ਤੋਂ ਅਜੇ ਏਨਾ ਅੱਗੇ ਨਹੀਂ ਸੀ ਵਧੀ ਕਿ ਉਹ ਕਿਸੇ ਦੀ ਵੀ ਪ੍ਰਵਾਹ ਨਾ ਕਰਦੇ ਹੋਏ, ਘਰੋਂ ਨਿਕਲ ਆਪਣਾ ਘਰ ਵਸਾ ਲੈਣ। ਔਰਤ ਸਦਾ ਹੀ ਮਰਦ ਤੋਂ ਕਿਤੇ ਵੱਧ ਗੰਭੀਰ ਹੁੰਦੀ ਹੈ। ਉਹਦੇ ਲਈ ਆਪਣਾ ਆਪ ਸਮਰਪਣ ਕਰ ਦੇਣਾ ਮਾਮੂਲੀ ਗੱਲ ਨਹੀਂ ਹੁੰਦੀ। ਖ਼ੈਰ! ਉਸਦੇ ਅੱਬੂ ਸਾਹਮਣੇ ਉਸਦੀ ਇਕ ਨਾ ਚੱਲੀ। ਅੰਮੀ ਨੂੰ ਉਸਦੀ ਖਾਤਿਰ ਅੱਬੂ ਤੋਂ ਕਾਫ਼ੀ ਬੁਰਾ ਭਲਾ ਸੁਨਣਾ ਪਿਆ ਸੀ। ਵੈਸੇ ਰਾਵੀਆ ਨਾਲੋਂ ਰੁਖ਼ਸਾਨਾ ਤੋਂ ਉਹਨਾ ਦੀ ਇੱਜ਼ਤ ਨੂੰ ਜ਼ਿਆਦਾ ਖਤਰਾ ਲਗ ਰਿਹਾ ਸੀ। ਗਮ ਹਲਕਾ ਕਰਨ ਲਈ ਅੱਬੂ ਲੁਕੋ ਕਿ ਸ਼ਰਾਬ ਦਾ ਵੀ ਸਹਾਰਾ ਲਏਗਾ, ‘ਬੱਲਡੀ ਹਿਪੋਕਰੇਟ’ ਰੁਖ਼ਸਾਨਾ ਨੇ ਮਨ ਹੀ ਮਨ ਕਿਹਾ। ਉਹ ਪਾਕਿਸਤਾਨ ਬਿਲਕੁਲ ਹੀ ਨਹੀਂ ਜਾਣਾ ਚਾਹੁੰਦੀ ਸੀ, ਲੇਕਿਨ ਕੀ ਕਰਦੀ, ਆਪਣੀ ਬਾਜੀ ਨੂੰ ਇੱਕਲਿਆਂ ਵੀ ਨਹੀਂ ਸੀ ਛੱਡ ਸਕਦੀ। ਡਰ ਵੀ ਲਗ ਰਿਹਾ ਸੀ ਕਿ ਕਿਤੇ ਉਸਨੂੰ ਬਚਾਉਂਦੀ ਖ਼ੁਦ ਹੀ ਨਾ ਫ਼ਸ ਜਾਵੇ। ਬਥੇਰੇ ਕਜ਼ਿਨ ਨੇ ਪਾਕਿਸਤਾਨ ਵਿਚ, ਜੋ ਇੰਗਲੈਂਡ ਆਉਣ ਲਈ ਲਿੱਲਕੜੀਆਂ ਲੈਂਣਗੇ, ਏਨਾ ਤਾਂ ਉਸਨੂੰ ਪਤਾ ਸੀ। ਅੱਬੂ ਦੇ ਜ਼ਿਹਨ ਵਿਚ ਚੱਲ ਰਹੀ ਸਕੀਮ ਦਾ ਕਿਸੇ ਨੂੰ ਵੀ ਪਤਾ ਨਹੀਂ ਸੀ। ਇਕ ਅੱਧੀ ਵਾਰ ਅੱਬੂ ਤੇ ਅੰਮੀ ਨੂੰ ਏਹ ਕਹਿੰਦਿਆਂ ਵੀ ਸੁਣ ਚੁੱਕੀ ਸੀ – ”ਇਸਨੂੰ ਅੱਗੇ ਪੜ੍ਹਨ ਦੇਣ ਦੀ ਇਜ਼ਾਜ਼ਤ ਦੇ ਕੇ ਆਪਾਂ ਭਾਰੀ ਗਲਤੀ ਕਰ ਲਈ ਏ… ਬਹੁਤ ਸਵਾਲ ਕਰਨ ਲਗੀ ਏ… ਕੋਈ ਅੱਛਾ ਪਾਕਿਸਤਾਨੀ ਲੜਕਾ ਦੇਖ ਇਸਦਾ ਫ਼ਾਹਾ ਵੱਢ ਦੇਣ ਵਿਚ ਈ ਬੇਹਤਰੀ ਏ… ਕਪੜੇ ਸਹੀ ਨਹੀਂ ਪਾਉਂਦੀ… ਇਸਦੇ ਦੋਸਤ ਇੰਗਲਿਸ਼ ਨੇ, ਏਹ ਇੰਗਲਿਸ਼ ਲੋਕਾਂ ਨੂੰ ਕੋਈ ਸੰਗ ਸ਼ਰਮ ਤਾਂ ਹੁੰਦੀ ਨਹੀਂ, …ਵਗੈਰਾ ਵਗੈਰਾ।”
ਸਾਨਾ ਦੇ ਜ਼ਿਹਨ ਵਿਚ ਸਵਾਲ ਜਵਾਬ ਦਾ ਸਿਲਸਿਲਾ ਚੱਲਦਾ ਰਹਿੰਦਾ; ਕਿੰਨੇ ਘਟੀਆਂ ਵਿਚਾਰ ਪਾਲ ਰੱਖੇ ਨੇ ਉਸਦੇ ਅੱਬੂ ਨੇ – ਚੌਵੀ ਘੰਟੇ ਅਲਾਹ ਦੀ ਰਹਿਮਤ ਦੀਆਂ ਗੱਲਾਂ ਕਰਨ ਵਾਲਿਆਂ ਦੇ ਮਨਾਂ ਵਿਚ ਏਨੀ ਨਫ਼ਰਤ ਕਿਉਂ ਹੈ? ਕੀ ਸਾਰੇ ਬੰਦੇ ਅਲਾਹ ਦੇ ਨਹੀਂ ਹੁੰਦੇ? ਏਹ ਮਜ਼ਹਬ ਦੀਨ ਧਰਮ ਸਭ ਸਾਡਾ ਹੀ ਤਾਂ ਬਣਾਇਆ ਹੋਇਐ। ਪਰ ਮੇਰੀ ਗਰੀਬੜੀ ਦੀ ਕੌਣ ਸੁਣਦਾ। ਉਹਨਾ ਦੇ ਦਿਮਾਗ਼ ਵਿਚ ਤਾਂ ਮੇਰੇ ਤੇ ਵੈਸਟਰਨ ਪ੍ਰਭਾਵ ਮੈਨੂੰ ਵਿਗਾੜ ਰਿਹਾ ਹੈ ਤੇ ਫ਼ਿਰ ਉਸਦੇ ਮਨ ਵਿਚ ਹਿਰਖ਼ ਪੈਦਾ ਹੁੰਦਾ ਤੇ ਉਹ ਫਲਕ ਨੂੰ ਸੁਣਾ ਸੁਣਾ ਆਖਦੀ, ‘ਅੱਛਾ ਸੀ ਕਿ ਸਾਨੂੰ ਕਿਸੇ ਬੰਦ ਤਹਿਖ਼ਾਨੇ ਵਿਚ ਪਾਲਦੇ ਤਾਂ ਜੋ ਬਾਹਰਲੀ ਹਵਾ ਈ ਨਾ ਲਗਦੀ।’ ਸੋਚ ਸੋਚ ਦਮ ਘੁੱਟਦਾ ਸੀ ਉਸਦਾ। ਉਸਦੀ ਸੋਚ ਸ਼ਾਇਦ ਸਭ ਤੋਂ ਵੱਖਰੀ ਸੀ।
*
ਕਾਹਲੀ ਨਾਲ ਪਾਕਿਸਤਾਨ ਜਾਣ ਦਾ ਪ੍ਰੋਗਰਾਮ ਤੈਅ ਕਰ ਲਿਆ ਗਿਆ ਤੇ ਰਾਵੀਆ ਤੇ ਖਾਸ ਕਰ ਰੁਖ਼ਸਾਨਾ ਨੂੰ ਓਥੇ ਜਾਕੇ ਕੋਈ ਡਾਰਮਾ ਨਾ ਕਰਨ ਦੀ ਤਾਕੀਦ ਵੀ ਕਰ ਦਿੱਤੀ ਗਈ। ‘ਤੇਰੇ ਅੱਬੂ ਤੈਨੂੰ ਫ਼ਾਹੇ ਲਾ ਦੇਣਗੇ ਜੇ ਉਨਾਂ ਸਾਹਮਣੇ ਬੋਲ਼ੀ,’ ਅੰਮੀ ਦੇ ਇਹ ਸਖ਼ਤ ਅਲਫ਼ਾਜ਼ ਉਸਦੇ ਜ਼ਿਹਨ ਵਿਚ ਹਥੌੜੇ ਦੀ ਤਰਾਂ ਵੱਜੇ ਸਨ ਤੇ ਉਸਨੇ ਵਕਤੀ ਤੌਰ ਤੇ ਅਸਿਹ ਪੀੜ ਲੈ ਕੇ ਅੱਧਮਰੀ ਜਿਹੀ ‘ਹਾਂ’ ਵਿਚ ‘ਹਾਂ’ ਮਿਲਾ ਦਿੱਤੀ ਸੀ। ”ਤੈਂ ਫਸ ਜਾਣਾ ਏਂ” ਇਕ ਅਵਾਜ਼ ਉਸਦੇ ਜ਼ਿਹਨ ਵਿਚ ਅਕਸਰ ਗੂੰਜਦੀ। ਐਸੀਆਂ ਅਵਾਜ਼ਾਂ ਕੰਨ ਨਹੀਂ ਸੁਣਦੇ ਹੁੰਦੇ, ਉਹਨਾ ਦਾ ਸ਼ੋਰ ਜ਼ਿਹਨ ਨੇ ਝੇਲਣਾ ਹੁੰਦਾ।
ਸਾਨਾ ਦਾ ਸਾਰਾ ਪਰਿਵਾਰ ਚਾਰ ਹਫ਼ਤੇ ਦੀ ਛੁੱਟੀ ਲੈ ਕੇ ਲਾਹੌਰ ਪਹੁੰਚ ਗਏ ਸਨ। ਅੱਬੂ ਦੇ ਵੱਡੇ ਬਾਜੀ ਰੇਹਾਨਾ ਬੇਗਮ ਆਪਣੇ ਮੀਆਂ ਦੇ ਫ਼ੌਤ ਹੋ ਜਾਣ ਬਾਦ ਪੇਕੇ ਵਾਪਿਸ ਆ, ਆਪਣੇ ਜੱਦੀ ਪੁਸ਼ਤੀ ਘਰ ਵਿਚ ਰਹਿੰਦੇ ਸਨ। ਸਾਨਾ ਹੋਰਾਂ ਨੇ ਸਾਰੀਆਂ ਛੁੱਟੀਆਂ ਏਥੇ ਹੀ ਰਹਿਣਾ ਸੀ।
ਏਅਰਪੋਰਟ ਤੋਂ ਘਰ ਤੱਕ ਦਾ ਸਫ਼ਰ ਜਿਹੜਾ ਅੱਧੇ ਘੰਟੇ ਤੋਂ ਜ਼ਿਆਦਾ ਨਹੀਂ ਸੀ, ਨੂੰ ਅੱਜ ਘੰਟੇ ਤੋਂ ਵੀ ਵੱਧ ਲੱਗ ਗਿਆ। ਏਹਨਾ ਲੋਕਾਂ ਵਿਚ ਬੇਤਰਤੀਬੀ ਕਦ ਜਾਏਗੀ, ਰੁਖ਼ਸਾਨਾ ਸੋਚਦੀ। ਹਰ ਕੋਈ ਅੱਗੇ ਲੰਘਣਾ ਚਾਹ ਰਿਹਾ ਏ।ਜ਼ਿੰਦਗੀ ਦੀ ਦੌੜ ਦਾ ਵੀ ਤਾਂ ਏਹੀ ਹਾਲ ਹੈ। ਅਗਲੇ ਦਿਨ ਬ੍ਰੇਕਫ਼ਾਸਟ ਤੋ ਬਾਦ ਉਸਨੇ ਰਾਵੀਆ ਦੀ ਸ਼ਾਦੀ ਦੀ ਬਾਤ ਛੇੜੀ।
‘ਅੰਮੀ, ਜਿਹਦੇ ਨਾਲ ਬਾਜੀ ਦੀ ਸ਼ਾਦੀ ਹੋਣੀ ਏਂ, ਕਮ ਸੇ ਕਮ ਉਸਨੂੰ ਮਿਲਾ ਤਾਂ ਦੇਣਾ ਚਾਹੀਦਾ… ਦੇਖ ਤਾਂ ਲਵੇ ਕਿ ਸਾਬਤ ਸਬੂਤ ਵੀ ਹੈ,’ ਰੁਖ਼ਸਾਨਾ ਨੇ ਗੱਲ ਨੂੰ ਹੱਲਕਾ ਫ਼ੁੱਲਕਾ ਰਖਦਿਆਂ ਕਿਹਾ।
‘ਕਿਸੇ ਲੰਗੇ ਲੂਲੇ ਨਾਲ ਨਹੀਂ ਕਰਨ ਲਗੇ, ਰਾਵੀਆ ਅਸਾਂ ਦੀ ਬੇਟੀ ਏ, ਦੁਸ਼ਮਨ ਨਈਂ… ਨਾਲੇ ਤੂੰ ਐਵੇਂ ਨਾ ਹਰ ਬਾਤ ‘ਚ ਟੰਗ ਅੜਾਇਆ ਕਰ, ਤੇਰੇ ਅੱਬੂ ਨੇ ਸੁਣ ਲਿਆ ਤਾਂ ਐਵੇਂ ਹੋਰ ਖ਼ਫ਼ਾ ਹੋਣਗੇ,’ ਅੰਮੀ ਨੇ ਕਿਹਾ।
‘ਤੂੰ ਕਿਉਂ ਉਸਤੇ ਖ਼ਫ਼ਾ ਹੁੰਨੀਏਂ, ਰੁਖ਼ਸਾਨਾ ਨੇ ਠੀਕ ਈ ਤਾਂ ਕਿਹਾ,’ ਉਸਦੀ ਬੜੀ ਖ਼ਾਲਾ, ਰੇਹਾਨਾ ਬੇਗ਼ਮ ਨੇ ਉਸਦਾ ਪੱਖ ਪੂਰਦਿਆਂ ਕਿਹਾ। ‘ਜ਼ਰੂਰ ਮਿਲ ਲੈਣਾ ਚਾਹੀਦੈ’।
‘ਠੀਕ ਏ ਜਿਵੇਂ ਤੁਸੀਂ ਮੁਨਾਸਿਬ ਸਮਝੋ… ਫ਼ਿਰ ਵੀ ਥੋੜਾ ਕਮ ਦਖ਼ਲ ਦਿਆ ਕਰੇ, ਵੱਡਿਆਂ ਦੀਆਂ ਗੱਲਾਂ ਵਿਚ,’ ਅੰਮੀ ਨੇ ਪਾਨ ਚਬਾਉਂਦਿਆਂ ਕਿਹਾ।
‘ਮੇਰੀ ਬਾਜੀ ਦੀ ਜ਼ਿੰਦਗੀ ਦਾ ਸਵਾਲ ਏ, ਅੰਮੀ… ਏਨਾ ਤਾਂ ਉਸਦਾ ਹੱਕ ਬਣਦਾ ਈ ਏ… ਮੈਂ ਗਲਤ ਕੀ ਕਿਹਾ? ਨਾ ਤਾਂ ਤੁਸੀਂ ਸੁਣਦੇ ਓ… ਤੇ ਅੱਬਾ ਦੀ ਬਾਤ ਈ ਛੋੜੋ… ਇੰਝ ਟਰੀਟ ਕਰਦੇ ਨੇ, ਜਿਵੇਂ ਅਸੀ ਉਹਨਾ ਦੀ ਔਲਾਦ ਈ ਨਾ ਹੋਈਏ,’ ਰੁਖ਼ਸਾਨਾ ਨੇ ਕਿਹਾ।
*
ਦੋ ਦਿਨਾਂ ਬਾਦ ਰਾਵੀਆ ਨੂੰ ਆਪਣੇ ਹੋਣ ਵਾਲੇ ਸ਼ੌਹਰ ਨੂੰ ਦੇਖਣ ਦਾ ਮੌਕਾ ਮਿਲ ਗਿਆ ਸੀ। ਉਹਨਾ ਦੋਹਾਂ ਵਿਚ ਕੁਝ ਵੀ ਕੌਮਨ ਨਹੀਂ ਸੀ ਤੇ ਉਸਨੂੰ ਉਹ ਬਿਲਕੁਲ ਹੀ ਪਸੰਦ ਨਹੀਂ ਸੀ ਆਇਆ।ਪਹਿਲੀ ਮੁਲਾਕਾਤ ਤੇ ਜ਼ਿਆਦਾਤਰ ਮਜ਼ਹਬ ਤੇ ਪਰਦੇ, ਨਾਕਾਬ ਬਾਰੇ ਬਾਤਚੀਤ ਹੋਈ। ‘ਮੈਂ ਉਸ ਨਾਲ ਸ਼ਾਦੀ ਨਹੀਂ ਕਰਾਣੀ’ ਆਖ ਬਹੁਤ ਰੋਈ ਸੀ ਓਹ। ਸਾਰਿਆਂ ਵਿਚੋਂ ਬਸ ਖ਼ਾਲਾ ਈ ਸੀ ਜੋ ਬਾਜੀ ਦੇ ਦਿਲ ਨੂੰ ਸਮਝ ਸਕੀ ਸੀ। ਖ਼ਾਲਾ ਦਾ ਕਿਹਾ, ਘਰ ਵਿਚ ਸਾਰੇ ਮੰਨਦੇ ਸਨ।
‘ਅਗਰ ਰਾਵੀਆ ਉਸ ਲੜਕੇ ਨੂੰ ਪਸੰਦ ਨਹੀਂ ਕਰਦੀ ਤਾਂ ਠੀਕ ਏ, ਜਬਰਦਸਤੀ ਮੈਨੂੰ ਬਿਲਕੁਲ ਪਸੰਦ ਨਹੀਂ… ਹੋਰ ਲੜਕੇ ਦਿਖ਼ਾ ਦਿਆਂਗੇ,’ ਖ਼ਾਲਾ ਨੇ ਅੰਮੀ ਤੇ ਅੱਬੂ ਨੂੰ ਕਿਹਾ।
‘ਹਾਂ, ਲੇਕਿਨ… ਰੇਹਾਨਾ ਬਾਜੀ…? ਅੱਬੂ ਨੇ ਸਵਾਲੀਆ ਨਿਸ਼ਾਨ ਤੇ ਗੱਲ ਛੱਡ ਦਿਤੀ ਤੇ ਵਿਚੋਂ ਈ ਅੰਮੀ ਬੋਲ ਪਈ।
‘ਲੇਕਿਨ ਬਾਜੀ, ਆਪਾਂ ਉਹਨਾ ਨੂੰ ਕੀ ਜਵਾਬ ਦਿਆਂਗੇ…?’ ਫ਼ਿਕਰਮੰਦ ਚੇਹਰਾ ਬਣਾ, ਅੰਮੀ ਨੇ ਖ਼ਾਲਾ ਵਲ ਦੇਖਦਿਆਂ ਪੁੱਛਿਆ।
‘ਬਈ ਗੱਲ ਤਾਂ ਸਿੱਧੀ ਏ, ਆਪਾਂ ਕਿਹੜਾ ਰਿਸ਼ਤਾ ਤੈਅ ਕੀਤਾ ਸੀ, ਏਹੀ ਕਿਹਾ ਸੀ ਨਾ ਕਿ ਤੁਹਾਡੇ ਲੜਕੇ ਨੂੰ ਪਹਿਲ ਦਿਆਂਗੇ… ਜੇ ਲੜਕਾ ਰਾਵੀਆ ਨੂੰ ਨਹੀਂ ਫੱਬਿਆ ਤਾਂ ਫ਼ਿਰ ਕੀ ਕਰ ਸਕਦੇ ਆਂ ਅਸੀਂ… ਏਨੀ ਸੁਨੱਖੀ ਬੇਟੀ ਨੂੰ ਲੜਕਿਆਂ ਦੀ ਕਮੀ ਥੋੜੀ ਏ? ਤੁਸੀਂ ਦੋਵੇਂ ਬਿਲਕੁਲ ਫ਼ਿਕਰ ਨਾ ਕਰੋ, ਮੈਂ ਖ਼ੁਦ ਦੇਖ ਲਵਾਂਗੀ,’ ਖਾਲਾ ਨੇ ਬੜੇ ਇਤਮਿਨਾਨ ਨਾਲ ਪਾਨ ਥੁੱਕਦਿਆਂ ਕਿਹਾ।
ਕਿੰਨਾ ਅਜੀਬ ਸੀ ਏਹ ਸਭ ਕੁਛ, ਉਹ ਸੋਚਦੀ। ਰਾਤ ਕਾਫ਼ੀ ਹੋ ਗਈ ਸੀ ਤੇ ਸਾਰੇ ਆਪੋ ਆਪਣੇ ਕਮਰਿਆਂ ਵਿਚ ਚਲੇ ਗਏ। ਉਸ, ਰਾਵੀਆ ਬਾਜੀ ਤੇ ਉਸਦੀ ਹਮ ਉਮਰ, ਖ਼ਾਲਾ ਦੀ ਬੜੀ ਬੇਟੀ ‘ਸਾਰਾ’ ਜਿਸਦੇ ਲਈ ਲੜਕੇ ਦੀ ਤਾਲਾਸ਼ ਜਾਰੀ ਸੀ, ਨੇ ਇਕੋ ਕਮਰੇ ਵਿਚ ਸੌਣਾ ਸੀ।ਉਹਨਾ ਤਿੰਨਾ ਵਿਚੋਂ ਸਾਰਾ ਜ਼ਿਆਦਾ ਖ਼ੁਬਸੂਰਤ ਸੀ ਤੇ ਬੀਏ ਪਾਸ ਵੀ, ਫ਼ਿਰ ਉਸ ਲਈ ਲੜਕਿਆਂ ਦੀਆਂ ਲਾਈਨਾ ਕਿਉਂ ਨਹੀਂ ਸਨ ਲੱਗ ਰਹੀਆਂ? ਜਵਾਬ – ਉਸਦੇ ਪਾਸ ਉਨਾਬੀ ਰੰਗ ਦਾ ਬ੍ਰਿਟਿਸ਼ ਪਾਸਪੋਰਟ ਜੋ ਨਹੀਂ ਸੀ।
‘ਇਕ ਗੱਲ ਕਹਾਂ, ਸਾਡੀ ਜਨਰੇਸ਼ਨ ਤੇ ਸਾਡੇ ਪੇਰੈਂਟਸ ਵਿਚ ਇਕ ਬੇਯਕੀਨੀ ਜਿਹੀ ਦੀ ਦੀਵਾਰ ਖਿੱਚੀ ਹੋਈ ਏ,’ ਰੁਖ਼ਸਾਨਾ ਨੇ ਕਿਹਾ।
‘ਓਹ ਕਿਵੇਂ, ਕੈਸੀ ਦੀਵਾਰ?’ ਰਾਵੀਆ ਨੇ ਪੁੱਛਿਆ।
‘ਓਹ ਏਵੇਂ ਕਿ ਅੱਬੂ ਅੰਮੀ ਇਕ ਪਾਸੇ ਤੇ ਅਸੀਂ ਇਕ ਪਾਸੇ… ਅਸੀਂ ਭਾਵੇਂ ਉਹਨਾ ਤੇ ਯਕੀਨ ਕਰਦੇ ਹੋਈਏ ਉਹ ਸਾਡੇ ਤੇ ਯਕੀਨ ਬਿਲਕੁਲ ਨਹੀਂ ਕਰਦੇ’ ਉਸ ਕਿਹਾ।
‘ਪਹੇਲੀਆਂ ਕੀ ਬੁਝਾਈ ਜਾਨੀ ਏਂ… ਕੀ ਮਤਲਬ ਤੇਰਾ… ਵੱਟ ਯੂ ਮੀਨ?’ ਰਾਵੀਆ ਨੇ ਕਿਹਾ।
‘ਯਾਦ ਐ, ਅੱਬੂ ਨੇ ਕਿਹਾ ਕਿ ਤੇਰਾ ਰਿਸ਼ਤਾ ਤੈਅ ਕਰ ਚੁੱਕੇ ਨੇ, ਬਸ ਜੋ ਉਹਨਾ ਕਹਿ ਲਿਆ, ਸੋ ਕਹਿ ਲਿਆ।ਓਹ ਰਿਸ਼ਤਾ ਨਹੀਂ ਤੋੜ ਸਕਦੇ ਤੇ ਹੁਣ ਸੱਚ ਸਾਹਮਣੇ ਆ ਈ ਗਿਆ ਨਾ। ਕੋਈ ਰਿਸ਼ਤਾ-ਵਿਸ਼ਤਾ ਤਹਿ ਨਹੀਂ ਸੀ ਹੋਇਆ, ਬਸ ਬਾਤ ਚਲਾਈ ਸੀ ਤੇ ਖ਼ਾਲਾ ਜਾਨ ਨੇ ਕੀ ਕਿਹਾ, ਹੋਰ ਲੜਕੇ ਦਿਖਾ ਦੇਨੇ ਆਂ… ਠੀਕ ਨਾ?’
‘ਹਾਂ ਬਾਤ ਤਾਂ ਤੇਰੀ ਠੀਕ ਏ ਲੇਕਿਨ ਦੀਵਾਰ…? ਰਾਵੀਆ ਨੇ ਕਿਹਾ।
‘ਹਾਂ ਦੀਵਾਰ ਤਾਂ ਹੈ ਏਹ, ਦੇ ਡੌਂਟ ਟਰੱਸਟ ਅੱਸ… ਝੂਠ ਬੋਲਦੇ ਨੇ ਆਪਣੀ ਔਲਾਦ ਨਾਲ, ਬੱਸ ਆਪਣੀ ਜ਼ਿੱਦ ਮੰਨਵਾਵਣ ਲਈ,’ ਰੁਖ਼ਸਾਨਾ ਨੇ ਕਿਹਾ… ‘ਤੇ ਕੈਸਰ ‘ਚ ਕੀ ਕਮੀ ਸੀ… ਦੱਸੀਂ?’ ਉਸਦੇ ਮੂੰਹੋਂ ਨਿਕਲ ਗਿਆ।
‘ਕੈਸਰ ਕੌਣ?’ ਸਾਰਾ ਨੇ ਪੁੱਛਿਆ।
‘ਕੋਈ ਨਹੀਂ… ਹੁਣ ਕੀ ਫ਼ਰਕ ਪੈਂਦੈ,’ ਰਾਵੀਆ ਨੇ ਕਿਹਾ।
‘ਫ਼ਰਕ ਤਾਂ ਬਹੁਤ ਪੈਂਦਾ ਜੇ ਮੰਨੋ ਤਾਂ,’ ਕਹਿ ਰੁਖ਼ਸਾਨਾ ਨੇ ‘ਸਾਰਾ’ ਨੂੰ ਸਾਰਾ ਕਿੱਸਾ ਕਹਿ ਸੁਣਾਇਆ।
‘ਤੂ ਹੀ ਦੱਸ ਸਾਰਾ! ਮੁਹੱਬਤ ਕਰਨਾ ਗੁਨਾਹ ਏ? ਪੀਰ ਪੈਗੰਬਰਾਂ ਤੱਕ ਨੇ ਕੀਤੀ ਏ ਤਾਂ ਆਮ ਮਖ਼ਲੂਕ ਲਈ ਗੁਨਾਹ ਕਿਵੇਂ ਹੋ ਗਿਆ…? ਆਈ ਡੌਂਟ ਅੰਡਰਸਟੈਂਡ,’ ਰਾਵੀਆ ਨੇ ਕੈਸਰ ਨਾਲ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਕਿਹਾ।
‘ਚੱਲੋ ਐਸ ਮੁਲਕ ਵਿਚ ਤਾਂ ਹੋਇਆ ਪਰ ਤੁਸੀਂ ਤਾਂ ਵੈਸਟ ਵਿਚ ਰਹਿੰਦੇ ਓ, ਓਥੇ ਤਾਂ ਅਜ਼ਾਦੀ ਏ, ਆਪਣਾ ਲਾਈਫ਼ ਪਾਰਟਰ ਚੁਨਣ ਦੀ… ਮੈਂ ਤਾਂ ਐਸਾ ਈ ਸੁਣਿਆਂ ਤੇ ਨਾਲੇ ਤੁਸੀਂ ਤਾਂ ਵੈਲ ਐਜੂਕੇਟਡ ਵੀ ਹੋ… ਫ਼ਿਰ ਕਿਉਂ?’ ਸਾਰਾ ਨੇ ਹੈਰਾਨੀ ਦਿਖਾਉਂਦਿਆਂ ਕਿਹਾ।
‘ਏਹੀ ਤਾਂ ਪਰੌਬਲਮ ਏ, ਅਸੀਂ ਪਾਕਿਸਤਾਨ ਨੂੰ ਪਿੱਛੇ ਛੱਡ ਕੇ ਨਹੀਂ ਆਉਂਦੇ, ਓਥੇ ਵੀ ਨਾਲ ਈ ਉਠਾਈ ਫਿਰਦੇ ਆਂ… ਔਰਤ ਬੁੱਰਕੇ ‘ਚ ਰਹੇ, ਪੜ੍ਹ ਲਿਖ਼ ਕੇ ਵੀ ਬੱਚੇ ਪੈਦਾ ਕਰਨ ਦੀ ਮਸ਼ੀਨ ਬਣੀ ਰਹੇ ਤੇ ਖਾਣਾ ਤਿਆਰ ਕਰਨ ਵਾਲਾ ਖ਼ਾਨਸਾਮਾ। ਅੰਮੀ ਨੇ ਸਾਰੀ ਉਮਰ ਏਹੀ ਕੀਤਾ?’ ਰੁਖ਼ਸਾਨਾ ਨੇ ਹਿਰਖ਼ ਨਾਲ ਕਿਹਾ।
‘ਕੀ ਕੀਤਾ ਮਤਲਬ…? ਸਾਰਾ ਨੇ ਪੁੱਛਿਆ।
‘ਘਰ ਬੈਠ ਸਿਲਾਈ ਦਾ ਕੰਮ ਕੀਤਾ, ਰੋਟੀਆਂ ਬਣਾਈਆਂ ਤੇ ਬੱਚੇ ਪੈਦਾ ਕੀਤੇ ਨੇ … ਹੋਰ ਕੀ?’ ਉਸ ਡੂੰਘੀ ਸੋਚ ਵਿਚ ਡੁੱਬਦਿਆਂ ਕਿਹਾ। ਵਾਕਈ ਕੀ ਲਾਈਫ਼ ਹੈ ਉਸਦੀ, ਸੇਨਜ਼ਬਰੀ ਜਾਂ ਟੈਸਕੋ ਦੀ ਸ਼ੌਪਿੰਗ ਤੋਂ ਸਿਵਾ ਹੋਰ ਕਦੇ ਬਾਹਰ ਨਿਕਲ ਦੇਖਿਆ ਈ ਨਹੀਂ। ਹਾਂ ਸੱਚ ਇਕ ਹੋਰ, ਕਰਾਚੀ ਵਾਲਿਆਂ ਦੀ ਖੁੱਲੇ ਕਪੜੇ ਦੀ ਦੁਕਾਨ ਤੇ ਜ਼ਰੂਰ ਗਈ ਏ ਕਦੇ ਕਦੇ।’
‘ਵੈਸੇ ਤਾਂ ਏਹ ਸਹੀ ਕਹਿ ਰਹੀ ਏ, ਬਾਹਰ ਨਿਕਲ ਦੇਖਿਆ ਈ ਨ੍ਹੀਂ। ਲੇਕਿਨ ਏਹਨਾ ਗੱਲਾਂ ਦਾ ਹੁਣ ਫ਼ਾਇਦਾ ਕੀ… ਉਸ ਆਪਣੀ ਜ਼ਿੰਦਗੀ ਇਵੇਂ ਗੁਜ਼ਾਰ ਕੇ ਖੁਸ਼ ਏ,’ ਰਾਵੀਆ ਨੇ ਹਉਕਾ ਭਰਦਿਆਂ ਕਿਹਾ।
‘ਇਕ ਹੋਰ ਕਿੱਸਾ ਸੁਣ! ਬੜੀ ਹੱਸਣ ਵਾਲੀ ਬਾਤ ਏ ਤੇ ਰੋਣ ਵਾਲੀ ਵੀ,’ ਰੁਖ਼ਸਾਨਾ ਨੇ ਸਾਰਾ ਨੂੰ ਮੁਖਾਤਿਬ ਹੋ ਕਿਹਾ।
‘ਓਹ ਕੀ…?’ ਸਾਰਾ ਨੇ ਪੁੱਛਿਆ।
‘ਸਾਡੇ ਘਰ ਇਕ ਔਰਤ ਆਪਣੀ ਵੈਨ ਵਿਚ ਲੇਡੀਜ਼ ਦੇ ਸਕ੍ਰਿਟਜ਼ ਵਗੈਰਾ ਦਾ ਕੰਮ ਸੀਣ ਦੇਣ ਆਉਂਦੀ ਹੁੰਦੀ ਸੀ। ਪਹਿਲਾਂ ਉਹ ਖ਼ੁਦ ਹੀ ਡਲਿਵਰ ਕਰਦੀ ਸੀ ਤੇ ਫ਼ਿਰ ਉੇਹ ਪਰੈਗਨੈਂਟ ਹੋ ਗਈ ਤੇ ਉਸਦਾ ਹਸਬੈਂਡ ਆਉਣ ਲਗ ਪਿਆ। ਅੱਬੂ ਨੂੰ ਪਤਾ ਲੱਗਾ, ਬਸ ਫ਼ਿਰ ਕੀ ਸੀ, ਅਸਮਾਨ ਸਿਰ ਤੇ ਚੁੱਕ ਲਿਆ – ਕੋਈ ਬਾਹਰੋਂ ਮਰਦ ਕੀਕਣ ਸਾਡੀ ਸਰਦਲ ਲੰਘ ਗਿਆ, ਅੱਬੂ ਦੇ ਭਰ ਗੁੱਸੇ ਦੇ ਡਾਇਲਾਗ ਸਨ।’
‘ਤੇ ਫ਼ਿਰ ਕੰਮ ਛੱਡ ਦਿਤਾ?’ ਸਾਰਾ ਨੇ ਪੁੱਛਿਆ।
‘ਸੁਣ ਨਾ… ਹਾਂ ਜੀ, ਕੰਮ ਛੱਡ ਬੈਠੇ… ਹੋਰ ਕਿਤਿਉਂ ਲੇਡੀ ਡਰਾਈਵਰ ਡਲਿਵਰੀ ਕਰਦੀ ਨਾ ਮਿਲੇ… ਜਵਾਬ ਤਾਂ ਦੇ ਬੈਠਾ, ਫ਼ਿਰ ਅੱਬੂ ਨੂੰ ਪਤਾ ਨਾ ਲੱਗੇ ਕਿ ਕੀ ਕਰੇ… ਕੰਮ ਬਗੈਰ ਕਿਵੇਂ ਸਰੂ, ਦੋ ਮਹੀਨੇ ਗੁਜ਼ਰ ਗਏ… ਆਮਦਨ ਘਟੀ। ਫ਼ਿਰ ਭਾਈ ਵਾਪਸ ਉਹਨਾ ਇੰਡੀਅਨ ਪਾਸ ਗਏ ਤੇ ਹੁਣ ਓਹ ਨਾ ਮੰਨਣ… ਮਿੰਨਤਾਂ ਕੀਤੀਆਂ। ਹਾਂ ਲੇਕਿਨ ਉਸਤੋਂ ਬਾਦ ਕਦੇ ਕੁਛ ਨਹੀਂ ਕਿਹਾ… ਹਿਪੋਕਰੇਸੀ ਏ, ਹੋਰ ਕੁਝ ਵੀ ਨਹੀਂ।’
‘ਹੁਣ ਏਨਾ ਬਾਤਾਂ ਦਾ ਕੀ ਫ਼ਾਇਦਾ… ਕਿਸੇ ਨੇ ਨਹੀਂ ਮੰਨਣਾ, ਜੋ ਹੋ ਰਿਹਾ ਠੀਕ ਈ ਏ, ਅੱਲਾਹ ਨੂੰ ਜੋ ਮੰਨਜ਼ੁਰ,’ ਰਾਵੀਆ ਨੇ ਕਿਹਾ।
‘ਹਾਂ, ਜਦੋਂ ਹੋਰ ਕੋਈ ਚਾਰਾ ਨਾ ਚੱਲੇ ਤਾਂ ਅਲਾਹ ਨੂੰ ਵਿਚ ਲੈ ਆਉਂਦੇ ਆਂ ਅਸੀਂ… ਤੇ ਕੈਸਰ…?’ ਸਾਰਾ ਨੇ ਕਿਹਾ।
‘ਓਹ ਵੀ ਤਾਂ ਮਰਦ ਈ ਸੀ, ਏਨੇ ਪੱਕੇ ਨਹੀਂ ਹੁੰਦੇ ਮਰਦ, ਔਰਤ ਬਹੁਤ ਕੁਛ ਕਰ ਸਕਦੀ ਏ, ਮਰਦ ਨਹੀਂ,’ ਬਾਜੀ ਦੇ ਬੋਲਾਂ ਵਿਚ ਕੁੱਰਖ਼ਤੀ ਸੀ।
‘ਮਸਲਨ?’ ਸਾਰਾ ਨੇ ਪੁੱਛਿਆ।
‘ਮਸਲਨ, ਬਾਜੀ ਨੇ ਕਿਹਾ ਸੀ, ਚੱਲ ਸਭ ਛੱਡ, ਚਲੀਏ! ਲੇਕਿਨ ਓਹ ਹੂੰਅ ਹਾਂਅ ਈ ਕਰਦਾ ਰਿਹਾ,’ ਰੁਖ਼ਸਾਨਾ ਨੇ ਕਿਹਾ।
‘ਓਹ ਸੋਹਣੀ ਈ ਸੀ ਜੋ ਕੱਚਾ ਲੈ ਕੇ ਠਿੱਲ ਪਈ, ਮਰਦ ਹੁੰਦਾ ਤਾਂ ਪਹਿਲਾਂ ਚੈਕ ਕਰਵਾ ਕੇ ਸਰਟੀਫ਼ੀਕੇਟ ਲੈਂਦਾ ਕਿ ਡੁੱਬੇ ਨਾ… ਸਾਲੇ ਮਰਦ!’ ਸਾਰਾ ਨੇ ਕਿਹਾ ਤੇ ਉਹਨਾ ਦਾ ਹਾਸਾ ਨਿਕਲ ਗਿਆ।
ਗੱਲਾਂ ਕਰਦਿਆਂ ਰਾਤ ਦੇ ਬਾਰਾਂ ਵੱਜਣ ਨੂੰ ਸਨ। ਕੱਲ ਨੂੰ ਰਾਵੀਆ ਦਾ ਦੇਖ ਦਿਖੱਈਆ ਵੀ ਸ਼ੁਰੂ ਹੋਣਾ ਸੀ।