
ਅਸ਼ੋਕ ਵਰਮਾ
ਬਠਿੰਡਾ, 28 ਅਕਤੂਬਰ2020: ਮੰਗਲਵਾਰ ਨੂੰ ਜੌਗਰ ਪਾਰਕ ’ਚ ਨਗਰ ਨਿਗਮ ਅਧਿਕਾਰੀਆਂ ਵੱਲੋਂ ਦੱਬੇ ਆਟੇ ਦੇ ਵਿਵਾਦ ਨੇ ਅਜੇ ਵੀ ਨਗਰ ਨਿਗਮ ਦਾ ਖਹਿੜਾ ਨਹੀਂ ਛੱਡਿਆ ਹੈ। ਅੱਜ ਅਕਾਲੀ ਦਲ ਨੇ ਨਗਰ ਨਿਗਮ ਦੀ ਕਲੋਨੀ ’ਚ ਬਣੇ ਗੁਦਾਮ ’ਚ ਭਾਰੀ ਮਾਤਰਾ ’ਚ ਹੋਰ ਵੀ ਆਟਾ ਪਿਆ ਹੋਣ ਦਾ ਦਾਅਵਾ ਕੀਤਾ ਹੈ ਜਿਸ ਤੋਂ ਅਧਿਕਾਰੀ ਇਨਕਾਰ ਕਰ ਰਹੇ ਹਨ। ਨਗਰ ਨਿਗਮ ਦੇ ਕਮਿਸ਼ਨਰ ਨੇ ਗੁਦਾਮ ਮਾਮਲੇ ’ਚ ਅੱਜ ਕਾਰਵਾਈ ਲਈ ਪੁਲਿਸ ਨੂੰ ਪੱਤਰ ਵੀ ਲਿਖਿਆ ਹੈ। ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਦਾ ਕਹਿਣਾ ਸੀ ਕਿ ਉਹਨਾਂ ਨੂੰ ਮਿਲੀ ਜਾਣਕਾਰੀ ਅਨੁਸਾਰ ਗੁਦਾਮ ’ਚ ਭਾਰੀ ਮਾਤਰਾ ਵਿੱਚ ਆਟਾ ਸਟੋਰ ਕੀਤਾ ਹੋਇਆ ਹੈ। ਉਹਨਾਂ ਦੱਸਿਆ ਕਿ ਅਸਲ ’ਚ ਇਹ ਰਾਸ਼ਨ ਲਾਕਡਾਊਨ ਦੌਰਾਨ ਗਰੀਬ ਤੇ ਲੋੜਵੰਦ ਪ੍ਰੀਵਾਰਾਂ ਨੂੰ ਵੰਡਿਆ ਜਾਣਾ ਸੀ ਪਰ ਕਾਂਗਰਸੀ ਆਗੂਆਂ ਨੇ ਇਸ ਨੂੰ ਸਿਆਸਤ ਦੇ ਤੌਰ ਤੇ ਵਰਤ ਲਿਆ। ਉਹਨਾਂ ਆਖਿਆ ਕਿ ਇਹ ਅਨਾਜ ਦੀ ਵੱਡੀ ਬਰਬਾਦੀ ਹੈ ਜਿਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਉਹਨਾਂ ਆਖਿਆ ਕਿ ਜਦੋਂ ਅਸੀਂ ਇਸ ਸਬੰਧ ’ਚ ਰੌਲਾ ਪਾਉਂਦੇ ਸੀ ਤਾਂ ਸਾਡੇ ਤੇ ਰਾਜਨੀਤੀ ਕਰਨ ਦੇ ਦੋਸ਼ ਲਾਏ ਜਾਂਦੇ ਸਨ ਪਰ ਮੰਗਲਵਾਰ ਨੂੰ ਮਿਲੇ ਆਟੇ ਨੇ ਉਹਨਾਂ ਦੀਆਂ ਗੱਲਾਂ ਸੱਚ ਸਾਬਤ ਕਰ ਦਿੱਤੀਆਂ ਹਨ। ਓਧਰ ਨਗਰ ਨਿਗਮ ਦੇ ਕਮਿਸ਼ਨਰ ਵੱਲੋਂ ਐਕਸੀਅਨ ਗੁਰਪ੍ਰੀਤ ਸਿੰਘ ਨਾਲ ਜੁੜੇ ਮਾਮਲੇ ਦੀ ਜਾਂਚ ਲਈ ਲਾਏ ਐਕਸੀਅਨ ਦਵਿੰਦਰ ਜੌੜਾ ਨੇ ਪੜਤਾਲ ਤੋਂ ਪੈਰ ਪਿੱਛੇ ਹਟਾ ਲਏ ਦੱਸੇ ਜਾ ਰਹੇ ਹਨ। ਸੂਤਰ ਦੱਸਦੇ ਹਨ ਕਿ ਜੌੜਾ ਨੇ ਦਲੀਲ ਦਿੱਤੀ ਹੈ ਕਿ ਦੋਵਾਂ ਦਾ ਅਹੁਦਾ ਇੱਕ ਹੈ ਇਸ ਲਈ ਉਹ ਆਪਣੇ ਬਰਾਬਰ ਦੇ ਅਧਿਕਾਰੀ ਨਾਲ ਸਬੰਧਤ ਜਾਂਚ ਕਿਸ ਤਰਾਂ ਕਰ ਸਕਦੇ ਹਨ। ਪਤਾ ਲੱਗਿਆ ਹੈ ਕਿ ਨਿਗਮ ਅਧਿਕਾਰੀਆਂ ਨੇ ਐਕਸੀਅਨ ਗੁਰਪ੍ਰੀਤ ਸਿੰਘ ਤੋਂ ਇਸ ਮਾਮਲੇ ਨਾਲ ਸਬੰਧਤ ਪਾਵਰਾਂ ਵਾਪਿਸ ਲੈ ਲਈਆਂ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਕਮਿਸ਼ਨਰ ਨੇ ਉੱਚ ਅਧਿਕਾਰੀਆਂ ਨੂੰ ਸਾਰੀ ਸਥਿਤੀ ਤੋਂ ਜਾਣੂੰ ਕਰਵਾ ਦਿੱਤਾ ਹੈ।
ਪੁਲਿਸ ਨੂੰ ਕਾਰਵਾਈ ਲਈ ਪੱਤਰ:ਕਮਿਸ਼ਨਰ
ਨਗਰ ਨਿਗਮ ਦੇ ਕਮਿਸ਼ਨਰ ਬਿਕਰਮ ਸਿੰਘ ਸ਼ੇਰਗਿੱਲ ਦਾ ਕਹਿਣਾ ਸੀ ਕਿ ਨਿਗਮ ਦੀ ਕਲੋਨੀ ’ਚ ਬਣੇ ਸਰਕਾਰੀ ਗੁਦਾਮ ’ਚ ਰੱਖਿਆ ਰਾਸ਼ਨ ਪੋਹਾ ਆਦਿ ਸੀ ਜੋ ਪਰਵਾਸੀ ਮਜਦੂਰਾਂ ਨੂੰ ਵੰਡਣ ਵੇਲੇ ਬਚ ਗਿਆ ਸੀ। ਉਹਨਾਂ ਦੱਸਿਆ ਕਿ ਇਸ ਬੇਰੇ ਬਕਾਇਦਾ ਜਾਣਕਾਰੀ ਸੀ ਜਿਸ ’ਚ ਕੋਈ ਗੜਬੜ ਨਹੀਂ ਹੈ। ਉਹਨਾਂ ਕਿਹਾ ਕਿ ਗੁਦਾਮ ’ਚ ਬਿਨਾਂ ਆਗਿਆ ਜਾਣ ਨੂੰ ਲੈਕੇ ਉਹਨਾਂ ਨੇ ਪੁਲਿਸ ਨੂੰ ਕਾਰਵਾਈ ਲਈ ਪੱਤਰ ਲਿਖਿਆ ਹੈ। ਉਹਨਾਂ ਗੁਦਾਮ ’ਚ ਆਟਾ ਪਏ ਹੋਣ ਦੇ ਤੱਥਾਂ ਨੂੰ ਨਕਾਰਿਆ ਹੈ।