ਅਸ਼ੋਕ ਵਰਮਾ
ਬਠਿੰੰਡਾ,20 ਜੂਨ। ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੂੰ ਅਪੀਲ ਕੀਤੀ ਕਿ ਉਹ ਉਹਨਾਂ 350 ਨੌਜਵਾਨਾਂ ਨੂੰ ਵਾਪਸ ਲਿਆਉਣ ਲਈ ਮਲੇਸ਼ੀਆ ਸਰਕਾਰ ਨਾਲ ਗੱਲਬਾਤ ਕਰਨ ਜੋ ਗੈਰ ਕਾਨੂੰਨੀ ਤੌਰ ‘ਤੇ ਰਹਿਣ ਕਾਰਨ ਜੇਲ ਭੇਜ ਦਿੱਤੇ ਗਏ ਸਨ ਤੇ ਹੁਣ ਸਜ਼ਾਵਾਂ ਪੂਰੀਆਂ ਹੋਣ ਮਗਰੋਂ ਵੀ ਮਲੇਸ਼ੀਆਂ ਵਿਚ ਫਸੇ ਹੋਏ ਹਨ। ਪ੍ਰਭਾਵਤ ਨੌਜਵਾਨਾਂ ਦੇ ਪਰਿਵਾਰਾਂ ਨੇ ਅੱਜ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਤੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਨੂੰ ਨਾਲ ਲੈ ਕੇ ਇਥੇ ਪਿੰਡ ਬਾਦਲ ਵਿਚਲੀ ਰਿਹਾਇਸ਼ ‘ਤੇ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨਾਲ ਮੁਲਾਕਾਤ ਕੀਤੀ।
ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਉਹਨਾਂ ਦੇ ਪੁੱਤਰ ਮਲੇਸ਼ੀਆ ਵਿਚ ਗੈਰ ਕਾਨੂੰਨੀ ਤੌਰ ‘ਤੇ ਰਹਿਣ ਕਾਰਨ ਮਿਲੀਆਂ ਸਜ਼ਾਵਾਂ ਪੂਰੀਆਂ ਕਰਨ ਮਗਰੋਂ ਹੁਣ ਕੈਂਪਾਂ ਵਿਚ ਨਜ਼ਰਬੰਦ ਕੀਤੇ ਹੋਏੇ ਹਨ। ਸ੍ਰੀਮਤੀ ਬਾਦਲ ਨੇ ਦੱਸਿਆ ਕਿ ਇਹਨਾਂ ਨੌਜਵਾਨਾਂ ਨਾਲ ਟਰੈਵਲ ਏਜੰਟ ਠੱਗੀ ਮਾਰ ਗਏ ਹਨ ਜੋ ਇਹਨਾਂ ਨੂੰ ਕੰਮ ਦੁਆਉਣ ਦਾ ਲਾਅਰਾ ਲਗਾ ਕੇ ਮਲੇਸ਼ੀਆ ਲੈ ਗਏ ਸਨ।
ਉਹਨਾਂ ਕਿਹਾ ਕਿ ਇਹਨਾਂ ਨੌਜਵਾਨਾਂ ਨੂੰ ਆਪਣਾ ਖਰਚਾ ਆਪ ਕਰਨਾ ਪਿਆ ਤੇ ਇਸ ਦੌਰਾਨ ਹੀ ਇਹ ਵੀਜ਼ੇ ਖਤਮ ਹੋਣ ਤੋਂ ਬਾਅਦ ਵੀ ਮਲੇਸ਼ੀਆ ਵਿਚ ਫਸੇ ਰਹੇ।ਸ੍ਰੀਮਤੀ ਬਾਦਲ ਨੇ ਮੌਕੇ ‘ਤੇ ਹੀ ਮਲੇਸ਼ੀਆ ਵਿਚ ਭਾਰਤੀ ਹਾਈ ਕਮਿਸ਼ਨਰ ਨੂੰ ਫੋਨ ਕੀਤਾ ਤੇ ਉਹਨਾਂ ਨੂੰ ਇਹਨਾਂ ਨੌਜਵਾਨਾਂ ਦੀ ਹਰ ਸੰਭਵ ਮਦਦ ਕਰਨ ਵਾਸਤੇ ਇਹਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਾਸਤੇ ਕਿਹਾ। ਉਹਨਾਂ ਨੇ ਹਾਈ ਕਮਿਸ਼ਨਰ ਨੂੰ ਇਹ ਵੀ ਬੇਨਤੀ ਕੀਤੀ ਕਿ ਸਫਾਰਤਖਾਨੇ ਤੋਂ ਕਿਸੇ ਅਫਸਰ ਦੀ ਡਿਊਟੀ ਇਹਨਾਂ ਨੌਜਵਾਨਾਂ ਨੂੰ ਮਿਲ ਕੇ ਨੌਜਵਾਨਾਂ ਦੀ ਇਹਨਾਂ ਦੇ ਪੰਜਾਬ ਵਿਚ ਪਰਿਵਾਰਾਂ ਨਾਲ ਗੱਲਬਾਤ ਕਰਵਾਉਣ ਵਾਸਤੇ ਲਗਾਈ ਜਾਵੇ। ਸ੍ਰੀਮਤੀ ਬਾਦਲ ਨੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦੁਆਇਆ ਕਿ ਉਹ ਇਹ ਮਾਮਲਾ ਵਿਦੇਸ਼ ਮੰਤਰੀ ਕੋਲ ਵੀ ਚੁੱਕਣਗੇ ਤੇ ਯਕੀਨੀ ਬਣਾਉਣਗੇ ਕਿ ਇਹ ਨੌਜਵਾਨ ਜਿੰਨੀ ਛੇਤੀ ਹੋ ਸਕੇ ਵਾਪਸ ਲਿਆਂਦੇ ਜਾਣ।
ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕਰਦਿਆਂ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਦੱਸਿਆ ਕਿ ਯੂਥ ਅਕਾਲੀ ਦਲ ਇਹਨਾਂ ਨੌਜਵਾਨਾਂ ਨੂੰ ਪੰਜਾਬ ਵਾਪਸ ਲਿਆਉਣ ਲਈ ਮਦਦ ਕਰਨ ਵਾਸਤੇ ਵਚਨਬੱਧ ਹੈ। ਉਹਨਾਂ ਕਿਹਾ ਕਿ ਯੂਥ ਵਿੰਗ ਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਕਈ ਨੌਜਵਾਨਾਂ ਕੋਲ ਵਾਪਸੀ ਦੀ ਟਿਕਟ ਖਰੀਦਣ ਜੋਗੇ ਪੈਸੇ ਵੀ ਨਹੀਂ ਹਨ, ਅਜਿਹੇ ਨੌਜਵਾਨਾਂ ਦੇ ਵਾਪਸੀ ਦੇ ਸਫਰ ਦਾ ਖਰਚ ਯੂਥ ਅਕਾਲੀ ਦਲ ਚੁੱਕੇਗਾ।