6.1 C
United Kingdom
Thursday, October 22, 2026

More

    ਕਪਤਾਨੀ ਹੁਕਮਾਂ ਨੂੰ ਟਿੱਚ ਜਾਣ ਕੇ ਅਸਲੇ ਦਾ ਗੀਤਾਂ ‘ਚ ਗੁਣਗਾਣ ਜਾਰੀ

    ਗਾਇਕਾਂ ਵੱਲੋਂ ਗਾਏ ਗੀਤਾਂ ’ਚ ਹਥਿਆਰਾਂ ਦਾ ਬੋਲਬਾਲਾ ਵਧਿਆ
    ਅਸ਼ੋਕ ਵਰਮਾ
    ਬਠਿੰਡਾ

    ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਉਪਰੰਤ ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਨੂੰ ਟਿੱਚ ਜਾਣਦਿਆਂ ਪੰੰਜਾਬੀ ਗਾਇਕਾਂ ਨੇ ਅਸਲੇ ਦਾ ਗੁਣਗਾਣ ਵਧਾ ਦਿੱਤਾ ਹੈ।  ਰੌਚਕ ਤੱਥ ਹੈ ਕਿ ਸਿੱਧੂ ਮੂਸੇਵਾਲਾ ਸਮੇਤ ਹੋਰ ਵੀ ਕਈ ਗਾਇਕਾਂ ਖਿਲਾਫ ਦਰਜ ਕੀਤੇ ਮਾਮਲਿਆਂ ਦਾ ਇਸ ਰੁਝਾਨ ਤੇ ਭੋਰਾ ਵੀ ਅਸਰ ਨਹੀਂ ਪਿਆ ਹੈ। ਖਾਸ ਤੌਰ ਤੇ ਮੂਸੇ ਵਾਲਾ ਮਾਮਲੇ ਨੇ ਤਾਂ ਗਾਇਕੀ ਦੇ ਹੌਂਸਲੇ ਬੁਲੰਦ ਕਰ ਦਿੱਤੇ ਹਨ। ਤਾਜਾ ਮਾਮਲਾ ਤਿੰਨ ਅਜਿਹੇ ਗੀਤਾਂ ਦਾ ਹੈ ਜਿੰਨਾਂ ’ਚ ਕਾਨੂੰਨ ਦੀਆਂ ਧੱਜੀਆਂ ਉਡਦੀਆਂ ਦਿਖਾਈ ਦੇ ਰਹੀਆਂ ਹਨ। ਇੰਨਾਂ ਚੋਂ ਪਹਿਲਾ ਗੀਤ ‘ਬਾਪੂ ਦਾ ਪਿਆਰ ’ਹੈ ਜੋਕਿ ਸਿੰਗਾ ਨਾਂ ਦੇ ਕਲਕਾਰ ਵੱਲੋਂ ਗਾਇਆ ਗਿਆ ਹੈ ਜਿਸ ’ਚ ਹਥਿਆਰਾਂ ਦੀ ਜੰਮ ਕੇ ਨੁਮਾਇਸ਼ ਕੀਤੀ ਗਈ  ਹੈ। ਗੀਤ ਦੇ ਸ਼ੁਰੂ ’ਚ ਹੀ ਦੋਨਾਲੀ ਬੰਦੂਕ ਦਿਖਾਈ ਗਈ ਹੈ। ਜਾਨਵਰਾਂ ਪ੍ਰਤੀ ਸਖਤ ਕਾਨੂੰਨ ਹੋਣ ਦੇ ਬਾਵਜੂਦ ਮੁਰਗੇ ਲੜਾਏ ਗਏ ਹਨ ਜਦੋਂਕਿ ਇੱਕ ਥਾਂ ਤੇ ਤਾਂ ਸਿੰਗਾ ਦੋ ਅਸਲਾਧਾਰਕਾਂ ਵਿਚਕਾਰ ਖੜਾ ਦਿਖਾਇਆ ਗਿਆ ਹੈ। ਇਸੇ ਤਰਾਂ ਹੀ ਅੰਮਿ੍ਰਤ ਮਾਨ ਉਰਫ ਗੋਨਿਆਣੇ ਵਾਲਾ ਮਾਨ ਦਾ ਪਿਛਲੇ ਦਿਨੀ ਰਿਲੀਜ਼ ਹੋਇਆ ਗੀਤ ਲਾਈਫ ਸਟਾਈਲ ਹੈ। ਇਸ ਗੀਤ ਵਿੱਚ  ਤਾਂ ਉਸ ਦੇ ਪਿਛਲੇ ਗੀਤਾਂ ਦੇ ਮੁਕਾਬਲੇ ’ਚ ਵੱਧ ਹਥਿਆਰਾਂ ਦੀ ਪ੍ਰਦਰਸ਼ਨੀ ਹੈ। ਬਿਲਕੁਲ ਤਾਜਾ ਗੀਤ ‘ਬੰਬੀਹਾ ਬੋਲੇ’ ਸਿੱਧੂ ਮੂਸੇ ਵਾਲਾ ਅਤੇ ਗੋਨਿਆਣੇ ਵਾਲੇ ਮਾਨ ਦਾ ਹੈ ਜਿਸ ’ਚ ਹੱਦਾਂ ਬੰਨੇ ਟੱਪ ਕੇ ਕਾਨੂੰਨੀ ਕਦਰਾਂ ਕੀਮਤਾਂ ਨੂੰ ਠੋਕਰ ਮਾਰੀ ਗਈ ਹੈ।


                               ਸਮਾਜਿਕ ਮਾਹਿਰਾਂ ਦਾ ਕਹਿਣਾ ਹੈ ਕਿ ਗਾਇਕਾਂ ਵੱਲੋਂ ਨਸ਼ਿਆਂ, ਹਥਿਆਰਾਂ ਅਤੇ ਹਿੰਸਕ ਸ਼ਬਦਾਵਲੀ ਦੀ ਗੀਤਾਂ ’ਚ ਕੀਤੀ ਜਾ ਰਹੀ ਵਰਤੋਂ ਨੇ ਪੰਜਾਬੀ ਸੱਭਿਆਚਾਰ ਦਾ ਸਿਰ ਨੀਵਾਂ ਕਰ ਦਿੱਤਾ ਹੈ। ਇਸ ਵੇਲੇ ਵੱਖ ਵੱਖ ਟੀਵੀ ਚੈਨਲਾਂ ਤੇ ਚੱਲ ਰਹੇ ਗੀਤਾਂ ’ਚ ਹਥਿਆਰਾਂ ਦੀ ਨਮਾਇਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਪੰਜਾਬੀ ਮਾਂ ਬੋਲੀ ਦੇ ਹੱਕ ’ਚ ਡਟੀਆਂ ਧਿਰਾਂ ਵੱਲੋਂ ਇਸ ਗੰਭੀਰ ਮੁੱਦੇ ਤੇ ਲੜਾਈ ਲੜੀ ਜਾ ਰਹੀ ਹੈ ਫਿਰ ਵੀ ਇਹ ਵਰਤਾਰਾ ਰੁਕਣ ਦੀ ਥਾਂ ਦਿਨੋ ਦਿਨ ਵਧਦਾ ਹੀ ਰਿਹਾ ਹੈ। ਪਿੱਛੇ ਜਿਹੇ  ਪੰਜਾਬ ਸਰਕਾਰ ਅਜਿਹੇ ਗਾਇਕਾਂ ਨੂੰ ਨੱਥ ਪਾਉਣ ਲਈ ਅੱਗੇ ਆਈ ਸੀ ਅਤੇ ਮੁਕੱਦਮੇ ਵੀ ਦਰਜ ਕੀਤੇ ਸਨ ਪਰ ਸਿੱਧੂ ਮੂਸੇ ਵਾਲਾ ਮਾਮਲੇ ’ਚ ਕੋਈ ਢੁੱਕਵੀ ਕਾਰਵਾਈ ਨਾਂ ਕਰਨ ਖਾਸ ਤੌਰ ਤੇ ਪੁਲਿਸ ਵੱਲੋਂ ਉਸ ਨੂੰ ਚਲਾਨ ਕਰਕੇ ਹੀ ਛੱਡ ਦੇਣ ਤੇੇ ਸਰਕਾਰ ਦੀ ਮੁਹਿੰਮ  ਨੂੰ ਵੱਡੀ ਸੱਟ ਵੱਜੀ ਹੈ । ਉਂਜ ਕਈ ਗਾਇਕਾਂ ਨੇ ਹਮੇਸ਼ਾ ਸਾਫ ਸੁਥਰੀ ਗਾਇਕੀ ਨੂੰ ਤਰਜੀਹ ਦਿੱਤੀ ਹੈ ਫਿਰ ਵੀ ਕਈ ਗਾਇਕਾਂ ਨੇ ਤਾਂ ਸਭ ਹੱਦਾਂ ਬੰਨੇਂ ਟੱਪ ਦਿੱਤੇ ਹਨ।


                                  ਇੱਕ ਦਰਜਨ ਦੇ ਕਰੀਬ ਏਦਾਂ ਦੇ ਗਾਇਕ ਹਨ ਜਿਨਾਂ ਵੱਲੋਂ ਗਾਏ ਗੀਤਾਂ ਨੂੰ ਸੁਣ ਕੇ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਇੱਕ ਪੜਤਾਲ ਦਾ ਮੁਤਾਬਕ ਵਿਵਾਦਤ ਗੀਤਾਂ ’ਚ ‘ ਮੈਂ ਤੇ ਮੇਰੀ ਰਫਲ ਦੁਨਾਲੀ ਕੰਬੀਨੇਸ਼ਨ ਚੋਟੀ ਦਾ’, ‘ਜਿੱਥੇ ਹੁੰਦੀ ਐ ਪਾਬੰਦੀ ਹਥਿਆਰ ਦੀ ਉੱਥੇ ਜੱਟ ਫੈਰ ਕਰਦਾ’, ‘ਮੋਢੇ ਤੇ ਦੁਨਾਲੀ ਜੱਟ ਚਾਦਰੇ ਦਾ ਫੈਨ’ ਅਤੇ ਜਿੱਥੇ ਬੰਦਾ ਮਾਰਕੇ ਕਸੂਰ ਪੁੱਛਦੇ’ ਵਰਗੇ ਗੀਤ ਸ਼ਾਮਲ ਸਿੱਧੇ ਤੌਰ ਤੇ ਹਥਿਆਰਾਂ ਦੇ ਰੁਝਾਨ ਦੀ ਪ੍ਰੋੜਤਾ ਕਰਦੇ ਹਨ। ਇੰਨਾਂ ਗੀਤਾਂ ਨੇ ਨਾਂ ਕੇਵਲ ਪੰਜਾਬੀ ਵਿਰਸੇ ਦੇ ਜੜੀਂ ਤੇਲ ਚੋਇਆ ਬਲਕਿ ਪੂਰੇ ਮੁਲਕ ਦੀ ਭੁੱਖ ਮਿਟਾਉਣ ਵਾਲੇ ਕਿਸਾਨ ਦੀ ‘ਜੱਟ’ ਦੇ ਰੂਪ ’ਚ ਵੈਲੀ ਤੇ ਬਦਮਾਸ਼ ਵਾਲੀ ਦਿੱਖ ਬਣਾ ਦਿੱਤੀ ਹੈ। ਦੇਖਣ ’ਚ ਆਇਆ ਹੈ ਕਿ ਗੀਤਾਂ ਦੀ ਵੀਡੀਓ ਸਨਅਤ ਨੇ ਸੋਸ਼ਲ ਮੀਡੀਆ ਦੇ ਪ੍ਰਸਾਰ ਤੋਂ ਬਾਅਦ ਜੋਰ ਫੜਿਆ ਹੈ। ਨਵੇਂ ਗਾਇਕਾਂ ਨੇ ਆਪਣੀ ਗਾਇਕੀ ’ਚ 20 ਤੋਂ 25 ਸਾਲ ਉਮਰ ਵਰਗ ਦੇ ਮੁੰਡੇ ਕੁੜੀਆਂ ਨੂੰ ਨਿਸ਼ਾਨਾ ਬਣਾਇਆ ਹੋਇਆ ਹੈ। ਇੰਨਾਂ ਲਈ ਯੂ ਟਿੳੂਬ, ਫੇਸਬੁੱਕ ਤੇ ਇੰਸਟਾਗ੍ਰਾਮ ਵੱਡੇ ਪਲੇਟਫਾਰਮ ਹਨ। ਸੋਸ਼ਲ ਮੀਡੀਆ ਦੇ ਬੇਸ਼ੱਕ ਪੱਖ ਚੰਗੇ ਵੀ ਹਨ ਪਰ ਲੱਚਰ ਗਾਇਕੀ ਨੂੰ ਪ੍ਰਫੁੱਲਤ ਕਰਨ ’ਚ ਵੀ ਇਸ ਦਾ ਵੱਡਾ ਯੋਗਦਾਨ ਮੰਨਿਆ ਗਿਆ  ਹੈ।


                                     ਸਾਫ ਸੁਥਰੇ ਗਾਇਕ ਅੱਜ ਵੀ ਸੁਣੀਂਦੇ
    ਲਾਲ ਚੰਦ ਯਮਲਾ ਜੱਟ, ਸੁਰਿੰਦਰ ਕੌਰ , ਪ੍ਰਕਾਸ਼ ਕੌਰ, ਮੁਹੰਮਦ ਸਦੀਕ, ਗੁਰਦਾਸ ਮਾਨ ਤੇ ਆਸਾ ਸਿੰਘ ਮਸਤਾਨਾ ਸਮੇਤ ਹੋਰ ਵੀ ਕਾਫੀ ਗਾਇਕ ਹਨ ਜਿੰਨਾਂ ਵੱਲੋਂ ਗਾਏ ਸਾਫ ਸੁਥਰੇ ਗੀਤ ਅੱਜ ਵੀ ਸੁਣੇ ਜਾ ਰਹੇ ਹਨ। ਇੰਨਾਂ ਗਾਇਕਾਂ ਨੂੰ ਕੰਪਨੀਆਂ ਉਨਾਂ ਮਿਹਨਤਾਨਾ ਦਿੰਦੀਆਂ ਸਨ ਜਦੋਂਕਿ ਹੁਣ ਦੇ ਮੁੰਡੇ  ਪੱਲਿਓ ਲੱਖਾਂ ਖਰਚਦੇ ਹਨ। ਕਈ ਵੀਡੀਓ ਤਾਂ ਏਦਾਂ ਦੇ ਹਨ ਜਿੰਨਾਂ ’ਚ ਗਾਇਕੀ ਘੱਟ ਤੇ ਅਸ਼ਲੀਲਤਾ ਵੱਧ ਹੁੰਦੀ ਹੈ।

    ਨੌਜਵਾਨ ਪੀੜੀ ਲਈ ਘਾਤਕ
    ਇਸ ਮਾਮਲੇ ’ਚ ਲੜਾਈ ਲੜ ਰਹੇ ਜਨਤਕ ਆਗੂ ਤੇ ਸਮਾਜਸੇਵੀ ਪਰਵਿੰਦਰ ਕਿੱਤਨਾਂ ਦਾ ਕਹਿਣਾ ਸੀ ਕਿ ਹਾਈਕੋਰਟ ਵੱਲੋਂ ਸਖਤ ਆਦੇਸ਼ ਦਿੱਤੇ ਜਾਣ ਦੇ ਬਾਵਜੂਦ ਪਤਾ ਨਹੀਂ ਕੀ ਮਜਬੂਰੀ ਹੈ ਪੁਲਿਸ ਅਜਿਹੇ ਕੇਸਾਂ ’ਚ ਕਾਰਵਾਈ ਨਹੀਂ ਕਰ ਰਹੀ ਹੈ। ਉਨਾਂ ਆਖਿਆ ਕਿ ਉਨਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਿਆ ਗਿਆ ਹੈ। ਉਨਾਂ ਆਖਿਆ ਕਿ ਨੌਜਵਾਨ ਪੀੜੀ ਗਾਇਕਾਂ ਦੀ ਫੈਨ ਹੁੰਦੀ ਹੈ ਅਤੇ ੳਨਾਂ ਦੇ ਗੀਤਾਂ ਨੂੰ ਸੁਣਕੇ ਪ੍ਰੇਰਿਤ ਹੁੰਦੇ ਹਨ ਜੋਕਿ ਸਮਾਜ ਲਈ ਘਾਤਕ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!