
ਮਨਦੀਪ ਕੌਰ ਭੰਮਰਾ
ਚੁੱਪ ਦੇ ਹੇਠਾਂ ਸ਼ੋਰ ਬੜਾ ਭਿਆਨਕ ਹੈ ਹੁੰਦਾ
ਚੁੱਪਚਾਪ ਸਾਗਰ ਦੇ ਹੇਠਾਂ ਜਿਵੇਂ ਸ਼ੋਰ ਹੁੰਦਾ
ਮਾਰੂਥਲ ਦੀ ਜ਼ਮੀਨ ਵਿਚਲੀ ਚੁੱਪ ਦਾ ਸ਼ੋਰ
ਉਦਾਸ ਕਿਸੇ ਮਨ ਦੀ ਚੁੱਪ ਹੇਠ ਸ਼ੋਰ ਹੁੰਦਾ
ਖਿਆਲਾਂ ਦੇ ਖੌਰੂ ਵਿੱਚ ਦਿਮਾਗ਼ ਦਾ ਖਪਣਾ
ਇਕੱਲਤਾ ਵਿੱਚ ਜਦ ਆਦਮੀ ਹੁੰਦਾ ਤਪਣਾ
ਖਿਆਲਾਂ ਦਾ ਜੰਗ ਵਿੱਚ ਆਪਸ ਚ ਭਿੜਨਾ
ਤਕਦੀਰ ਵਿੱਚ ਲਿਖੇ ਵਿਯੋਗ ਵਿੱਚ ਸੜਨਾ
ਬੇਰਹਿਮ ਜ਼ਿੰਦਗੀ ਦਾ ਸੁੰਨਾਪਣ ਜੇ ਵਾਪਰੇ
ਖਿਆਲਾਂ ਦੇ ਖਿਆਲਾਂ ਨਾਲ਼ ਹੁੰਦੇ ਨੇ ਟਾਕਰੇ
ਬਜ਼ੁਰਗਾਂ ਦਾ ਬਿਰਧ ਘਰਾਂ’ਚ ਬੀਤੇ ਜੀਵਨ
ਜੀਵਨ ਦੇ ਸਭ ਤੋਂ ਦਰਦੀਲੇ ਹੁੰਦੇ ਨੇ ਹਾਦਸੇ
ਮਾਵਾਂ ਦਾ ਬੱਚਿਆਂ ਨੂੰ ਸੀਨੇ ਨਾਲ਼ ਲਾਉਣਾ
ਆਪ ਗਿੱਲੇ ਸੌਣਾ ਤੇ ਉਨ੍ਹਾਂ ਨੂੰ ਸੁੱਕੇ ਪਾਉਣਾ
ਫਿਰ ਬੱਚਿਆਂ ਦਾ ਇਹ ਸਭ ਭੁਲਾ ਹੀ ਦੇਣਾ
ਮਾਵਾਂ ਨੂੰ ਧੋਖੇ ਸੰਗ ਆਸ਼ਰਮ ਛੱਡ ਆਉਣਾ
ਅਜਿਹੇ ਵਿੱਚ ਵਾਪਰਦੇ ਹਨ ਚੁੱਪਾਂ ਦੇ ਮੰਜ਼ਰ
ਸੀਨਿਆਂ ਵਿਚ ਖੁੱਭ ਜਾਂਦੇ ਤੀਰ ਅਤੇ ਖੰਜਰ
ਵਿਆਪਦੇ ਰਹਿੰਦੇ ਅਜੀਬ ਇਹ ਸਿਲਸਿਲੇ
ਮਨਾਂ ਵਿੱਚ, ਦਿਮਾਗ਼ਾਂ ਚ ਅਤੇ ਭਾਵਾਂ ਅੰਦਰ
ਜ਼ਮੀਰਾਂ ਜੇ ਹੋ ਜਾਵਣ ਰੌਸ਼ਨ ਅਤੇ ਨਿਰਮਲ
ਪਿਆਰਾਂ ਦੀ ਸਾਂਝ ਬਣੇ ਜੇਕਰ ਕਿਤੇ ਹਾਸਲ
ਗੁੰਮਸ਼ੁਦਗੀ ਚ ਜੀਵਨ ਨਾ ਹੋਵੇ ਜਦ ਬਸਰ
ਮੋਹ ਹੋਵੇ ਮਨਾਂ ‘ਚ ਇੱਕ ਦੂਜੇ ਲਈ ਕਾਮਲ
ਅਮਲਾਂ ਵਿਚ ਆ ਜਾਵਣ ਜੀਵਨ ਦੇ ਗਹਿਣੇ
ਬੋਲਾਂ ਵਿੱਚ ਭਰ ਜਾਏ ਅੰਮ੍ਰਿਤ ਤਾਂ ਕੀ ਕਹਿਣੇ
ਧੁੱਪੇ ਨਿਕਲ਼ਣ ਬੱਦਲ਼ ਘਣੇ ਅਤੇ ਹੋਵੇ ਬਾਰਸ਼
ਸੰਗਮ ਜੇ ਵਿਚਾਰਾਂ ਦਾ ਰਲ਼ ਦੁੱਖਸੁੱਖ ਸਹਿਣੇ
-ਮਨਦੀਪ ਕੌਰ ਭੰਮਰਾ