ਨਗਰ ਨਿਗਮ ਨੂੰ ਸੀਵਰੇਜ਼, ਨਾਲਿਆਂ ਆਦਿ ਦੀ ਸਫਾਈ 30 ਤੋ ਪਹਿਲਾਂ ਕਰਨ ਦੇ ਆਦੇਸ਼ ਜਾਰੀ
ਮੋਗਾ (ਮਿੰਟੂ ਖੁਰਮੀ)
ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਅੱਜ ਜ਼ਿਲ੍ਹਾ ਫ਼ਲੱਡ ਸੁਰੱਖਿਆ ਕਮੇਟੀ ਦੀ ਮੀਟਿੰਗ ਦੌਰਾਨ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਉਣ ਵਾਲੇ ਬਰਸਾਤਾਂ ਦੇ ਸੀਜ਼ਨ ਦੌਰਾਨ ਸੰਭਾਵੀ ਹੜ੍ਹਾਂ ਦੀ ਸਥਿਤੀ ਨਾਲ ਨਿਪਟਣ ਲਈ ਲੋੜੀਂਦੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ, ਤਾਂ ਜੋ ਹੜ੍ਹ ਆਉਣ ਦੀ ਸੂਰਤ ‘ਚ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਰੇਤ ਦੇ ਲੋੜੀਂਦੇ ਬੈਗਜ਼ ਦੇ ਪ੍ਰਬੰਧ ਕਰਨ ਲਈ ਕਿਹਾ। ਉਨ੍ਹਾਂ ਉਪ ਮੰਡਲ ਮੈਜਿਸਟ੍ਰੇਟ ਧਰਮਕੋਟ ਨੂੰ ਉਪਲੱਭਧ ਕਿਸ਼ਤੀਆਂ/ਇੰਜਣਾਂ ਨੂੰ ਚੈਕ ਕਰਕੇ ਯੋਗ ਰਿਪੇਅਰ ਕਰਵਾਉਣ ਲਈ ਕਿਹਾ। ਹੜ੍ਹ ਆਉਣ ਦੀ ਸੂਰਤ ‘ਚ ਰਾਹਤ ਕੈਂਪਾਂ ਲਈ ਉਚਿਤ ਜਗ੍ਹਾ ਦੀ ਚੋਣ ਕਰਨ ਦੇ ਨਿਰਦੇਸ਼ ਦਿੱਤੇ ਗਏ। ਖੁਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਖਾਣ-ਪੀਣ ਦੀਆਂ ਜ਼ਰੂਰੀ ਵਸਤਾਂ ਰਾਖਵੀਆਂ ਰੱਖਣ ਲਈ ਵੀ ਨਿਰਦੇਸ਼ ਦਿੱਤੇ ਗਏ ।
ਸਿਵਲ ਸਰਜਨ ਮੋਗਾ ਨੂੰ ਸੰਭਾਵਿਤ ਹੜ੍ਹ ਪ੍ਰਭਾਵਿਤ ਪਿੰਡਾਂ ਲਈ ਮੈਡੀਕਲ ਸਹਾਇਤਾ ਟੀਮਾਂ ਗਠਿਤ ਕਰਨ ਅਤੇ ਲੋੜੀਂਦੀਆਂ ਦਵਾਈਆਂ ਦੇ ਪ੍ਰਬੰਧ ਕਰਨ ਲਈ ਕਿਹਾ। ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੋਗਾ ਨੂੰ ਪੀਣ ਵਾਲੇ ਸਾਫ਼ ਪਾਣੀ ਦੇ ਪ੍ਰਬੰਧ ਕਰਨ ਲਈ ਗਿਆ।
ਐਕਸੀਅਨ ਫਰੀਦਕੋਟ ਡਰੇਨਜ਼ ਨੂੰ ਸਿੱਧਵਾਂ ਕਲਾਂ, ਲੰਘੇਆਣਾ, ਲੰਘੇਆਣਾ-2, ਕਾਲੇਕੇ ਡਰੇਨਾਂ ਨੂੰ ਸਾਫ ਕਰਨ ਦੇ ਕੰਮ ਵਿੱਚ ਹੋਰ ਤੇਜ਼ੀ ਲਿਆਉਣ ਦੇ ਆਦੇਸ਼ ਵੀ ਜਾਰੀ ਕੀਤੇ। ਮੀਟਿੰਗ ਵਿੱਚ ਹਾਜ਼ਰ ਨਗਰ ਨਿਗਮ ਦੇ ਅਧਿਕਾਰੀਆਂ, ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਦੇ ਕਾਰਜਕਾਰੀ ਇੰਜੀਨੀਅਰਾਂ ਨੂੰ ਆਪਣੇ ਅਧਿਕਾਰ ਖੇਤਰ ਦੇ ਸੀਵਰੇਜ਼ ਨਾਲਿਆਂ ਅਤੇ ਡਰੇਨਾਂ ਆਦਿ ਦੀ ਸੁਚੱਜੇ ਢੰਗ ਨਾਲ ਸਫਾਈ ਬਾਰੇ ਨਿਰਦੇਸ਼ ਦਿੱਤੇ। ਬੱਧਨੀ ਕਲਾਂ, ਫਤਿਹਗੜ੍ਹ ਪੰਜਤੂਰ ਇਲਾਕਿਆਂ ਵਿੱਚ ਨਹਿਰ ਨਾਲ ਲਗਦੇ ਨਾਲਿਆਂ ਦੀ ਸਾਫ ਸਫਾਈ ਕਰਵਾਉਣ ਲਈ ਵੀ ਕਿਹਾ। ਉਹਨਾਂ ਕਿਹਾ ਕਿ ਸ਼ੇਰੇਵਾਲਾ ਵਿੱਚ ਪੈਂਦੇ ਡਰੇਨ ਦੀ ਮਜ਼ਬੂਤੀ ਦਾ ਕੰਮ ਜੋ ਚੱਲ ਰਿਹਾ ਹੈ ਉਹ ਵੀ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ।
ਮੀਟਿੰਗ ਵਿੱਚ ਉਨ੍ਹਾਂ ਕਮਿਸ਼ਨਰ ਨਗਰ ਨਿਗਮ ਨੂੰ ਸ਼ਹਿਰ ਦੇ ਸੀਵਰੇਂਜ, ਨਾਲੀਆਂ, ਦੀ ਸਫਾਈ ਦਾ ਕੰਮ ਹਰ ਹਾਲਤ ਵਿੱਚ 30 ਜੂਨ ਤੱਕ ਪੂਰਾ ਕਰਵਾਉਣ ਲਈ ਵੀ ਕਿਹਾ।
ਮੀਟਿੰਗ ਵਿੱਚ ਉਨ੍ਹਾਂ ਫਲੱਡ ਕੰਟਰੋਲ ਰੂਮ ਸਥਾਪਿਤ ਕਰਕੇ ਇਸ ਨੂੰ ਸੁਚੱਜੇ ਢੰਗ ਨਾਲ ਨਿਯੰਤਰਣ ਕਰਨ ਬਾਰੇ ਵੀ ਕਿਹਾ।
ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀਮਤੀ ਅਨੀਤਾ ਦਰਸ਼ੀ, ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੋਗਾ ਜਸਵਿੰਦਰ ਸਿੰਘ ਚਾਹਲ, ਸਹਾਇਕ ਸਿਵਲ ਸਰਜਨ ਡਾ. ਜਸਵੰਤ ਸਿੰਘ, ਉਪ ਮੰਡਲ ਮੇੈਜਿਸਟ੍ਰੇਟ ਧਰਮਕੋਟ ਨਰਿੰਦਰ ਸਿੰਘ ਧਾਲੀਵਾਲ, ਨਾਇਬ ਤਹਿਸੀਲਦਾਰ ਧਰਮਕੋਟ ਗੁਰਦੀਪ ਸਿੰਘ, ਨਾਇਂਬ ਤਹਿਸੀਲਦਾਰ ਕੋਟ ਈਸੇ ਖਾਂ ਮਲੂਕ ਸਿੰਘ, ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਸਰਤਾਜ ਸਿੰਘ ਚੀਮਾ, ਕਾਰਜਕਾਰੀ ਇੰਜਨੀਅਰ ਨਗਰ ਕੌਸਲ ਧਰਮਕੋਟ ਨਗਰ ਪੰਚਾਇਤ ਬੱਧਨੀ ਕਲਾਂ ਦਵਿੰਦਰ ਸਿੰਘ ਤੂਰ, ਲੋਕ ਨਿਰਮਾਣ ਵਿਭਾਗ ਦੇ ਐਸ.ਡੀ.ਓ. ਚਰਨਜੀਤ ਪਾਲ, ਖੇਤੀਬਾੜੀ ਅਫ਼ਸਰ ਜਸਵਿੰਦਰ ਸਿੰਘ, ਡੀ.ਐਸ.ਪੀ. (ਹੈਡ) ਗੁਰਪ੍ਰੀਤ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਜੇ.ਐਸ. ਬੱਲ, ਐਕਸੀਅਨ ਫਰੀਦਕੋਟ ਡਰੇਨਜ਼ ਰੁਪਿੰਦਰ ਸਿੰਘ, ਐਸ.ਡੀ.ਓ. ਡਰੇਨਜ਼ ਮੋਗਾ ਸੋਹਣ ਲਾਲ ਮੋਗਾ, ਡਾ. ਸੁਭਾਸ਼ ਚੰਦਰ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਆਦਿ ਹਾਜ਼ਰ ਸਨ।