ਇੰਡੋ ਚਾਈਨਾ ਵਿਵਾਦ
ਸ੍ਰੀਨਗਰ (ਪੰਜ ਦਰਿਆ ਬਿਊਰੋ)
ਪੂਰਬੀ ਲੱਦਾਖ ‘ਚ ਚੀਨ ਨਾਲ ਲਗਾਤਾਰ ਵਧਦੇ ਤਣਾਅ ਦਰਮਿਆਨ ਫ਼ੌਜ ਨੇ ਭਾਰਤ-ਤਿੱਬਤ ਸੀਮਾ ਪੁਲਿਸ (ਆਈਟੀਬੀਪੀ) ਦੀਆਂ ਸਰਹੱਦੀ ਨਿਗਰਾਨੀ ਚੌਕੀਆਂ ਨੂੰ ਆਪਣੇ ਹੱਥ ਵਿਚ ਲੈ ਲਿਆ ਹੈ। ਇਸ ਦਰਮਿਆਨ ਕਸ਼ਮੀਰ ਤੋਂ ਫ਼ੌਜ ਦੇ ਜਵਾਨਾਂ ਦੀਆਂ ਵਾਧੂ ਟੁਕੜੀਆਂ ਸਾਜ਼ੋ-ਸਾਮਾਨ ਸਮੇਤ ਪੂਰਬੀ ਲੱਦਾਖ ਲਈ ਰਵਾਨਾ ਹੋ ਗਈਆਂ ਹਨ। ਹਵਾਈ ਫ਼ੌਜ ਦਾ ਇਕ ਏਐੱਨ-32 ਜਹਾਜ਼ ਸ੍ਰੀਨਗਰ ਤੇ ਕਿ ਲੇਹ ਪੁੱਜ ਗਿਆ ਹੈ। ਗਲਵਾਨ ਖੇਤਰ ਵਿਚ ਨਾਗਰਿਕ ਸੰਚਾਰ ਸੇਵਾ ਨੂੰ ਬੰਦ ਕਰਨ ਦੇ ਨਾਲ ਹੀ ਲੇਹ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ‘ਤੇ ਸੋਨਮਰਗ ਤੋਂ ਅੱਗੇ ਨਾਗਰਿਕ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ।
ਫ਼ੌਜੀ ਸੂਤਰਾਂ ਨੇ ਦੱਸਿਆ ਕਿ ਗਲਵਾਨ ਵਾਦੀ ‘ਚ ਸੋਮਵਾਰ ਰਾਤ ਭਾਰਤ ਤੇ ਚੀਨ ਦੇ ਫ਼ੌਜੀਆਂ ਵਿਚਕਾਰ ਹੋਈ ਝੜਪ ਪਿੱਛੋਂ ਪੂਰਬੀ ਲੱਦਾਖ ‘ਚ ਫ਼ੌਜੀ ਤਣਾਅ ਸਿਖਰ ‘ਤੇ ਹੈ। ਲੱਦਾਖ ਵਿਚ ਫ਼ੌਜ ਨੇ ਚੀਨ ਤੇ ਭਾਰਤ ਵਿਚਕਾਰ 955 ਕਿਲੋਮੀਟਰ ਲੰਬੀ ਅਸਲ ਕੰਟਰੋਲ ਲਾਈਨ (ਐੱਲਏਸੀ) ‘ਤੇ ਸਥਿਤ ਆਈਟੀਬੀਪੀ ਦੀਆਂ ਸਾਰੀਆਂ ਸਰਹੱਦੀ ਨਿਗਰਾਨੀ ਚੌਕੀਆਂ ਨੂੰ ਕੰਟਰੋਲ ਵਿਚ ਲੈ ਲਿਆ ਹੈ। ਹਾਲਾਂਕਿ ਰੱਖਿਆ ਮੰਤਰਾਲੇ ਨੇ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ। ਆਈਟੀਬੀਪੀ ਜਵਾਨ ਤੇ ਅਧਿਕਾਰੀ ਹੁਣ ਫ਼ੌਜ ਨਾਲ ਐੱਲਏਸੀ ‘ਤੇ ਗਸ਼ਤ ਕਰਦਿਆਂ ਚੀਨ ਦੀਆਂ ਹਰਕਤਾਂ ‘ਤੇ ਨਜ਼ਰ ਰੱਖ ਰਹੇ ਹਨ। ਪੈਂਗਾਂਗ ਝੀਲ ਵਿਚ ਵੀ ਫ਼ੌਜ ਨੇ ਗਸ਼ਤ ਵਧਾ ਦਿੱਤੀ ਹੈ। ਜਲ ਸੈਨਾ ਦੇ ਜਵਾਨਾਂ ਦਾ ਇਕ ਦਸਤਾ ਵੀ ਇੱਥੇ ਝੀਲ ਵਿਚ ਤਾਇਨਾਤ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਦਸਤਾ ਬੀਤੇ 15 ਦਿਨਾਂ ਤੋਂ ਲੇਹ ਵਿਚ ਸੀ।
ਫ਼ੌਜੀ ਸੂਤਰਾਂ ਨੇ ਦੱਸਿਆ ਕਿ ਫ਼ੌਜ ਦੇ ਜਵਾਨਾਂ ਦਾ ਇਕ ਵਿਸ਼ੇਸ਼ ਦਸਤਾ ਤੇ ਭਾਰੀ ਸਾਜ਼ੋ-ਸਾਮਾਨ ਦੀ ਇਕ ਖੇਪ ਨੂੰ ਏਐੱਨ-32 ਜਹਾਜ਼ ਰਾਹੀਂ ਸਿੱਧੇ ਲੇਹ ਪਹੁੰਚਾਇਆ ਗਿਆ ਹੈ। ਮੰਗਲਵਾਰ ਸ਼ਾਮ ਤੋਂ ਹੀ ਕਸ਼ਮੀਰ ਤੋਂ ਫ਼ੌਜ ਦੀਆਂ ਵਾਧੂ ਟੁਕੜੀਆਂ ਲੇਹ ਲਈ ਰਵਾਨਾ ਹੋ ਰਹੀਆਂ ਹਨ। ਇਹ ਜਵਾਨ ਜੰਗੀ ਸਾਜ਼ੋ-ਸਾਮਾਨ ਨਾਲ ਲੈਸ ਹਨ।
ਸ੍ਰੀਨਗਰ-ਲੇਹ ਰਾਸ਼ਟਰੀ ਰਾਜ ਮਾਰਗ ‘ਤੇ ਗੰਦਰਬਲ, ਕੰਗਨ, ਗੁੰਡ ਤੇ ਸੋਨਮਰਗ ‘ਚ ਰਹਿਣ ਵਾਲੇ ਲੋਕਾਂ ਨੇ ਕਿਹਾ ਕਿ ਉਹ ਮੰਗਲਵਾਰ ਸ਼ਾਮ ਤੋਂ ਹੀ ਲੱਦਾਖ ਲਈ ਫ਼ੌਜੀ ਕਾਫ਼ਲਿਆਂ ਦੀ ਅਸਾਧਾਰਨ ਰਵਾਨਗੀ ਦੇਖ ਰਹੇ ਹਨ। ਸੋਨਮਰਗ ਕੋਲ ਗਗਨਗੀਰ ‘ਚ ਜੰਮੂ-ਕਸ਼ਮੀਰ ਪੁਲਿਸ ਨੇ ਇਕ ਆਰਜ਼ੀ ਚੌਕੀ ਸਥਾਪਤ ਕੀਤੀ ਹੈ ਤੇ ਲੱਦਾਖ ਜਾ ਰਹੇ ਨਾਗਰਿਕ ਵਾਹਨਾਂ ਨੂੰ ਰੋਕ ਰਹੀ ਹੈ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਆਰਜ਼ੀ ਚੌਕੀ ਬਣਾਉਮ ਜਾਂ ਪਾਬੰਦੀ ਦਾ ਲੱਦਾਖ ਦੇ ਹਾਲਾਤ ਨਾਲ ਕੋਈ ਸਬੰਧ ਨਹੀਂ ਹੈ। ਇਹ ਚੌਕੀ ਕੋਰੋਨਾ ਇਨਫੈਕਸ਼ਨ ਦੇ ਮੱਦੇਨਜ਼ਰ ਸਥਾਪਤ ਕੀਤੀ ਗਈ ਹੈ।