ਰਜਨੀ ਵਾਲੀਆ, ਕਪੂਰਥਲਾ
ਐ ਸ਼ਬਦ,
ਮੈਂ ਕਿੱਕਲੀ,
ਪਾਉਂਦੀ ਹਾਂ।
ਕਦੇ ਤੇਰੇ ਨਾਲ,
ਕਦੇ ਮੇਰੇ ਨਾਲ।
ਆ ਚੱਲੀਏ,
ਥੋੜੀ ਦੇਰ ਲਈ,
ਕੰਨਿਆਂ ਬਿੰਦੀਆਂ,
ਸਿਹਾਰੀਆਂ,
ਬਿਹਾਰੀਆ,
ਹੋੜਿਆਂ,
ਕਨੌੜਿਆਂ,
ਲਾਵਾਂ,
ਦੁਲਾਵਾਂ,
ਦੇ ਸ਼ਹਿਰ ਦੀ ਹਵਾ,
ਨੂੰ ਸਜਦਾ ਸਲਾਮ,
ਕਰ ਆਈਏ।
ਆ ਦੇਖ ਬਾਜ਼ਾਰ,
ਵਿੱਚ ਸ਼ਬਦਕਾਰੀ,
ਕਰਨ ਵਾਲੇ ਸ਼ਬਦਕਾਰ,
ਆ ਗਏ।
ਕੋਈ ਆਪਣਾਂ,
ਗੀਤ,
ਗ਼ਜ਼ਲ,
ਕਵਿਤਾ,
ਦੋਹੜੇ,
ਟੱਪੇ,
ਤੇ ਕੋਈ ਆਪਣੀਂ,
ਹਾਸ ਰਸ ਕਵਿਤਾ,
ਲੈ ਕੇ ਹਾਜਰ,
ਹੋਇਆ ਹੈ।
ਮੈਂ ਜਦੋਂ ਲਿਖਦੀ,
ਹਾਂ।
ਮੈਨੂੰ ਖੁਦ,
ਨੂੰ ਪਤਾ ਨਹੀਂ,
ਲਗਦਾ ਕਿ ਆਦਤੋਂ,
ਇਬਾਦਤ ਕਦ ਹੋ ਗਈ।
ਮੈਂ ਲਿਖਣ ਲੱਗਿਆਂ,
ਅੱਖੀਂ ਪੱਟੀ ਬੰਨ੍ਹ ਕੇ,
ਮੰਥਨ ਦੇ ਸਮੁੰਦਰ,
‘ਚ ਸਮਾਂ ਜਾਂਦੀ ਹਾਂ।
ਤੇ ਓਥੇ ਮੈਨੂੰ,
ਮੇਰੇ ਜੀਅ ਮਿਲਦੇ ਹਨ।
ਜ਼ਜ਼ਬਾਤ,
ਅਹਿਸਾਸ,
ਤਲਖੀ,
ਹੇਰਵਾ,
ਗ਼ਮ,
ਪੀੜ,
ਚੀਸ,
ਹੌਕੇ,
ਹਾਵਾਂ,
ਹੰਝੂ,
ਟੀਸ,
ਭੁੱਬਾਂ,
ਕੁਰਲਾਹਟਾਂ,
ਤੇ,
ਦਰਦ,
ਸਭ ਮੇਰੇ ਅਜ਼ੀਜ਼,
ਮੈਨੂੰ ਬੜੀ ਸ਼ਿੱਦਤ ਨਾਲ,
ਮਿਲ ਕੇ ਜਾਂਦੇ ਨੇ,
ਤੇ ਰਜਨੀ ਨੂੰ,
ਸਭ ਥੋੜਾ ਥੋੜਾ,
ਆਪਣਾਂ ਅਹਿਸਾਸ,
ਕਰਵਾ ਕੇ ਮੇਰੀ,
ਕਿੱਕਲੀ ਨੂੰ ਹੋਰ ਵੀ,
ਰੰਗੀਲੀ ਕਰਕੇ ਜਾਂਦੇ ਨੇਂ,
ਤੇ ਕਿੱਕਲੀ ਤੇ ਕਿੱਕਲੀ,
ਪੈਣ ਤੋਂ ਬਾਜ ਨਹੀਂ ਆਉਂਦੀ।