ਮਿਸ਼ਨ ਫ਼ਤਿਹ ਤਹਿਤ ਆਪਸੀ ਦੂਰੀ ਅਤੇ ਮਾਸਕ ਪਾਉਣਾ ਹੈ ਲਾਜ਼ਮੀ
ਅੰਮ੍ਰਿਤਸਰ,(ਰਾਜਿੰਦਰ ਰਿਖੀ)
ਕੋਵਿਡ 19 ਦੇ ਖਤਰੇ ਨੂੰ ਘੱਟ ਕਰਨ ਲਈ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਤੋਂ ਬਾਅਦ ਦੁਬਾਰਾ ਖੋਲੇ ਗਏ ਸੁਵਿਧਾ ਕੇਂਦਰਾਂ ਵਿਚ ਕੰਮ ਆਮ ਵਾਂਗ ਸ਼ੁਰੂ ਹੋ ਚੁੱਕਾ ਹੈ, ਪਰ ਹੁਣ ਕਿਸੇ ਵੀ ਕੰਮ ਲਈ ਕੇਂਦਰ ਵਿਚ ਆਉਣ ਵਾਲੇ ਵਿਅਕਤੀ ਨੂੰ ਮੂੰਹ ਉਤੇ ਮਾਸਕ ਅਤੇ ਲਾਇਨ ਵਿਚ ਖੜਦੇ ਵਕਤ ਆਪਸੀ ਦੂਰੀ ਦਾ ਧਿਆਨ ਦੇਣਾ ਲਾਜ਼ਮੀ ਹੈ। ਇਹ ਜਾਣਕਾਰੀ ਦਿੰਦੇ ਜਿਲਾ ਮੈਨੇਜਰ ਰਾਜੀਵ ਸੋਨੀ ਨੇ ਦੱਸਿਆ ਕਿ ਸਾਡੇ ਵੱਲੋਂ ਸਾਰੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਸ ਵੇਲੇ ਕਰੀਬ 300 ਆਦਮੀ ਰੋਜ਼ਾਨਾ ਵੱਖ-ਵੱਖ ਸੇਵਾਵਾਂ ਲਈ ਪਹੁੰਚ ਕਰ ਰਹੇ ਹਨ। ਸੋਨੀ ਨੇ ਦੱਸਿਆ ਕਿ ਜ਼ਿਆਦਾਤਰ ਲੋਕ ਤਾਂ ਮਾਸਕ ਪਾ ਕੇ ਜਾਂ ਰੁਮਾਲ ਬੰਨ ਕੇ ਹੀ ਆਉਂਦੇ ਹਨ, ਪਰ ਜੇਕਰ ਕਿਸੇ ਨੇ ਅਜਿਹਾ ਨਾ ਕੀਤਾ ਹੋਵੇ ਤਾਂ ਸਾਡੇ ਕਰਮਚਾਰੀ ਉਸੇ ਵੇਲੇ ਇਸ ਗੱਲ ਦਾ ਨੋਟਿਸ ਲੈਂਦੇ ਉਸ ਨੂੰ ਮੂੰਹ ਢੱਕਣ ਲਈ ਆਖ ਦਿੰਦੇ ਹਨ। ਇਸੇ ਤਰਾਂ ਆਪਸੀ ਦੂਰੀ ਦਾ ਧਿਆਨ ਰੱਖਦੇ ਹੋਏ ਹਰੇਕ ਲਾਇਨ ਵਿਚ ਚੱਕਰ ਲਗਾ ਕੇ ਲੋਕਾਂ ਨੂੰ ਦੂਰ-ਦੂਰ ਖੜਨ ਦਾ ਸੰਦੇਸ਼ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ਫ਼ਤਿਹ ਸਬੰਧੀ ਵੀ ਲੋਕਾਂ ਨੂੰ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਨਾ, ਮੂੰਹ ਤੇ ਮਾਸਕ ਲਗਾਉਣਾ ਅਤੇ ਬਾਰ ਬਾਰ ਨੱਕ ਮੂੰਹ ਨੂੰ ਹੱਥ ਲਗਾਉਣ ਤੋਂ ਗੁਰੇਜ ਕਰਨਾ ਸਬੰਧੀ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨਾਂ ਕਿਹਾ ਕਿ ਮੇਰੇ ਤੋਂ ਇਲਾਵਾ ਜਿਲਾ ਮਾਸਟਰ ਟਰੇਨਰ ਸ੍ਰੀ ਜਗਦੀਪ ਸਿੰਘ, ਪਰਮਜੀਤ ਸਿੰਘ, ਮੋਹਿਤ ਸ਼ਰਮਾ, ਨਵਪ੍ਰੀਤ ਸਿੰਘ, ਰਘੂ ਕਾਲੀਆ ਵੀ ਲੋਕਾਂ ਵਿਚ ਜਾਗਰੂਕਤਾ ਲਿਆਉਣ ਲਈ ਵਾਰ-ਵਾਰ ਆਪਣੀ ਡਿਊਟੀ ਕਰਦੇ ਹਨ।
ਸੋਨੀ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਸਾਡੇ ਕੋਲ ਕੰਮ ਲਈ ਆਇਆ ਵਿਅਕਤੀ ਸੁਰੱਖਿਅਤ ਵਾਪਸ ਜਾਵੇ ਇਸ ਲਈ ਅਸੀਂ ਅਕਸਰ ਆਪਣੇ ਦਫਤਰ ਨੂੰ ਸੈਨੇਟਾਈਜ਼ ਵੀ ਕਰਵਾਉਂਦੇ ਰਹਿੰਦੇ ਹਾਂ। ਉਨਾਂ ਕਿਹਾ ਕਿ ਕਰਮਚਾਰੀਆਂ ਦੇ ਆਪਣੇ-ਆਪਣੇ ਕੈਬਿਨ ਹਨ, ਪਰ ਇਸ ਦੇ ਬਾਵਜੂਦ ਵੀ ਉਨਾਂ ਨੂੰ ਆਪਸੀ ਦੂਰੀ ਰੱਖਣ ਲਈ ਹਦਾਇਤ ਕੀਤੀ ਹੋਈ ਹੈ। ਦੁਪਿਹਰ ਦੇ ਖਾਣੇ ਵਕਤ ਵੀ ਇੰਨਾਂ ਕਰਮਚਾਰੀਆਂ ਨੂੰ ਇਕੱਠੇ ਬੈਠਣ ਤੋਂ ਰੋਕਿਆ ਗਿਆ ਹੈ।