ਮਨਦੀਪ ਕੌਰ ਭੰਮਰਾ
ਸੁਨਹਿਰੀ ਸੋਚਾਂ ਸੀਨੇ ‘ਚ ਤੇ ਬੋਲਾਂ ‘ਚ ਦਰਦ ਰੱਖ,
ਹਰ ਵੇਲ਼ੇ ਨਾਂਹ ਜ਼ਖਮਾਂ ਉਹਦਿਆਂ ‘ਤੇ ਕਰਦ ਰੱਖ,
ਉਹਦੇ ਗੁਣਾਂ ਔਗੁਣਾਂ ਸਹਿਤ ਦੇਖਿਆ ਕਰ ਉਸਨੂੰ,
ਸੀਨੇ ਵਿੱਚ ਕੋਨਾ ਰਾਖਵਾਂ ਕਰਕੇ ਉੱਥੇ ਤਰਸ ਰੱਖ।
ਹਸਤੀ ਦੀ ਬੁਲੰਦੀ ਅਤੇ ਸਿਖਰ ਛੋਹ ਜਾਵੇਂ ਜੇਕਰ,
ਇੱਜ਼ਤ ਕਰਨੀ ਅਤੇ ਕਰਾਉਣੀ ਸਿੱਖ ਜਾਵੇਂ ਜੇਕਰ,
ਮੁਕਾਅ ਲਵੇਂ ਜੇਕਰ ਸਭ ਆਪਸੀ ਝਗੜੇ ਅਤੇ ਝੇੜੇ,
ਅਸਲੀ ਇਨਸਾਨ ਬੱਸ ਬਣ ਜਾਵੇਂ ਤੂੰ ਫਿਰ ਜੇਕਰ।
ਬੰਦਿਆਂ ਦੀ ਇਹ ਬਸਤੀ ਫਿਰ ਜ਼ੰਨਤ ਬਣ ਜਾਵੇ,
ਹਰ ਬਸ਼ਰ ਦੇ ਮਨ ਵਿੱਚ ਰਹਿਮ ਧਰਮ ਆ ਜਾਵੇ,
ਕੋਈ ਵੀ ਨਾਂਹ ਦੁਨੀਆਂ ‘ਤੇ ਮਾਯੂਸ ਫਿਰ ਰਹੇਗਾ,
ਬਸ਼ਰਾਂ ਦੀ ਦੁਨੀਆਂ ਤਾਂ ਫਿਰ ਬਹਿਸ਼ਤ ਬਣ ਜਾਵੇ।
ਅਦਭੁੱਤ ਨਜ਼ਾਰਾ ਫਿਰ ਸਾਡੇ ਜੀਵਨ ਦਾ ਹੋਵੇਗਾ,
ਸ਼ਖਸ ਹਰ ਫਿਰ ਇੱਕ ਦੂਜੇ ਨੂੰ ਪਿਆਰਾ ਹੋਵੇਗਾ,
ਨਫ਼ਰਤਾਂ ਦੀ ਦੁਨੀਆਂ ਬੱਸ ਖ਼ਤਮ ਹੀ ਹੋ ਜਾਏਗੀ,
ਬੇਗ਼ਮਪੁਰੇ ਦਾ ਹਰ ਤਰਫ਼ ਇੱਕ ਨਜ਼ਾਰਾ ਹੋਵੇਗਾ।
ਸੁਪਨੇ ਵਿੱਚ ਸਿਰਜਾਂ ਮੈਂ ਐਸਾ ਜਹਾਨ ਜੋ ਸੱਚ ਹੋਵੇ,
ਵਜ਼ਨ ਹੋਵੇ ਗੱਲ ਵਿੱਚ ਨਾਂਹ ਜ਼ਰਾ ਜਿੰਨਾਂ ਕੱਚ ਹੋਵੇ,
ਰਹਿਮਤਾਂ ਦਾ ਮੀਂਹ ਵਰ੍ਹ ਜਾਏ ਰੱਜਵਾਂ ਅਤੇ ਰਚਵਾਂ,
ਸਰਸ਼ਾਰ ਹੋ ਜਾਵੇ ਹਰ ਰੂਹ ਅਤੇ ਨਾ ਕੋਈ ਮੱਚ ਹੋਵੇ
ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਸਮਝੋ ਹੁੰਦੀਆਂ,
ਬਾਪ ਦੀ ਪੱਗ ਅਤੇ ਵੀਰਾਂ ਦੀ ਇਜ਼ੱਤ ਨੇ ਹੁੰਦੀਆਂ,
ਹਰ ਬੱਚੀ, ਲੜਕੀ,ਔਰਤ ਦੀ ਹੁੰਦੀ ਨਿੱਜੀ ਹਸਤੀ,
ਔਰਤਾਂ ਕਿਸੇ ਦੀ ਵੀ ਜਾਇਦਾਦ ਤਾਂ ਨਹੀਂ ਹੁੰਦੀਆਂ।
ਸਲੀਕਾ ਸਿੱਖਣਾ ਪਵੇਗਾ ਜੀ ਜ਼ਿੰਦਗੀ ਜਿਉਣ ਦਾ,
ਤਰੀਕਾ ਠੀਕ ਰੱਖਣਾ ਪਵੇਗਾ ਜੀਵਨ ਜਿਉਣ ਦਾ,
ਦੱਸੋ ਕਦ ਤੱਕ ਕਰਦੇ ਰਹਿਣਾ ਹੈ ਬਦਗੁਮਾਨੀਆਂ,
ਕਾਲ਼ੀ ਤਾਕਤੋ ਸਬਕ ਸਿੱਖ ਲਵੋ ਜੀਵਨ ਜਿਉਣ ਦਾ।
-ਮਨਦੀਪ ਕੌਰ ਭੰਮਰਾ