ਅਸ਼ੋਕ ਵਰਮਾ
ਬਠਿੰਡਾ,18 ਜੂਨ
ਵਿਧਾਨ ਸਭਾ ਹਲਕਾ ਬਠਿੰਡਾ (ਦਿਹਾਤੀ) ‘ਚ ਅਕਾਲੀ ਦਲ ਦੇ ਹਲਕਾ ਇੰਚਾਰਜ ਵਜੋਂ ਵਿਚ ਰਹੇ ਅਮਿਤ ਰਤਨ ਕੋਟਫੱਤਾ ਨੂੰ ਕਥਿਤ ਤੌਰ ਤੇ ਠੱਗੀ ਮਾਰਨ ਦੇ ਦੋਸ਼ਾਂ ਤਹਿਤ ਅਕਾਲੀ ਦਲ ਚੋਂ ਕੱਢੇ ਜਾਣ ਤੇ ਇਸ ਪੇਂਡੂ ਹਲਕੇ ’ਚ ਸਿਆਸਤ ਗਰਮਾਉਣ ਦੇ ਸੰਕੇਤ ਹਨ। ਅਮਿਤ ਰਤਨ ਇਸ ਵੇਲੇ ਹਲਕਾ ਇੰੰਚਾਰਜ ਦੇ ਤੌਰ ਤੇ ਹਲਕੇ ਦੀ ਕਮਾਂਡ ਸੰਭਾਲ ਰਿਹਾ ਸੀ। ਅੱਜ ਇਹ ਖਬਰ ਆਉਂਦਿਆਂ ਹੀ ਹਲਕੇ ਦੇ ਅਕਾਲੀ ਆਗੂ ਸਰਗਰਮ ਹੋ ਗਏ ਹਨ। ਤਕਰੀਬਨ ਨਿਰੋਲ ਪੇਂਡੂ ਹਲਕੇ ਦੇ ਪਿੰਡਾਂ ’ਚ ਅੱਜ ਇਸ ਗੱਲ ਦੇ ਹੀ ਚਰਚੇ ਸਨ। ਹਲਕਾ ਦਿਹਾਤੀ ਦੇ ਕਸਬੇ ਸੰਗਤ ਮੰਡੀ ਦੇ ਨੌਜਵਾਨ ਹਰਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਨਿਰਸੰਦੇਹ ਅਕਾਲੀ ਸਿਆਸਤ ’ਚ ਵੱਡੀ ਤਬਦੀਲੀ ਆਵੇਗੀ। ਹੁਣ ਅਮਿਤ ਰਤਨ ਦਾ ਅਗਲਾ ਪੈਂਤੜਾ ਕੀ ਹੋਵੇਗਾ ਸਭ ਦੀਆਂ ਨਜ਼ਰਾਂ ਇਸ ਤੇ ਟਿਕ ਗਈਆਂ ਹਨ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਅਮਿਤ ਰਤਨ ਨੂੰ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਸੀ ਪਰ ਉਹ ਹਾਰ ਗਏ ਸਨ। ਉਸ ਵਕਤ ਤੱਤਕਾਲੀ ਅਕਾਲੀ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਦਾ ਹਲਕਾ ਬਦਲ ਕੇ ਉਨਾਂ ਨੂੰ ਮਲੋਟ ਹਲਕੇ ਤੋਂ ਚੋਣ ਲੜਾਈ ਗਈ ਸੀ। ਅਮਿਤ ਰਤਨ ਸਬੰਧੀ ਸ਼ਕਾਇਤਾਂ ਪਾਰਟੀ ਵਰਕਰਾਂ ਵੱਲੋਂ ਕੀਤੀਆਂ ਗਈਆਂ ਸਨ ਜਿੰਨਾਂ ਦੀ ਪੜਤਾਲ ਉਪਰੰਤ ਕਥਿਤ ਦੋਸ਼ ਸਾਬਤ ਹੋ ਗਏ ਹਨ ਜਿਸ ਮਗਰੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹ ਸਖਤ ਕਾਰਵਾਈ ਕੀਤੀ ਹੈ।
ਦੱਸਣਯੋਗ ਹੈ ਕਿ ਅਮਿਤ ਰਤਨ ਸਾਲ 2107 ਦੀਆਂ ਚੋਣਾਂ ਮੌਕੇ ਹਲਕਾ ਸ਼ੁਤਰਾਣਾ ਤੋਂ ਕਾਂਗਰਸ ਦੀ ਟਿਕਟ ਦਾ ਦਾਅਵੇਦਾਰ ਸੀ। ਜਦੋਂ ਕਾਂਗਰਸ ਨੇ ਟਿਕਟ ਨਾਂ ਦਿੱਤੀ ਤਾਂ ਉਹ ਰਾਤੋ ਰਾਤ ‘ਤੱਕੜੀ’ ‘ਚ ਤੁਲ ਗਿਆ । ਹਲਕਾ ਸ਼ੁਤਰਾਣਾ ਵਿੱਚ ਅਮਿਤ ਰਤਨ ਦਾ ਚੰਗਾ ਅਧਾਰ ਸੀ ਪਰ ਅਕਾਲੀ ਦਲ ‘ਚ ਸ਼ਮੂਲੀਅਤ ਨੇ ਸਿਆਸੀ ਹਲਕਿਆਂ ਨੂੰ ਹੈਰਾਨ ਕਰ ਦਿੱਤਾ ਸੀ। ਇੰਜਨੀਅਰ ਅਮਿਤ ਰਤਨ ਦਾ ਜੱਦੀ ਪਿੰਡ ਬਠਿੰਡਾ ਦੇ ਗੁਆਂਢ ’ਚ ਹੀ ਪੈਂਦਾ ਪਿੰਡ ਕੋਟਫੱਤਾ ਹੈ । ਉਹ ਸੇਵਾਮੁਕਤ ਅਧਿਕਾਰੀ ਤੇ ਸਾਹਿਤਕਾਰ ਬੀ.ਐਸ.ਰਤਨ ਦਾ ਪੁੱਤਰ ਹੈ। ਦੱਸਦੇ ਹਨ ਕਿ ਅਮਿਤ ਰਤਨ ਜਦੋਂ ਕਾਂਗਰਸ ਪਾਰਟੀ ’ਚ ਸੀ ਤਾਂ ਉਸ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਮਹਾਂਰਾਣੀ ਪ੍ਰਨੀਤ ਕੌਰ ਨਾਲ ਕਾਫੀ ਨੇੜਤਾ ਸੀ। ਅਕਾਲੀ ਦਲ ’ਚ ਆਉਣ ਤੋਂ ਬਾਅਦ ਉਸਨੇ ਕਾਂਗਰਸੀ ਹੁੰਦਿਆਂ ਸੋਸ਼ਲ ਸਾਈਟ ਫੇਸਬੁੱਕ ਤੇ ਜੋ ਪੇਜ ਬਣਾਇਆ ਸੀ ਉਸ ਨੂੰ ਡਿਲੀਟ ਕਰਕੇ ਹਲਕਾ ਦਿਹਾਤੀ ਨਾਲ ਸਬੰਧਤ ਨਵਾਂ ਅਕਾਉਂਟ ਬਣਾ ਲਿਆ ਸੀ। ਆਪਣੇ ਹਲਕੇ ’ਚ ਅਮਿਤ ਰਤਨ ਅਕਾਲੀ ਦਲ ਦੇ ਹਲਕਾ ਇੰਚਾਰਜ ਵਜੋਂ ਵਿਚਰਦਾ ਸੀ ਅਤੇ ਇਸ ਤਰਾਂ ਪਾਰਟੀ ਬੁਾਹਰ ਦਾ ਰਸਤਾ ਦਿਖਾ ਦੇਵੇਗੀ, ਕਿਸੇ ਨੂੰ ਚਿੱਤ ਚੇਤੇ ਵੀ ਨਹੀਂ ਸੀ।
ਹਲਕੇ ਦੀ ਸਿਆਸਤ ’ਚ ਸੀ ਮੋਹਰੀ
ਹਾਲਾਂਕਿ ਹੁਣ ਅਮਿਤ ਰਤਨ ਅਕਾਲੀ ਦਲ ਦਾ ਹਿੱਸਾ ਨਹੀਂ ਰਿਹਾ ਫਿਰ ਵੀ ਹਲਕਾ ਇੰੰਚਾਰਜ ਵਜੋਂ ਉਸ ਦਾ ਹਲਕੇ ਦੀ ਅਕਾਲੀ ਸਿਆਸਤ ’ਚ ਕਾਫੀ ਬੋਲਬਾਲਾ ਸੀ। ਹਲਕੇ ਦੇ ਫੇਸਬੁੱਕ ਪੇਜ ਤੇ ਕਾਫੀ ਪੋਸਟਾਂ ਪਾਈਆਂ ਹੋਈਆਂ ਹਨ ਜਿੰਨਾਂ ‘ਚ ਅਮਿਤ ਰਤਨ ਨੂੰ ਹਲਕੇ ਦਾ ਅਕਾਲੀ ਨੇਤਾ ਦੱਸਿਆ ਗਿਆ ਹੈ। ਉਨਾਂ ਵੱਲੋਂ ਹਰ ਤਿਉਹਾਰ ਤੇ ਲੋਕਾਂ ਨੂੰ ਅਕਾਲੀ ਆਗੂ ਵਜੋਂ ਵਧਾਈ ਵੀ ਦਿੱਤੀ ਗਈ ਹੈ। ਉਸ ਦੀਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰੰਘ ਬਾਦਲ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਾਲ ਤਸਵੀਰਾਂ ਵੀ ਹਨ। ਇੱਕ ਤਸਵੀਰ ‘ਚ ਤਾਂ ਅਮਿਤ ਅਕਾਲੀ ਲੀਡਰਸ਼ਿਪ ਨਾਲ ਬੈਠਾ ਹੋਇਆ ਹੈ। ਉਸ ਵੱਲੋਂ ਬਠਿੰਡਾ ‘ਚ ਲੱਗੇ ਧਰਨਿਆਂ ‘ਚ ਵੀ ਵੱਡੇ ਜੱਥੇ ਨਾਲ ਸ਼ਮੂਲੀਅਤ ਕੀਤੀ ਗਈ ਸੀ। ਹੋਰ ਵੀ ਕਾਫੀ ਪੋਸਟਾਂ ਏਦਾਂ ਦੀਆਂ ਸਨ ਜਿੰਨਾਂ ਤੋਂ ਸਾਫ ਪਤਾ ਲੱਗਦਾ ਹੈ ਕਿ ਸ੍ਰੀ ਰਤਨ ਦਿਹਾਤੀ ਹਲਕੇ ‘ਚ ਅਕਾਲੀ ਨੇਤਾ ਵਜੋਂ ਪੂਰੇ ਸਰਗਰਮ ਹਨ।
ਰਾਖਵੇਂ ਹਲਕਿਆਂ ‘ਤੇ ਫੋਕਸ
ਗੌਰਤਲਬ ਹੈ ਕਿ ਅਕਾਲੀ ਦਲ ਨੂੰ ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਵੀ ਰਾਖਵੀਆਂ ਸੀਟਾਂ ‘ਤੇ ਹੋਈ ਵੱਡੀ ਜਿੱਤ ਕਰਕੇ ਸੱਤਾ ਮਿਲੀ ਸੀ। ਇੰਨਾਂ ਚੋਣਾਂ ਦੌਰਾਨ 21 ਵਿਧਾਨ ਸਭਾ ਹਲਕਿਆਂ ‘ਤੇ ਅਕਾਲੀ ਉਮੀਦਵਾਰ ਜਿੱਤੇ ਸਨ ਜਿੰਨਾਂ ਚੋਂ ਹਲਕਾ ਬਠਿੰਡਾ ਦਿਹਾਤੀ ਵੀ ਸੀ। ਪਾਰਟੀ ਹਲਕਿਆਂ ਨੇ ਦੱਸਿਆ ਹੈ ਕਿ ਅਗਾਮੀ ਚੋਣਾਂ ਦੌਰਾਨ ਜਿੰਨਾਂ ਹਲਕਿਆਂ ਤੇ ਵਧੇਰੇ ਫੋਕਸ ਕੀਤਾ ਜਾ ਰਿਹਾ ਹੈ ਉਨਾਂ ’ਚ ਰਿਜ਼ਰਵ ਹਲਕੇ ਵੀ ਸ਼ਾਮਲ ਹਨ। ਅਜਿਹੇ ਹਾਲਾਤਾਂ ਦਰਮਿਆਨ ਜਦੋਂ ਪਾਰਟੀ ਪਿੰਡਾਂ ’ਚ ਅਧਾਰ ਪੱਕਾ ਕਰਨ ਲਈ ਜੋਰ ਲਾ ਰਹੀ ਹੈ ਤਾਂ ਇੱਕ ਹਲਕਾ ਇੰਚਾਰਜ ਨੂੰ ਪਾਰਟੀ ਚੋਂ ਕੱਢਣਾ ਹੈਰਾਨਕੁੰਨ ਮੰਨਿਆ ਜਾ ਰਿਹਾ ਹੈ।
ਅਮਿਤ ਰਤਨ ਨੇ ਆਪਣਾ ਪੱਖ ਨਹੀਂ ਦਿੱਤਾ
‘ਪੰਜ ਦਰਿਆ’ ਵੱਲੋਂ ਅਮਿਤ ਰਤਨ ਨਾਲ ਉਨਾਂ ਦੇ ਦੋਵਾਂ ਮੋਬਾਇਲ ਨੰਬਰਾਂ ਤੇ ਸੰੰਪਰਕ ਕਰਕੇ ਪੱਖ ਜਾਨਣਾ ਚਾਹਿਆ ਤਾਂ ਉਨਾਂ ਦੇ ਸਾਥੀਆਂ ਨੇ ਫੋਨ ਤਾਂ ਚੁੱਕੇ ਪਰ ਥੋੜੀ ਦੇਰ ’ਚ ਗੱਲ ਕਰਵਾਉਣ ਬਾਰੇ ਕਹਿਕੇ ਗੱਲ ਕਰਵਾਈ ਨਹੀਂਂ। ਦੂਸਰੀ ਵਾਰ ਉਸ ਦਾ ਫੋਨ ਚੁੱਕਣ ਵਾਲੇ ਨੇ ਕਿਹਾ ਕਿ ਉਹ ਪੰਜ ਮਿੰਟ ਵਿੱਚ ਪ੍ਰੈਸ ਨੋਟ ਜਾਰੀ ਕਰ ਰਹੇ ਹਨ। ਇੱਕ ਵਾਰ ਫਿਰ ਕੋਸ਼ਿਸ਼ ਕਰਨ ਤੇ ਅਮਿਤ ਰਤਨ ਦੇ ਦੋਵਾਂ ਨੰਬਰਾਂ ਤੇ ਕਾਲ ਫਾਰਵਰਡ ਕੀਤੀ ਹੋਣ ਕਰਕੇ ਸੰਪਰਕ ਨਹੀਂ ਬਣ ਸਕਿਆ।