ਪੰਜਾਬ ਪੁਲੀਸ ਵੱਲੋਂ ਇਸ ਹਫ਼ਤੇ ਦੂਜੀ ਗ੍ਰਿਫ਼ਤਾਰੀ ਨਾਲ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿੱਚ ਇਕ ਹੋਰ ਦੋਸ਼ੀ ਗ੍ਰਿਫ਼ਤਾਰ
ਪੰਕਜ ਬਾਂਸਲ ਨੂੰ ਦੋਸ਼ੀ ਪੁਲੀਸ ਮੁਲਾਜ਼ਮਾਂ ਵੱਲੋਂ ਝੂਠੇ ਸਬੂਤ ਘੜਨ ਵਿੱਚ ਮੱਦਦ ਕਰਨ ਦੇ ਦੋਸ਼ ਹੇਠ ਕੀਤਾ ਕਾਬੂ

ਮੋਗਾ (ਮਿੰਟੂ ਖੁਰਮੀ)
ਬਹਿਬਲ ਕਲਾਂ ਗੋਲੀਬਾਰੀ ਮਾਮਲੇ ਵਿੱਚ ਇਕ ਹੋਰ ਵੱਡੀ ਸਫਲਤਾ ਦਰਜ ਕਰਦਿਆਂ ਪੰਜਾਬ ਪੁਲਿਸ ਦੀ ਵਿਸੇਸ ਜਾਂਚ ਟੀਮ (ਐੱਸਆਈਟੀ) ਨੇ ਸ਼ਨੀਵਾਰ ਨੂੰ ਦੋਸ਼ੀ ਪੁਲੀਸ ਮੁਲਾਜ਼ਮਾਂ ਨਾਲ ਮਿਲ ਕੇ ਸਾਜਿਸ਼ ਰਚਣ ਅਤੇ ਆਤਮ-ਰੱਖਿਆ ਦੀ ਝੂਠੀ ਕਹਾਣੀ ਘੜਨ ਦੇ ਦੋਸ਼ ਹੇਠ ਪੰਕਜ ਮੋਟਰਜ਼ ਮੋਗਾ ਦੇ ਮਾਲਕ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਮਾਮਲੇ ਵਿੱਚ ਇਸ ਹਫਤੇ ਪੁਲੀਸ ਵੱਲੋਂ ਕੀਤੀ ਗਈ ਇਹ ਦੂਜੀ ਅਤੇ ਹੁਣ ਤੱਕ ਦੀ ਤੀਜੀ ਗ੍ਰਿਫਤਾਰੀ ਹੈ ਜਿਸ ਵਿੱਚ ਸਾਬਕਾ ਐਸਐਸਪੀ ਮੋਗਾ ਚਰਨਜੀਤ ਸ਼ਰਮਾ ਮੁੱਖ ਮੁਲਜ਼ਮ ਹਨ ਅਤੇ ਉਸਦੇ ਸਾਥੀ ਸੋਹੇਲ ਸਿੰਘ ਬਰਾੜ ਨੂੰ ਵਿਸ਼ੇਸ਼ ਜ਼ਾਂਚ ਟੀਮ ਨੇ 16 ਜੂਨ ਨੂੰ ਗ੍ਰਿਫਤਾਰ ਕੀਤਾ ਸੀ ਜੋ ਕੱਲ ਤੱਕ ਪੁਲੀਸ ਹਿਰਾਸਤ ਵਿੱਚ ਹੈ। ਸ਼ਰਮਾ ਫਿਲਹਾਲ ਸਿਹਤ ਸਬੰਧੀ ਸਥਿਤੀ ਦੇ ਅਧਾਰ ‘ਤੇ ਅੰਤਰਿਮ ਜਮਾਨਤ ‘ਤੇ ਹੈ।
ਐਸਆਈਟੀ ਦੇ ਮੁੱਖ ਜਾਂਚਕਰਤਾ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਪੰਕਲ ਮੋਟਰਜ਼ ਦੇ ਮਾਲਕ ਪੰਕਜ ਬਾਂਸਲ, ਜਿਸ ਦੀ ਇਸ ਘਟਨਾ ਦੇ ਸਮੇਂ ਫਰੀਦਕੋਟ ਵਿੱਚ ਇੱਕ ਆਟੋਮੋਬਾਈਲ ਵਰਕਸ਼ਾਪ ਸੀ, ਨੂੰ ਚਰਨਜੀਤ ਸਿੰਘ ਸ਼ਰਮਾ ਦੀ ਜਿਪਸੀ ‘ਤੇ ਗੋਲੀਆਂ ਚਲਾਉਣ ਦੇ ਦੋਸ਼ੀ ਮੁਲਾਜ਼ਮਾਂ ਵੱਲੋਂ ਆਪਣੇ ਬਚਾਅ ਲਈ ਇੱਕ ਝੂਠੀ ਕਹਾਣੀ ਨੂੰ ਘੜਨ ਵਿੱਚ ਜਾਣ ਬੁੱਝ ਕੇ ਮੱਦਦ ਦੇਣ ਲਈ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮਪੰਕਜ ਨੂੰ ਕੱਲ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਐਸਆਈਟੀ ਜਾਂਚ ਦੌਰਾਨ ਪਾਇਆ ਗਿਆ ਕਿ ਪੁਲਿਸ ਫਾਇਰਿੰਗ ਦੀ ਘਟਨਾ ਤੋਂ ਬਾਅਦ ਪੰਕਜ ਬਾਂਸਲ ਨੇ ਇਸ ਕੇਸ ਵਿੱਚ ਝੂਠੇ ਸਬੂਤ ਤਿਆਰ ਕਰਨ ਮੌਕੇ ਮੁਲਜ਼ਮ ਪੁਲਿਸ ਮੁਲਾਜ਼ਮਾਂ ਦੀ ਮੱਦਦ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ ਸੀ।
ਐਸ.ਆਈ.ਟੀ. ਦੀ ਜਾਂਚ ਅਨੁਸਾਰ ਬਰਗਾੜੀ ਅਤੇ ਹੋਰ ਥਾਵਾਂ ‘ਤੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਹਰਮਤੀ ਹੋਣ ਦੀਆਂ ਕਈ ਘਟਨਾਵਾਂ ਤੋਂ ਬਾਅਦ ਜਦੋਂ 14.10.2015 ਨੂੰ ਬਹਿਬਲ ਕਲਾਂ ਵਿਖੇ ਬਾਅਦ ਸਾਂਤਮਈ ਢੰਗ ਨਾਲ ਧਰਨੇ ‘ਤੇ ਬੈਠੇ ਨਿਰਦੋਸ਼ ਪ੍ਰਦਰਸਨਕਾਰੀਆਂ ‘ਤੇ ਫਾਇਰਿੰਗ ਹੋਈ ਤਾਂ ਇਸ ਫਾਇਰਿੰਗ ਲਈ ਜਿੰਮੇਵਾਰ ਪੁਲਿਸ ਟੀਮ ਨੇ ਆਪਣੀ ਸਵੈ-ਰੱਖਿਆ ਲਈ ਇੱਕ ਸਾਜ਼ਿਸੀ ਕਹਾਣੀ ਘੜੀ। ਆਪਣੇ ਹੱਕ ਵਿੱਚ ਸਵੈ-ਰੱਖਿਆ ਦੀ ਕਹਾਣੀ ਨੂੰ ਸਾਬਤ ਕਰਨ ਲਈ ਉਸ ਸਮੇਂ ਦੇ ਮੋਗਾ ਦੇ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਦੀ ਪਾਇਲਟ ਜਿਪਸੀ ‘ਤੇ ਮੁਲਜਮਾਂ ਨੇ ਖੁਦ ਗੋਲੀਆਂ ਮਾਰਕੇ ਝੂਠੇ ਸਬੂਤ ਬਣਾਏ। ਦੱਸਣ ਯੋਗ ਹੈ ਕਿ ਇਸ ਐਸਆਈਟੀ ਦਾ ਗਠਨ ਇਸ ਸਾਲ ਦੇ ਸ਼ੁਰੂ ਵਿਚ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਫਾਇਰਿੰਗ ਦੇ ਮਾਮਲਿਆਂ ਦੀ ਜਾਂਚ ਲਈ ਕੀਤਾ ਗਿਆ ਸੀ।