ਰਜਨੀ ਵਾਲੀਆ
ਦੁੱਖਦੀ ਰਗ ਤੇ ਹੱਥ ਨਾ ਧਰਨਾ,
ਏਨਾਂ ਵੀ ਹੁਣ ਕਹਿਰ ਨਾ ਕਰਨਾ|
ਸਦਾ ਅੱਤ ਖੁਦਾ ਦਾ ਵੈਰ ਰਿਹਾ ਏ,
ਬਸ ਕਿਆਮਤ ਨਾ ਆ ਜਾਵੇ ਵਰਨਾ |
ਹੋਵੇ ਜਿੱਤਣ ਦਾ ਮਜ਼ਾ ਹਰਨ ਦੇ ਮਗਰੋਂ,
ਸਭਨੂੰ ਜਿੱਤਣੋਂ ਪਹਿਲਾਂ ਪੈਂਦਾ ਏ ਹਰਨਾ |
ਅੱਜ ਤੱਕ ਜੋ ਵੀ ਤੂੰ ਕਹਿਰ ਕਮਾਏ,
ਸਭ ਮੈਨੂੰ ਹੀ ਤਾਂ ਪਿਆ ਸੀ ਜਰਨਾ |
ਮੈਨੂੰ ਲਹਿਰਾਂ ਤੋਂ ਬੜਾ ਡਰ ਲਗਦਾ ਏ,
ਵੇ ਮੈਨੂੰ ਕਿੱਥੇ ਆਉਂਦਾ ਈ ਤਰਨਾ |
ਵੇ ਸੋਹਣੀ ਦੇ ਕੱਚੇ ਘੜੇ ਦੇ ਵਾਂਗੂ,
ਕਿਸਮਤ ਦੇ ਵਿੱਚ ਲਿਖਿਆ ਖਰਨਾ |
ਤਾਨਾਸ਼ਾਹ ਤਾਂ ਜੱਗੋਂ ਵੱਖਰੀ ਕਰਦੇ ਨੇ,
ਇੱਕ ਦਿਨ ਉਹਨਾਂ ਨੂੰ ਵੀ ਪੈਂਦਾ ਮਰਨਾ |
ਰਜਨੀ ਤੂੰ ਕਾਹਤੋਂ ਸਹਿਮੀ ਰਹਿੰਨੀ ਏ,
ਭੈਅ ਨੂੰ ਮਾਰ ਹੁਣ ਤਾਂ ਛੱਡ ਡਰਨਾ |