ਬਾਬਲਾ
ਨਿੱਕੇ ਹੁੰਦਿਆਂ ਹੀ
ਵੀਰੇ ਨੂੰ
ਝਿੜਕਿਆ ਜੇ ਕਿਤੇ ਹੁੰਦਾ
ਤਾਂ ਅੱਜ ਤੇਰੀਆਂ ਸੱਧਰਾਂ
ਹਨੇਰਿਆਂ ਦੀ ਦਲ- ਦਲ ‘ਚ
ਮਧੋਲੀਆਂ ਨਾ ਜਾਂਦੀਆਂ
ਨਾ ਹੀ ਤੂੰ
ਇਨ੍ਹਾਂ ਸਰਾਪ ਦਿਨਾਂ ਦਾ
ਭਾਗੀਦਾਰ ਬਣਦਾ|
ਬਾਬਲਾ:
ਯਾਦ ਨੇ ਮੈਨੂੰ
ਉਹ ਸਾਰੇ ਪਲ
ਜਦੋਂ ਤੂੰ ਤੇ ਅੰਮੀ
ਵੀਰੇ ਦੀ ਹਰ ਚੰਦਰੀ ਖਾਹਿਸ਼ ਅੱਗੇ
ਗੋਡੇ ਟੇਕਦਿਆਂ
ਭਰ ਲੈਂਦੇ ਸੀ
ਉਮਰਾਂ ਜੇਡਾ ਲੰਬੇਰਾ ਹਾਉਕਾ |
ਤੇ ਯਾਦ ਨੇ ਹਾਲੇ ਵੀ ਮੈਨੂੰ
ਅਤੀਤ ਦੇ ਉਹ ਨਿਰਮੋਹੇ ਪਲ
ਜਦ ਮੈਨੂੰ
ਨਿੱਕੀ ਜਿਹੀ ਗੱਲ ਉੱਤੇ ਹੀ
ਬੇਤਹਾਸ਼ਾ ਝਿੜਕਦੇ
ਤੇ ਹਰ ਪਲ
ਪੜ੍ਹਾਇਆ ਜਾਂਦਾ ਸੀ ਮੈਨੂੰ
ਧੀਆਂ ਪਰਦੇਸਣਾਂ ਦੀ ਮਰਿਯਾਦਾ ਦਾ ਪਾਠ|
ਮੈਂ ਤੁਹਾਡੀਆਂ ਗੱਲਾਂ ਤੇ ਅਮਲ ਕਰਦੀ
ਆਪਣੇ ਪਰਛਾਵੇਂ ਤੋਂ ਵੀ ਡਰਦੀ
ਘਰ ਦੀ ਸਰਦਲ ਤੋਂ ਸਕੂਲ
ਤੇ ਸਕੂਲ ਤੋਂ ਘਰ ਤੱਕ ਦਾ ਸਫਰ
ਇਨ੍ਹਾਂ ਗੁੰਮਨਾਮ ਖਿਆਲਾਂ ‘ਚ ਗੁਜ਼ਾਰਦੀ
ਅੱਜ ਯੂਨੀਵਰਸਿਟੀ ਪੱਧਰ ਦੀ
ਉੱਚ ਵਿਦਿਆ ਪ੍ਰਾਪਤ ਕਰਕੇ
ਬਣ ਗਈ ਹਾਂ
ਇੱਕ ਸਨਮਾਣਯੋਗ ਅਧਿਆਪਕਾ |
ਬਾਬਲਾ:
ਯਾਦ ਨੇ ਮੈਨੂੰ
ਤੇਰੇ ਉਹ ਸ਼ਿੰਦੇ ਬੋਲ
ਜਦੋਂ ਤੂੰ ਵੀਰੇ ਨੂੰ
ਬੇਪਰਵਾਹੀ ਦੇ ਆਲਮ ‘ਚ ਆਖਦਾ
ਪਰਵਾਹ ਨਾ ਕਰੀਂ ਪੁੱਤਰਾ
ਕਿਸੇ ਟੁੰਡੀ ਲਾਟ ਦੀ
ਬਾਪੂ ਤੇਰਾ ਨੰਬਰਦਾਰ ਏ ਪਿੰਡ ਦਾ
ਤੇ ਫਿਰ ਵੀਰੇ ਦਾ
ਨਸ਼ਿਆਂ ‘ਚ ਗੁਲਤਾਨ ਹੋ
ਦੇਰ ਰਾਤ ਨੂੰ ਘਰ ਪਰਤਣਾ
ਪਿੰਡ ਦੀਆਂ ਜਵਾਨ ਧੀਆਂ ਨੂੰ
ਸੀਟੀਆਂ ਮਾਰ-ਮਾਰ ਸਤਾਉਣਾ
ਨਸ਼ੇ ਦੀ ਲਤ-ਪੂਰਤੀ ਲਈ
ਚੋਰੀਆਂ ਕਰਨਾ
ਤੇ ਮਾਂ ਦਾ
ਉਸ ਦੀਆਂ ਗੁਸਤਾਖੀਆਂ ‘ ਤੇ
ਵਾਰ ਵਾਰ ਪਰਦੇ ਪਾਉਣਾ
ਅੱਜ ਉਸ ਨੂੰ
ਨਸ਼ਾ ਛਡਾਊ ਕੇਂਦਰ ਵਿੱਚ
ਭਰਤੀ ਕਰਵਾ ਗਿਆ ਏ|
ਮੇਰੇ ਬਾਬਲਾ
ਅੱਜ ਜਦੋਂ ਤੂੰ
ਭੁੱਬਾਂ ਮਾਰਦਾ
ਤੇ ਬੇਵਸੀ ‘ਚ ਲਟਕਿਆ ਸਿਰ ਲੈ ਕੇ
ਨਸ਼ਾ ਛਡਾਊ ਕੇਂਦਰ ਵਿੱਚੋਂ ਬਾਹਰ ਨਿਕਲਿਆ
ਤਾਂ ਇੱਕ ਹਾਉਕਾ
ਮੇਰੀ ਰੂਹ ਨੂੰ ਛਨਣੀ ਕਰ ਗਿਆ
ਇੱਕ ਹੂਕ
ਮੇਰੀ ਰੂਹ ਦੀਆਂ ਸਰਦਲਾਂ ਤੋਂ
ਆਰ-ਪਾਰ ਹੋ ਗਈ
ਕਿ ਬਾਬਲਾ
ਨਿੱਕੇ ਹੁੰਦਿਆਂ ਹੀ
ਵੀਰੇ ਨੂੰ
ਝਿੜਕਿਆ ਜੇ ਕਿਤੇ ਹੁੰਦਾ
ਤਾਂ ਅੱਜ
ਇਹ ਕਾਲੇ ਦਿਨ ਨਾ ਵੇਖਦਾ::::;;;;;
ਗੁਰਭਜਨ ਸਿੰਘ ਲਾਸਾਨੀ
9872439278
ਜਿਲ੍ਹਾ ਸਿੱਖਿਆ ਅਫ਼ਸਰ
ਕਪੂਰਥਲਾ