6.9 C
United Kingdom
Sunday, April 20, 2025

More

    ਸੂਬਾ ਕੂਈਨਜ਼ਲੈਂਡ ‘ਚ ਤਿੰਨ ਪੜਾਵੀ ਯੋਜਨਾ ਤਹਿਤ ਪਾਬੰਦੀਆਂ ‘ਚ ਢਿੱਲਾਂ : ਆਸਟ੍ਰੇਲੀਆ

    (ਹਰਜੀਤ ਲਸਾੜਾ, ਬ੍ਰਿਸਬੇਨ 17 ਜੂਨ)

    ਆਸਟ੍ਰੇਲੀਆ ਦੀ ਸੰਘੀ ਸਰਕਾਰ ਨੇ ਸਮੂਹ ਰਾਜਾਂ ਅਤੇ ਪ੍ਰਦੇਸ਼ਾਂ ਲਈ ਕਰੋਨਾਵਾਇਰਸ ਪਾਬੰਦੀਆਂ ਨੂੰ ਘਟਾਉਣ ਲਈ ਤਿੰਨ ਪੜਾਵਾਂ ਵਾਲੀ ਯੋਜਨਾ ਦਾ ਐਲਾਨ ਕੀਤਾ ਹੈ ਅਤੇ ਕਿਹਾ ਹੈ ਕਿ ਸਕੂਲਾਂ ਨੂੰ ਖੋਲ੍ਹਣ ਤੇ ਪਾੜ੍ਹਿਆਂ ਦੀ ਸਮੁੱਚੀ ਪੜਾਈ ਦਾ ਫੈਸਲਾ ਰਾਜਾਂ ਕੋਲ ਰਾਖਵਾਂ ਹੋਵੇਗਾ। ਵੱਖ-ਵੱਖ ਸੂਬਿਆਂ ਦੀ ਤਰਾਂ ਸੂਬਾ ਕੂਈਨਜ਼ਲੈਂਡ
    ਵਿੱਚ ਪਹਿਲਾਂ ਹੀ (12 ਜੂਨ ਤੋਂ) 20 ਲੋਕਾਂ ਦੇ ਇਕੱਠ ਨੂੰ ਘਰ ਜਾਂ ਬਾਹਰ ਅਤੇ ਵਿਆਹ-ਸ਼ਾਦੀ ਦੇ ਸਮਾਰੋਹਾਂ ਲਈ ਪ੍ਰਵਾਨਗੀ ਮਿਲ ਚੁੱਕੀ ਹੈ। ਰੈਸਟੋਰੈਂਟ, ਕੈਫੇ, ਪੱਬ, ਲਾਈਬ੍ਰੇਰੀ, ਤਲਾਅ, ਸੁੰਦਰਤਾ ਸਲੂਨ, ਰਜਿਸਟਰਡ ਅਤੇ ਲਾਇਸੈਂਸਸ਼ੁਦਾ ਕਲੱਬ, ਆਰਐਸਐਲ ਕਲੱਬ, ਆਊਟਬੈਕ ਰੈਸਟੋਰੈਂਟ, ਹੋਟਲਜ਼ ਅਤੇ ਕੈਸੀਨੋ ਵਿੱਚ 20 ਲੋਕਾਂ ਦੇ ਇਕੱਠ ਦੀ ਹੱਦਬੰਦੀ ਅਜੇ ਵੀ ਲਾਗੂ ਰਹੇਗੀ (ਕੋਈ ਬਾਰ ਜਾਂ ਗੇਮਿੰਗ ਨਹੀਂ)। ਪਰ ਇਹਨਾਂ ਸਥਾਨਾਂ ਦੇ ਪ੍ਰਬੰਧਕਾਂ ਵੱਲੋਂ ਲਾਜ਼ਮੀ ਤੌਰ ਤੇ ਇੱਕ ਕੋਵਿਡ-ਸੇਫ ਸੁਰੱਖਿਆ ਯੋਜਨਾਂ ਅਤੇ ਆਉਣ ਵਾਲੇ ਸਾਰੇ ਲੋਕਾਂ ਦਾ ਵੇਰਵਾ ਰੱਖਣਾ ਜਰੂਰੀ ਹੋਵੇਗਾ। ਸੂਬੇ ਅੰਦਰ ਜਿੰਮ, ਸਟੇਡੀਅਮ, ਥੀਏਟਰ, ਮਨੋਰੰਜਨ ਪਾਰਕ, ਚਿੜੀਆਘਰ ਅਤੇ ਆਰਕੇਡਸ ਜੂਨ ਮਹੀਨੇ ਦੇ ਅੰਤ ਤੱਕ ਸੀਮਤ ਤਰੀਕੇ ਨਾਲ ਖੁੱਲ੍ਹਣਗੇ। ਆਊਟਬੈਕ ਰੈਸਟੋਰੈਂਟਾਂ ਨੂੰ ਕੋਵਿਡ ਸੇਫ ਚੈੱਕਲਿਸਟ ਨਾਲ ਇੱਕੋ ਵੇਲੇ 50 ਗਾਹਕਾਂ ਨੂੰ ਬਿਠਾਉਣ ਦੀ ਆਗਿਆ ਹੈ। ਬਾਇਓਸਕਿਉਰਿਟੀ ਖੇਤਰਾਂ (ਆਦਿਵਾਸੀ ਭਾਈਚਾਰਾ) ਵਿੱਚ ਰਾਜ ਸਰਕਾਰ ਅਤੇ ਆਦਿਵਾਸੀ ਭਾਈਚਾਰੇ ਨੇ ਇਹਨਾਂ ਪਾਬੰਧੀਆਂ ਨੂੰ ਘੱਟ ਕਰਨ ਲਈ ਤਿੰਨ-ਪੜਾਅ ਵਾਲ਼ੀ ਯੋਜਨਾ ‘ਤੇ ਸਹਿਮਤੀ ਜਤਾਈ ਹੈ। ਇਸ ਨਾਲ ਮਨੋਨੀਤ ਭਾਈਚਾਰੇ ਮੌਜੂਦਾ ਫੈਡਰਲ ਐਮਰਜੈਂਸੀ ਬਾਇਓਸਕਿਓਰਿਟੀ ਪਾਬੰਦੀਆਂ ਤੋਂ ਰਾਜ ਅਧਾਰਿਤ ਪ੍ਰਬੰਧਾਂ ਵਿੱਚ ਤਬਦੀਲ ਹੋ ਜਾਣਗੇ। ਜਿਸਦੇ ਚੱਲਦਿਆਂ ਪਿਹਲੇ ਪੜਾਅ ਵਿੱਚ ਕਿਸੇ ਭਾਈਚਾਰੇ ਵਿੱਚ ਦਾਖਲ ਹੋਣ ਜਾਂ ਦੁਬਾਰਾ ਦਾਖਲ ਹੋਣ ਵਾਲੇ ਲੋਕਾਂ ਨੂੰ ਸਵੈ-ਕੁਆਰੰਟੀਨ ਹੋਣਾ ਪਏਗਾ ਜਿੱਥੇ ਅਜਿਹਾ ਕਰਨਾ ਸੁਰੱਖਿਅਤ ਹੋਵੇ ਹਾਲਾਂਕਿ, ਜ਼ਰੂਰੀ ਕਰਮਚਾਰੀਆਂ ਲਈ ਵੱਖਰੀਆਂ ਛੋਟਾਂ ਲਾਗੂ ਰਹਿਣਗੀਆਂ, ਜਿਹੜੇ ਬਿਨਾਂ ਕਿਸੇ ਰੁਕਾਵਟ ਦੇ ਇਹ ਯਾਤਰਾ ਕਰਦੇ ਹਨ ਜਾਂ ਜਿਨ੍ਹਾਂ ਨੂੰ ਛੋਟ ਦਿੱਤੀ ਜਾਂਦੀ ਹੈ। ਦੂਜੇ ਪੜਾਅ ਤਹਿਤ ਮੁੱਖ ਸਿਹਤ ਅਧਿਕਾਰੀ ਇੱਕ ਦਿਸ਼ਾ ਨਿਰਧਾਰਤ ਕਰੇਗਾ ਜੋ ਭਾਈਚਾਰੇ ਨੂੰ ‘ਸੁਰੱਖਿਅਤ ਯਾਤਰਾ ਦੇ ਖੇਤਰਾਂ’ ਦਾ ਹਿੱਸਾ ਬਣਨ ਦੇ ਯੋਗ ਬਣਾਉਂਦਾ ਹੈ ਤਾਂ ਜੋ ਵਸਨੀਕ ਜਨਤਕ ਸਿਹਤ ਸਲਾਹ ਦੇ ਅਧਾਰ ‘ਤੇ ਆਸਾਨੀ ਨਾਲ ਯਾਤਰਾ ਕਰ ਸਕਣ। ਤੀਜੇ ਪੜਾਅ ਵਿੱਚ ਦੂਰ-ਦੁਰਾਡੇ ਰਹਿੰਦੇ ਆਦਿਵਾਸੀ ਭਾਈਚਾਰੇ ਵਿੱਚ ਦਾਖਲੇ ਲਈ ਵੱਖਰੀਆਂ ਪਾਬੰਦੀਆਂ ਹਟਾਉਂਦੇ ਹੋਏ, ਕੁੱਕ ਸ਼ਾਇਰ ਅਤੇ ਬਰਕ ਨੂੰ ਕੂਈਨਜ਼ਲੈਂਡ ਦੇ ਹੋਰ ਇਲਾਕਿਆਂ ਵਾਂਗ ਹੀ ਪ੍ਰਬੰਧਾਂ ਦੇ ਅਧੀਨ ਕਰ ਦਿੱਤਾ ਜਾਵੇਗਾ। ਬਹੁਤ ਸਾਰੇ ਆਦਿਵਾਸੀ ਭਾਈਚਾਰੇ ਘੱਟੋ ਘੱਟ 18 ਜੂਨ ਤੱਕ ਬੰਦ ਰਹਿਣਗੇ। ਸੂਬੇ ਵਿੱਚ ਯਾਤਰਾ ਪਾਬੰਦੀਆਂ ਦੀ ਢਿੱਲ ਅਧੀਨ ਨਿਵਾਸੀ ਮਨੋਰੰਜਨ ਲਈ ਘਰ ਤੋਂ 150 ਕਿਲੋਮੀਟਰ ਤੱਕ ਯਾਤਰਾ ਕਰ ਸਕਦੇ ਹਨ। ਪਰ ਆਊਟਬੈਕ ਵਸਨੀਕਾਂ ਲਈ ਘਰ ਤੋਂ 500 ਕਿਲੋਮੀਟਰ ਤੱਕ ਦੀ ਯਾਤਰਾ ਦੀ ਪ੍ਰਵਾਨਗੀ ਹੋਵੇਗੀ। ਦੱਸਣਯੋਗ ਹੈ ਕਿ ਸੂਬੇ ਵਿਚਲੇ ਸਕੂਲ ਅਤੇ ਕਿੰਡਰਗਾਰਟਨਸ ਪਹਿਲਾਂ ਹੀ ਸੋਮਵਾਰ, 11 ਮਈ ਤੋਂ ਵਿਦਿਆਰਥੀ ਦੀ ਪੜਾਈ ਲਈ ਖੁੱਲ੍ਹ ਚੁੱਕੇ ਹਨ। ਸੂਬੇ ਦੀ ਵਧੇਰੇ ਜਾਣਕਾਰੀ ਲਈ https://www.covid19.qld.gov.au/government-actions/roadmap-to-easing-queenslands-restrictions ‘ਤੇ ਜਾਇਆ ਜਾ ਸਕਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!