ਅਸ਼ੋਕ ਵਰਮਾ
ਬਠਿੰਡਾ

ਪੰਜਾਬ ਸਰਕਾਰ ਵੱਲੋਂ ਸ਼ੁਰੂ ਮਿਸ਼ਨ ਫਤਿਹ ਤਹਿਤ ਅੱਜ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀਆਂ ਆਂਗਣਵਾੜੀ ਵਰਕਰਾਂ ਨੇ ਜ਼ਿਲੇ ਵਿਚ ਕਰੋਨਾ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਆਰੰਭ ਕੀਤੀ ਜਿਸ ਦੀ ਸ਼ੁਰੂਆਤ ਲਈ ਵਧੀਕ ਡਿਪਟੀ ਕਮਿਸ਼ਨਰ ਜਨਰਲ ਰਾਜਦੀਪ ਸਿੰਘ ਬਰਾੜ ਨੇ ਮਿਸ਼ਨ ਫਤਿਹ ਬੈਜ ਲਗਾਏ। ਇਸ ਮੌਕੇ ਰਾਜਦੀਪ ਸਿੰਘ ਬਰਾੜ ਨੇ ਦੱਸਿਆ ਕਿ ਇਸ ਮਿਸ਼ਨ ਤਹਿਤ ਆਂਗਣਵਾੜੀ ਵਰਕਰਾਂ ਘਰ ਘਰ ਜਾ ਕੇ ਲੋਕਾਂ ਨੂੰ ਕੋਵਿਡ 19 ਬਿਮਾਰੀ ਤੋਂ ਬਚਾਓ ਲਈ ਸਾਵਧਾਨੀਆਂ ਬਾਰੇ ਜਾਗਰੂਕ ਕਰਣਗੀਆਂ। ਉਨਾਂ ਨੇ ਦੱਸਿਆ ਕਿ ਹੱਥ ਧੋਂਦੇ ਰਹਿਣ, ਮਾਸਕ ਪਾ ਕੇ ਰੱਖਣ ਅਤ ਸਮਾਜਿਕ ਦੂਰੀ ਦੇ ਸਿਧਾਂਤ ਦੀ ਪਾਲਣਾ ਨਾਲ ਅਸੀਂ ਬਿਮਾਰੀ ਆਪਣੇ ਤੋਂ ਦੂਰ ਰੱਖ ਸਕਦੇ ਹਾਂ। ਉਨਾਂ ਨੇ ਕਿਹਾ ਕਿ ਇਸ ਮੁਹਿੰਮ ਦੌਰਾਨ ਛੋਟੇ ਬੱਚਿਆਂ, ਬਜੁਰਗਾਂ, ਗਰਭਵਤੀ ਔਰਤਾਂ ਜਾਂ ਹੋਰ ਗੰਭੀਰ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਵੀ ਚੇਤਨ ਕੀਤਾ ਜਾਵੇਗਾ ਕਿ ਉਨਾਂ ਨੂੰ ਬਿਮਾਰੀ ਦਾ ਖਤਰਾ ਜਿਆਦਾ ਹੈ ਇਸ ਲਈ ਉਹ ਘੱਟ ਤੋਂ ਘੱਟ ਘਰ ਤੋਂ ਬਾਹਰ ਨਿਕਲਣ।
ਮਿਸ਼ਨ ਫਤਿਹ ਨਾਲ ਜੁੜਨ ਦੀ ਅਪੀਲ ਕਰਦਿਆਂ ਉਨਾਂ ਕਿਹਾ ਕਿ ਇਸ ਲਈ ਕੋਵਾ ਐਪ ਦੇ ਹੋਮ ਪੇਜ ਤੇ ‘ਜੁਆਇਨ ਮਿਸ਼ਨ ਫਤਿਹ’ ਤੇ ਕਲਿਕ ਕਰੋ ਅਤੇ ਫਿਰ ‘ਜੁਆਇਨ ਨਾਓ’ ਤੇ ਕਲਿੱਕ ਕਰਕੇ ਆਪਣੇ ਵੇਰਵੇ ਭਰਦੇ ਹੋਏ ਮਿਸ਼ਨ ਫਤਿਹ ਯੋਧਾ ਬਣਨ ਲਈ ਆਪਣੀ ਤਸਵੀਰ ਨਾਲ ਰਜਿਸਟਰਡ ਹੋ ਜਾਵੋ। ਇਸ ਤੋਂ ਬਾਅਦ ਤੁਹਾਡੇ ਤੋਂ ਹਰ ਰੋਜ ਕੁਝ ਸੌਖੇ ਸਵਾਲ ਪੁੱਛੇ ਜਾਣਗੇ ਜਿੰਨਾਂ ਦੇ ਜਵਾਬ ਦੇਣ ਤੇ ਤੁਹਾਨੂੰ ਪੁਆਇੰਟ ਮਿਲਣਗੇ। ਇਸਤੋਂ ਬਿਨਾਂ ਹੋਰਨਾਂ ਨੂੰ ਆਪਣਾ ਰੈਫਰਲ ਨੰਬਰ ਦੇ ਕੇ ਇਹ ਐਪ ਡਾਉਨਲੋਡ ਕਰਨ ਲਈ ਪ੍ਰੇਰਿਤ ਕਰਨ ਤੇ ਵੀ ਪੁਆਇੰਟ ਮਿਲਣਗੇ। ਸਭ ਤੋਂ ਵੱਧ ਪੁਆਇੰਟ ਜਿੱਤਣ ਵਾਲਿਆਂ ਮੁੱਖ ਮੰਤਰੀ ਪੰਜਾਬ ਦੇ ਹਸਤਾਖਰ ਵਾਲਾ ਸਰਟੀਫਿਕੇਟ ਅਤੇ ਟੀ ਸ਼ਰਟ ਵੀ ਦਿੱਤੀ ਜਾਵੇਗੀ।
ਇਸ ਮੌਕੇ ਜ਼ਿਲਾ ਪ੍ਰੋਗਰਾਮ ਅਫ਼ਸਰ ਸ਼੍ਰੀਮਤੀ ਅਵਤਾਰ ਕੌਰ ਨੇ ਦੱਸਿਆ ਕਿ ਅੱਜ ਬਠਿੰਡਾ ਜ਼ਿਲੇ ਵਿਚ 1300 ਆਂਗਣਵਾੜੀ ਵਰਕਰਾਂ ਨੇ ਘਰ ਘਰ ਜਾ ਕੇ ਲੋਕਾਂ ਨੂੰ ਜਰੂਰੀ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਵਰਕਰਾਂ ਨੇ ਖਾਸ ਕਰਕੇ ਔਰਤਾਂ, ਬੱਚਿਆਂ ਅਤੇ ਕਿਸ਼ੋਰੀਆਂ ਨੂੰ 20 ਸੰਕਿਡ ਤੱਕ ਹੱਥ ਧੋਣ ਦੀ ਸਹੀ ਵਿਧੀ, ਮਾਸਕ ਲਗਾਉਣ ਦੀ ਸਹੀ ਵਿਧੀ ਅਤੇ ਸਮਾਜਿਕ ਦੂਰੀ ਦੇ ਮਹੱਤਵ ਤੋਂ ਜਾਣੂ ਕਰਵਾਇਆ।