9.6 C
United Kingdom
Saturday, March 7, 2026

More

    ਕੱਚੇ ਘੜੇ ਵਾਂਗੂ ਟੁੱਟੀ

    ਰਜਨੀ ਵਾਲੀਆ, ਕਪੂਰਥਲਾ
    ਏਨੀ ਗਹਿਰੀ ਸੱਟ ਲਾ ਕੇ,
    ਤੁਰ ਗਿਓਂ ਦੂਰ ਵੇ |
    ਕੱਚੇ ਘੜੇ ਵਾਂਗੂ ਟੁੱਟੀ,
    ਹੋਈ ਕੱਚ ਵਾਂਗੂ ਚੂਰ ਵੇ |

    ਤੱਤੜੀ ਨੇ ਤੇਰੇ ਨਾਲ,
    ਲਾ ਸਜਾਵਾਂ ਪਾ ਲਈਆਂ,
    ਹੁਣ ਪਛਤਾਵਾਂ ਬਹਿ ਕੇ ,
    ਸੌਹਾਂ ਕਾਹਤੋਂ ਖਾ ਲਈਆਂ
    ਦਰਦਾਂ ਦਾ ਸਿਰ ਤੋਂ ਦੀ,
    ਲੰਘੇ ਰੋਜ਼ ਪੂਰ ਵੇ |
    ਏਨੀ ਗਹਿਰੀ ਸੱਟ ਲਾ ਕੇ,
    ਤੁਰ ਗਿਓਂ ਦੂਰ ਵੇ |

    ਖੇਡਦਾ ਏਂ ਨੀਂਦਰਾਂ ਨਾ,
    ਚੈਨ ਲੁੱਟੀ ਜਾਨਾ ਏਂ |
    ਚਾਵਾਂ ਦੇ ਬੂਟੜੇ ਨੂੰ,
    ਜੜੋਂ ਪੁੱਟੀ ਜਾਨਾ ਏਂ |
    ਜਜਬਾਤਾਂ ਨਾਲ ਖੇਡ ਕੇ,
    ਨਾ ਹੋ ਮਸ਼ਹੂਰ ਵੇ |
    ਏਨੀ ਗਹਿਰੀ ਸੱਟ ਲਾ ਕੇ,
    ਤੁਰ ਗਿਓਂ ਦੂਰ ਵੇ |

    ਨਾਪੀਆਂ ਮੈਂ ਜੋ-ਜੋ ਵੀ,
    ਕੰਧੀਂ ਲੀਕਾਂ ਵਾਹੀਆ ਸੀ |
    ਹਿਰਖ ਦੇ ਬਨੇਰੜੇ ਤੇ,
    ਯਾਦਾਂ ਮੁੜ ਆਈਆਂ ਸੀ |
    ਓਈਓ ਕਿਉਂ ਤੂੰ ਕਰੇਂ ਜੋ,
    ਵੀ ਤੈਨੂੰ ਮਨਜੂਰ ਵੇ |
    ਏਨੀ ਗਹਿਰੀ ਸੱਟ ਲਾ ਕੇ,
    ਤੁਰ ਗਿਓਂ ਦੂਰ ਵੇ |

    ਰੱਬ ਤੈਨੂੰ ਯਾਦ ਹੋਣੈਂ,
    ਉਹ ਵੀ ਬੜਾ ਡਾਢਾ ਏ |
    ਲੈ ਕੇ ਜਾ ਨਈ ਤੈਥੋਂ ਹੋਣਾ,
    ਜੋ-ਜੋ ਵੀ ਸਾਡਾ ਏ |
    ਸਾੜੇ ਨਿੱਤ ਫਿਕਰਾਂ ਚ,
    ਰੰਗ ਤੇਰੀ ਹੂਰ ਵੇ|
    ਏਨੀ ਗਹਿਰੀ ਸੱਟ ਲਾ ਕੇ,
    ਤੁਰ ਗਿਓਂ ਦੂਰ ਵੇ |

    ਮੈਂ ਨੀਦੋਂ ਹੱਥ ਧੋ ਲਏ,
    ਬਹਿ-ਬਹਿ ਕੱਟਾਂ ਰਾਤ ਵੇ |
    ਸੁੰਨੇਂ ਆਲਿਆਂ ਚ ਬੈਠੇ,
    ਰਹਿੰਦੇ ਮੇਰੇ ਜਜਬਾਤ ਵੇ |
    ਲੋਚਾਂ ਤੇਰੀ ਦੀਦ ਚੰਨਾਂ,
    ਮੈਨੂੰ ਤੇਰਾ ਏ ਸਰੂਰ ਵੇ |
    ਏਨੀ ਗਹਿਰੀ ਸੱਟ ਲਾ ਕੇ,
    ਤੁਰ ਗਿਓਂ ਦੂਰ ਵੇ |

    ਮੈਂ ਸਫਰੋਂ ਨਾ ਹਾਰੀ ਚੰਨਾਂ,
    ਤੇਰੇ ਕੋਲੋਂ ਹਾਰ ਗਈ |
    ਰਜਨੀ ਤੇਰੇ ਵੱਸ ਪੈ ਗਈ,
    ਤੇ ਖੁਦ ਵੱਸੋਂ ਬਾਹਰ ਗਈ |
    ਅੰਬੀਅਾਂ ਨੂੰ ਰੁੱਤ ਵੇਲੇ,
    ਮਿਲਿਆ ਨਾ ਬੂਰ ਵੇ |
    ਏਨੀ ਗਹਿਰੀ ਸੱਟ ਲਾ ਕੇ,
    ਤੁਰ ਗਿਓਂ ਦੂਰ ਵੇ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!