6.9 C
United Kingdom
Sunday, April 20, 2025

More

    ਪਰਾਲੀ

    ਧੀਰਜ ਵਾਲੀਆ
    ਓ ਕਿਸਾਨੋ ਨਾ ਜਲਾਓ ਪਰਾਲੀ,
    ਕੁਦਰਤ ਨੇ ਬਖ਼ਸ਼ੀ ਹਰ ਚੀਜ ਨਿਰਾਲੀ |
    ਓ ਕਿਸਾਨੋ ਨਾ ਜਲਾਓ ਪਰਾਲੀ,

    ਅੰਨਦਾਤਾ ਤੂੰ ਕਹਾਉਂਨਾ ਏ,
    ਅੱਗ ਧਰਤੀ ਦੇ ਸੀਨੇ ਲਾਉਨਾ ਏ,
    ਜਿੱਥੋਂ ਕਮਾਵੇਂ ਉੱਥੇ ਅੱਗ ਲਾਵੇ,
    ਕੀਮਤ ਚੁਕਾਉਣੀ ਫਿਰ ਪਊ ਬਾਹਲੀ |
    ਓ ਕਿਸਾਨੋ ਨਾ ਜਲਾਓ ਪਰਾਲੀ,

    ਕਰ-ਕਰ ਮਿਹਨਤ ਫਸਲ ਉਗਾਵੇਂ,
    ਏਨੂੰ ਬੱਚਿਆਂ ਵਾਂਗੂ ਲਾਡ ਲਡਾਵੇਂ,
    ਖਾਦਾਂ ਖਰਚੇ ਕਰੇਂ ਬਥੇਰੇ,
    ਧਰਤ ਚ ਉੱਗੇ ਹਰ ਸ਼ੈਅ ਨਿਰਾਲੀ |
    ਓ ਕਿਸਾਨੋ ਨਾ ਜਲਾਓ ਪਰਾਲੀ,

    ਪਰਾਲੀ ਕਤਰੇ ਕਰਕੇ ਖੇਤ ਚ ਵਾਹ ਲੈ,
    ਜਮੀਨ ਦੀ ਸ਼ਕਤੀ ਥੋੜੀ ਹੋਰ ਵਧਾ ਲੈ,
    ਨੇਅਮਤ ਬਖਸੀ਼ ਤੈਨੂੰ ਰੱਬ ਨੇ,
    ਏ ਨਾ ਤੇਥੋ ਜਾਏ ਸੰਭਾਲੀ |
    ਓ ਕਿਸਾਨੋ ਨਾ ਜਲਾਓ ਪਰਾਲੀ

    ਖੇਤਾਂ ਵਿਚ ਲੱਖ ਜੀਵ ਹੈ ਸੜਦਾ,
    ਕਿਉਂ ਮੌਤ ਉਹਨਾ ਦੀ ਮੱਥੇ ਮੜਦਾ,
    ਜਾਨ ਜੀਵਾਂ ਵਿੱਚ ਕਾਹਤੋਂ ਮਾਰੇ,
    ਉਪਜਾਊ ਸ਼ਕਤੀ ਤਾਂ ਹੀ ਗਵਾਲੀ |
    ਓ ਕਿਸਾਨੋ ਨਾ ਜਲਾਓ ਪਰਾਲੀ

    ਅੱਗ ਵਾਤਾਵਰਨ ਨੂੰ ਦੂਸ਼ਿਤ ਕਰਦੀ,
    ਹੈ ਏ ਵਿੱਚ ਹਵਾ ਦੇ ਜ਼ਹਿਰਾਂ ਭਰਦੀ,
    ਸਾਹ ਘੁੱਟਦਾ ਤੇ ਦਿਸਣੋ ਹਟ ਜਾਵੇ,
    ਜਿੰਦਗੀ ਬਣਦੀ ਖਤਰਿਆਂ ਵਾਲੀ |
    ਓ ਕਿਸਾਨੋ ਨਾ ਜਲਾਓ ਪਰਾਲੀ

    ਜੀਵ ਜੰਤੂਆਂ ਦਾ ਸਾਹ ਹੈ ਘੁੱਟਦਾ
    ਜਦ ਪਰਾਲੀ ਦਾ ਧੂੰਆਂ ਉੱਠਦਾ
    ਕੁਦਰਤ ਦਾ ਰਹੇ ਘਾਣ ਤੂੰ ਕਰਦਾ
    ਗਲਤ ਰੀਤ ਹੈ ਤੂੰ ਪਾ ਲਈ
    ਓ ਕਿਸਾਨੋ ਨਾ ਜਲਾਓ ਪਰਾਲ਼ੀ

    ਜੱਟਾ ਅੰਨਦਾਤਾ ਤੂੰ ਹੈ ਕਹਾਉਦਾ,
    ਸਭ ਦੇ ਮੂੰਹ ਵਿੱਚ ਰੋਟੀ ਪਾਉਦਾ,
    ਕਾਹਤੋਂ ਅੱਗਾਂ ਨਾਲ ਨਿਭਾਵੇਂ,
    ਹਾਦਸਾ ਕਰਾ ਰੋਕ ਸਾਹ ਨਾਲੀ |
    ਓ ਕਿਸਾਨੋਂ ਨਾ ਜਲਾਓ ਪਰਾਲ਼ੀ

    ਤੂੰ ਫਸਲਾਂ ਮਗਰੋਂ ਖੇਤੀਂ ਅੱਗਾਂ ਲਾਵੇਂ,
    ਮੰਡੀ ਵਿੱਚ ਮੁੱਲ ਮਿਲੇ ਨਾ ਰੌਲਾ ਪਾਵੇਂ,
    ਤੂੰ ਪੋਸ਼ਕ ਤੱਤ ਧਰਤੀ ਦੇ ਸਾੜਕੇ,
    ਚੰਗੀ ਨਹੀਂ ਗੱਲ ਕਰਦਾ ਬਾਹਲੀ |
    ਓ ਕਿਸਾਨੋ ਨਾ ਜਲਾਓ ਪਰਾਲ਼ੀ

    ਰੱਖ ਕੁਦਰਤ ਨੂੰ ਯਾਦ ਓ ਬੰਦਿਆ,
    ਕਰਨਾ ਉਸ ਇਨਸਾਫ ਓ ਬੰਦਿਆ,
    ਛੇੜ ਛਾੜ ਤੂੰ ਕਰਨੀ ਛੱਡਦੇ,
    ਬਣਕੇ ਰਓ ਖੇਤਾਂ ਦਾ ਹਾਲੀ |
    ਓ ਕਿਸਾਨੋ ਨਾ ਜਲਾਓ ਪਰਾਲ਼ੀ

    ਖੁਦ ਉਸਦਾ ਹਰਜਾਨਾ ਭਰਨਾ,
    ਜੋ-ਜੋ ਵੀ ਤੂੰ ਮਾੜਾ ਕਰਨਾ,
    ਕੀਮਤ ਤੈਨੂੰ ਚਕਾਉਣੀ ਪੈਣੀ
    ਕਦੇ ਤਾਂ ਥੋੜੀ ਕਦੇ ਤਾਂ ਬਾਹਲੀ |
    ਓ ਕਿਸਾਨੋ ਨਾ ਜਲਾਓ ਪਰਾਲ਼ੀ

    ਕਿਰਸਾਨੀ ਨੂੰ ਇਕ ਧੰਦਾ ਕਰਤਾ,
    ਓਏ ਸੌੜੀਆਂ ਸੋਚਾਂ ਮੰਦਾ ਕਰਤਾ,
    ਬਿਨਾਂ ਸੋਚਿਆਂ ਫੈਸਲਾ ਲੈ ਲਏਂ,
    ਮਾਰ ਦੇਂਦੀ ਏ ਜੱਟ ਨੂੰ ਕਾਹਲੀ |
    ਓ ਕਿਸਾਨੋ ਨਾ ਜਲਾਓ ਪਰਾਲ਼ੀ

    ਧਰਤੀ ਮਾਂ ਸਤਿਕਾਰ ਭਾਲਦੀ,
    ਹੈ ਤਦੇ ਹੀ ਤੇਰਾ ਪੇਟ ਪਾਲਦੀ,
    ਜਿੰਨਾ ਦਿੱਤਾ ਉਨਾ ਹੀ ਲੈਣਾ,
    ਸੋਚ ਕੇ ਆਪਣਾ ਮਨ ਸਮਝਾ ਲੀ |
    ਓ ਕਿਸਾਨੋਂ ਨਾ ਜਲਾਓ ਪਰਾਲੀ

    ਬਣ ਰੂੜੀ ਧਰਤੀ ਦੇ ਵਿੱਚ ਗਲਜੇ,
    ਵਾਲੀਆ ਬੀਜੀ ਤੇਰੀ ਫਸਲ ਵੀ ਪਲਜੇ,
    ਕਦੇ ਨਾ ਉਨੀ-ਇੱਕੀ ਹੋਊ,
    ਸਮਝ ਨਾਲ ਇਸਨੂੰ ਨਿਪਟਾ ਲੀ |
    ਓ ਕਿਸਾਨੋ ਨਾ ਜਲਾਓ ਪਰਾਲ਼ੀ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!