15.3 C
United Kingdom
Sunday, June 7, 2026

More

    ਹਲਕਾ ਮੌੜ: ਕਾਂਗਰਸ ਨੇ ਬਣਾਇਆ ਮੰਗਤ ਰਾਮ ਬਾਂਸਲ ਨੂੰ ਕਪਤਾਨ

    ਅਸ਼ੋਕ ਵਰਮਾ
    ਬਠਿੰਡਾ,20 ਜਨ। ਸਾਬਕਾ ਵਿਧਾਇਕ ਮੰਗਤ ਰਾਮ ਬਾਂਸਲ ਨੂੰ  ਜਿਲਾ ਬਠਿੰਡਾ ਦੇ ਵਿਧਾਨ ਸਭਾ ਹਲਕਾ ਮੌੜ ਦਾ ਨਵਾਂ ਕਪਤਾਨ ਬਣਾਇਆ ਹੈ। ਹਾਲਾਂਕਿ ਇਸ ਬਾਰੇ ਪਾਰਟੀ ਵੱਲੋਂ ਕੋਈ ਰਸਮੀ ਸੂਚਨਾਂ ਨਹੀਂ ਜਾਰੀ ਕੀਤੀ ਗਈ ਪਰ ਮੰਗਤ ਰਾਮ ਬਾਂਸਲ ਨੇ ਅੱਜ ਹਲਕਾ ਮੌੜ ਦੇ ਕਾਂਗਰਸੀ ਆਗੂਆਂ ਨੂੰ ਮਿਲ ਕੇ ਗੱਲਬਾਤ ਕੀਤੀ।  ਇਸ ਮੌਕੇ ਲੱਡੂ ਵੀ ਵੰਡੇ ਗਏ ਅਤੇ ਕਾਂਗਰਸੀ ਆਗੂਆਂ ਨੇ ਸ੍ਰੀ ਬਾਂਸਲ ਨੂੰ ਵਧਾਈਆਂ ਵੀ ਦਿੱਤੀਆਂ। ਇਸ ਤੋਂ ਪਹਿਲਾਂ ਹਲਕੇ ਦੀ ਕਮਾਂਡ ਹਰਮਿੰਦਰ ਸਿੰਘ ਜੱਸੀ ਸੰਭਾਲ ਰਹੇ ਹਨ ਜਿੰਨਾਂ ਨੇ ਸਾਲ 2107 ਦੌਰਾਨ ਵਿਧਾਨ ਸਭਾ ਦੀ ਚੋਣ ਲੜੀ ਪਰ ਹਾਰ ਗਏ ਸਨ। ਉਂਜ ਕਾਂਗਰਸੀ ਆਗੂ  ਸੁਖਰਾਜ ਸਿੰਘ ਨੱਤ ਵੀ ਹਲਕੇ ’ਚ ਵਿਚਰਦੇ ਰਹੇ ਪਰ ਉਨਾਂ ਦੀ ਕੁੱਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਨੱਤ ਦੀ ਮੌਤ ਤੋਂ ਬਾਅਦ ਹੀ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਹਲਕੇ ’ਚ ਇੱਥ ਹੋਰ ਨਵਾਂ ਹਲਕਾ ਸੇਵਾਦਾਰ ਲਿਆਂਦਾ ਜਾ ਸਕਦਾ ਹੈ।


                         ਬਾਂਸਲ ਨੇ ਸਾਲ 207 ਦੌਰਾਨ ਹਲਕਾ ਬੁਢਲਾਢਾ ਤੋਂ ਜਿੱਤ ਪ੍ਰਾਪਤ ਕੀਤੀ ਸੀ ਜੋਕਿ ਬਾਅਦ ’ਚ ਰਿਜ਼ਰਵ ਹੋ ਗਿਆ। ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੁੱਝ ਕਾਰਨਾਂ ਕਰਕੇ ਕਾਂਗਰਸ ਨੇ ਮਾਨਸਾ ਤੋਂ ਬਾਂਸਲ ਦੀ ਬਜਾਏ ਉਨਾਂ ਦੀ ਪਤਨੀ ਡਾ ਮੰਜੂ ਬਾਲਾ ਨੂੰ ਮਾਨਸਾ ਤੋਂ ਉਮੀਦਵਾਰ ਬਣਾਇਆ ਪਰ ਉਹ ਆਮ ਆਦਮੀ ਪਾਰਟੀ ਦੇ ਨਾਜਰ ਸਿੰਘ ਮਾਨਸਾਹੀਆ ਕੋਲੋਂ ਚੋਣ ਹਾਰ ਗਏ ਸਨ। ਮਾਨਸਾਹੀਆਂ ਨੇ ਬਾਅਦ ’ਚ ਕਾਂਗਰਸ ਦਾ ਲੜ ਫੜ ਲਿਆ ਜਿਸ ਕਰਕੇ ਮਾਨਸਾ ਹਲਕੇ ’ਚ ਦੋ ਵੱਡੇ ਆਗੂਆਂ ਨੇ ਮੋਰਚਾ ਸੰਭਾਲਿਆ ਹੋਇਆ ਸੀ। ਹਲਕੇ ਦੀ ਰਾਜਨੀਤੀ ’ਚ ਸਿਆਸੀ ਊਂਠ ਕਿਸ ਕਰਵਟ ਬੈਠਦਾ ਹੈ ਇਹ ਤਾਂ ਵਕਤ ਹੀ ਦੱਸੇਗਾ  ਪਰ ਇਸ ਤੋਂ ਪਹਿਲਾਂ ਕਾਂਗਰਸ ਨੂੰ ਹਲਕਾ ਮੌੜ ’ਚ ਕਦੇ ਵੱਡਾ ਹੁੰਗਾਰਾ ਨਹੀਂ ਮਿਲਿਆ ਹੈ। ਅੱਜ ਬਾਂਸਲ ਦੇ ਇੱਕ ਸਮਰਥਕ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ  ਅਗਲੇ ਦਿਨੀ ਹਲਕੇ ’ਚ ਸਰਗਰਮੀਆਂ ਤੇਜ ਕੀਤੀਆਂ ਜਾ ਰਹੀਆਂ ਹਨ।
                                    ਦੱਸਣਯੋਗ ਹੈ ਕਿ ਪਹਿਲਾਂ ਮੌੜ ਹਲਕੇ ਦੀ ਥਾਂ ਹਲਕਾ ਜੋਗਾ ਹੋਇਆ ਕਰਦਾ ਸੀ ਜਿਸ ‘ਚ ਬਠਿੰਡਾ ਤੇ ਮਾਨਸਾ ਜਿਲਿਆਂ ਦੇ ਪਿੰਡ ਹੁੰਦੇ ਸਨ ।ਜੋਗਾ ਹਲਕੇ ਤੋਂ ਹਮੇਸ਼ਾ ਅਕਾਲੀ ਦਲ ਹੀ ਜਿੱਤਦਾ ਰਿਹਾ ਹੈ ।ਕੇਵਲ 1992 ਦੀਆਂ ਚੋਣਾਂ ਮੌਕੇ ਅਕਾਲੀ ਦਲ ਵੱਲੋਂ ਕੀਤੇ ਬਾਈਕਾਟ ਮੌਕੇ ਕਾ. ਸੁਰਜਨ ਸਿੰਘ ਜੋਗਾ ਨੇ ਵਿਧਾਨ ਸਭਾ ਚੋਣ ਜਿੱਤੀ ਸੀ। ਉਸ ਮਗਰੋਂ ਲਗਾਤਾਰ ਇੱਥੇ ਅਕਾਲੀ ਉਮੀਦਵਾਰ ਹੀ ਜਿੱਤੇ ਹਨ। ਨਵੀਂ ਹੱਦਬੰਦੀ ਮੌਕੇ ਨਵਾਂ ਹਲਕਾ ਮੌੜ ਬਣਾਇਆ ਗਿਆ ਸੀ ਜਿਸ ‘ਚ ਕੁਝ ਪਿੰਡ ਤਲਵੰਡੀ ਸਾਬੋ ਹਲਕੇ ਦੇ ਸ਼ਾਮਲ ਕੀਤੇ ਗਏ ਸਨ। ਦੱਸਿਆ ਜਾਂਦਾ ਹੈ ਕਿ  ਇਸ ਹਲਕੇ ’ਚ ਕਾਂਗਰਸ ਦੇ ਹਾਰਨ ਦਾ ਕਾਰਨ ਮੁਕਾਬਲੇ ’ਚ ਆਪਣਾ ਹੀ ਬਾਗੀ ਦਾ ਖੜਾ ਹੋਣਾ ਰਿਹਾ ਹੈ। ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਕਾਂਗਰਸ ਨੇ ਅੰਤਲੇ ਦਿਨਾਂ ‘ਚ ਹਲਕਾ ਬੁਢਲਾਡਾ ਦੇ ਕਾਂਗਰਸੀ ਆਗੂ ਮੰਗਤ ਰਾਏ ਬਾਂਸਲ ਨੂੰ ਲਿਆਂਦਾ ਸੀ ਜੋਕਿ ਜਿੱਤ ਨਾਂ ਸਕੇ।
                                    ਸਾਲ 2017 ’ਚ ਵੀ ਹਲਕਾ ਮੌੜ ਵਿੱਚ ਵਿਧਾਨ ਸਭਾ ਚੋਣਾਂ  ਲਈ ਕਾਂਗਰਸ ਦੀ ਟਿਕਟ ਦੇ ਚਾਹਵਾਨਾਂ  ਦੀ ਗਿਣਤੀ ਕਾਫੀ ਵੱਡੀ ਸੀ ਪਰ ਅੰਤਲੇ ਦਿਨਾਂ ਦੌਰਾਨ ਬਠਿੰਡਾ ਹਲਕੇ ਤੋਂ ਸ਼ਿਫਟ ਕਰਕੇ ਕਾਂਗਰਸੀ ਆਗੂ ਹਰਮਿੰਦਰ ਸਿੰਘ ਜੱਸੀ ਨੂੰ ਉਮੀਦਵਾਰ ਬਣਾ ਲਿਆ। ਸਤਰ ਦੱਸਦੇ ਹਨ ਕਿ ਉਸ ਵਕਤ ਦਲੀਲ ਦਿੱਤੀ ਗਈ ਸੀ ਕਿ  ਤਲਵੰਡੀ ਸਾਬੋ ਹਲਕੇ ਦੇ  ਉਨਾਂ ਪਿੰਡਾਂ ‘ਚ ਜੱਸੀ ਦਾ ਕਾਫੀ ਅਸਰ ਰਸੂਖ ਹੈ ਜੋਕਿ ਹੁਣ ਹਲਕਾ ਮੌੜ ਦਾ ਭਾਗ ਹਨ। ਕਾਫੀ ਫਸਵੇਂ ਮੁਕਾਬਲੇ ਦੌਰਾਨ ਇੱਥੋਂ ਆਮ ਆਦਮੀ ਪਾਰਟੀ ਦੇ ਜਗਦੇਵ ਸਿੰਘ ਕਮਾਲੂ ਬਾਜੀ ਮਾਰ ਗਏ।   ਹਲਕੇ ਦੇ ਕੁੱਝ ਆਗੂਆਂ ਨੇ ਦੱਸਿਆ ਕਿ  ਕਾਫ਼ੀ ਅਰਸੇ ਤੋਂ ਹਲਕਾ ਮੌੜ ਦੀ ਕਮਾਂਡ ਸੰਭਾਲਣ ਲਈ ਕੋਈ ਪੱਕਾ ਕਾਂਗਰਸੀ ਆਗੂ ਨਹੀਂ ਮਿਲਿਆ ਹੈ। ਜਾਣਕਾਰੀ ਅਨੁਸਾਰ ਹਲਕਾ ਮੌੜ  ਦੀ ਕੁੱਲ 1.55 ਲੱਖ ਵੋਟ ਹੈ ਤੇ ਹਲਕੇ ‘ਚ 64 ਪਿੰਡ ਪੈਂਦੇ ਹਨ।
                   
                    ਪਾਰਟੀ ਦਾ ਹੁਕਮ ਉਡੀਕਦੇ ਕਾਂਗਰਸੀ ਆਗੂ
     ਪੱਖ ਜਾਨਣ ਲਈ ਸੰਪਰਕ ਕਰਨ ਤੇ ਹਰਮਿੰਦਰ ਸਿੰਘ ਜੱਸੀ ਦਾ ਨੰਬਰ ਬੰਦ ਆ ਰਿਹਾ ਸੀ ਜਦੋਂਕਿ ਸੀਨੀਅਰ ਕਾਂਗਰਸੀ ਆਗੂ ਗੁਰਪਿਆਰ ਸਿੰਘ ਚਾਓ ਕੇ ਦਾ ਕਹਿਣਾ ਸੀ ਕਿ ਫਿਲਹਾਲ ਪਾਰਟੀ ਪ੍ਰਧਾਨ ਜਾਂ ਮੁੱਖ ਮੰਤਰੀ ਦਾ ਇਸ ਸਬੰਧੀ ਕੋਈ ਆਦੇਸ਼ ਨਹੀਂ ਆਇਆ ਹੈ। ਉਨਾਂ ਆਖਿਆ ਕਿ ਹਰਮਿੰਦਰ ਜੱਸੀ ਹਲਕੇ ’ਚ ਕਾਂਗਰਸ ਨੂੰ ਉੱਚਾ ਚੁੱਕਣ ਲਈ ਵਧੀਆਂ ਕੰਮ ਕਰ ਰਹੇ ਹਨ। ਉਨਾਂ ਆਖਿਆ ਕਿ ਉਹ ਕਾਂਗਰਸ ਪਾਰਟੀ ਨਾਲ ਜੁੜੇ ਹਨ ਤੇ ਪਾਰਟੀ ਜਜੋ ਆਦੇਸ਼ ਦੇਵੇਗੀ ਉਸ ਤੇ ਅਮਲ ਕੀਤਾ ਜਾਏਗਾ। ੁਨਾਂ ਕਿਹਾ ਕਿ ਹਲਕੇ ’ਚ ਤਾਂ ਕਈ ਆਗੂ ਸਰਗਰਮੀਆਂ ਕਰ ਰਹੇ ਹਨ ।
         
                      ਉਨਾਂ ਦੀ ਡਿਊਟੀ ਤਾਂ ਰਾਸ਼ਨ ਵੰਡਣ ਦੀ ਲੱਗੀ
     ਸਾਬਕਾ ਵਿਧਾਇਕ ਮੰਗਤ ਰਾਮ ਬਾਸਲ ਦਾ ਕਹਿਣਾ ਸੀ ਕਿ ਪਾਰਟੀ ਵੱਲੋਂ ਉਨਾਂ ਦੀ ਡਿਊਟੀ ਉਨਾਂ ਕਰੀਬ 4 ਹਜਾਰ ਪ੍ਰੀਵਾਰਾਂ ਨੂੰ ਅਨਾਜ ਵੰਡਣ ਦੀ ਲਾਈ ਗਈ ਹੈ ਜਿੰਨਾਂ ਦੇ ਨੀਲੇ ਕਾਰਡ ਕੱਟੇ ਗਏ ਹਨ। ਉਨਾਂ ਆਖਿਆ ਕਿ ਉਹ ਤਾਂ ਇਸ ਕਰਕੇ ਸਰਪੰਚਾਂ ਆਦਿ ਨੂੰ ਮਿਲਣ ਗਏ ਸਨ ਤਾਂ ਜੋ ਖੁਰਾਕ ਤੇ ਸਪਲਾਈ ਵਿਭਾਗ ਤੋਂ ਸੂਚੀਆਂ ਲੈਕੇ ਰਾਸ਼ਨ ਦੀ ਵੰਡ ਕੀਤੀ ਜਾ ਸਕੇ। ਉਨਾਂ ਆਖਿਆ ਕਿ ਉਨਨਾਂ ਦੀ ਸਰਗਰਮੀ ਤੋਂ ਕੋਈ ਕੁੱਝ ਵੀ ਅੰਦਜਾ ਲਾ ਸਕਦਾ ਹੈ ਪਰ ਫਿਲਹਾਲ ਹਲਕਾ ਸੇਵਾਦਾਰ ਵਾਲੀ ਕੋਈ ਗੱਲ ਨਹੀਂ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!