10.8 C
United Kingdom
Monday, May 20, 2024

More

    ਮਤਬੰਨਾ ਪੁੱਤ

    ਇਹ ਗੱਲ ਕੋਈ ਉਨੀ ਸੌ ਦਸ ਕੁ ਸੰਨ ਦੀ ਆ, ਜਦੋ ਜਗਤ ਸਿਉਂ ਦੇ ਛੋਟੇ ਦੋਨੇ ਭਰਾ ਵਿਆਹੇ ਗਏ ਤੇ ਉਸ ਤੇ ਛੜਾ ਹੋਣ ਦਾ ਲੇਬਲ ਲੱਗਣਾ ਸ਼ੁਰੂ ਹੋ ਗਿਆ । ਜਗਤ ਸਿਉਂ ਜੁਗਾੜ ਕਰਕੇ ਕਿਧਰੋ ਮੁੱਲ ਦੀ ਤੀਵੀ ਲੈ ਆਇਆ।ਬਾਕੀ ਤਾਂ ਸਭ ਠੀਕ ਸੀ ਪਰ ਉਸ ਜਨਾਨੀ ਕੋਲ ਚਾਰ ਕੁ ਸਾਲ ਦਾ ਇੱਕ ਮੁੰਡਾ ਸੀ।ਮੁੰਡੇ ਦੇ ਤਿੱਖੇ ਨੈਣ ਨਕਸ਼ ਸਾਰਿਆਂ ਦਾ ਧਿਆਨ ਖਿੱਚਦੇ ਸੀ।ਜਗਤ ਸਿਉ ਨੇ ਉਸਦਾ ਨਾ ‘ਸੁੱਖਾ’ਰੱਖਿਆ।ਸੁੱਖੇ ਦੀ ਮਾਂ ਸੁੱਖੇ ਨੂੰ ਬਹੁਤ ਪਿਆਰ ਕਰਦੀ ਸੀ।ਹੌਲੀ-ਹੌਲੀ ਜਗਤ ਸਿਉ ਦੇ ਆਪਣੇ ਵੀ ਔਲਾਦ ਹੋ ਗਈ।ਮਾਂ ਵੀ ਕੰਮਾਂ-ਕਾਰਾਂ ਵਿੱਚ ਰੁੱਝੀ ਰਹਿੰਦੀ ਅਤੇ ਸੁੱਖੇ ਵੱਲ ਘੱਟ ਧਿਆਨ ਦਿੰਦੀ।ਸੁੱਖਾ ਵੱਡਾ ਹੋ ਚਲਿਆ ਸੀ ,ਉਹ ਘਰ ਦੇ ਕੰਮਾਂ ਵਿੱਚ ਹੱਥ ਵਟਾਉਣ ਲੱਗਿਆ- ਮੱਝਾਂ ਨੂੰ ਕੱਖ ਪਾਂਉਦਾ,ਚਾਰਨ ਲੈ ਜਾਂਦਾ, ਹਲਟ ਹੱਕਦਾ।
    ਇਸ ਤਰਾਂ ਕਈ ਸਾਲ ਗੁਜਰ ਗਏ ਤੇ ਸੁੱਖੇ ਦੇ ਮੁੱਛ ਫੁੱਟਣ ਲੱਗੀ।ਸੁੱਖਾ ਛੇ ਫੁੱਟ ਤੋ ਉੱਚਾ ਕੱਦ ਕਰ ਗਿਆ।ਪਿੰਡ ਦਾਦ ਸਾਲ ਪਿੱਛੋ ਭਾਈ ਬਾਲੇ ਦਾ ਮੇਲਾ ਲੱਗਦਾ,ਸੁੱਖਾ ਥਰੀਕਿਆਂ ਤੋ ਦੋ ਕਿਲੋਮੀਟਰ ਤੁਰ ਕੇ ਆਪਣੇ ਸਾਥੀਆਂ ਨਾਲ਼ ਮੇਲੇ ਜਾਂਦਾ। ਉਸਦਾ ਚਿੱਟਾ ਚਾਦਰਾ ਤੇ ਤੁਰ੍ਹਲੇ ਵਾਲ਼ੀ ਕਾਲ਼ੀ ਪੱਗ ਸਭ ਦਾ ਧਿਆਨ ਆਪਣੇ ਵੱਲ ਖਿੱਚਦੇ। ਇੱਕ ਵਾਰੀ ਸੁੱਖਾ ਮੇਲੇ ਤੋ ਕਾਲ਼ਾ ਪਿੱਤਲ਼ ਦੇ ਕੋਕਿਆਂ ਵਾਲ਼ਾ ਖੂੰਡਾ ਲੈ ਆਇਆ,ਜਗਤ ਸਿਉ ਨੇ ਕਾਫੀ ਝਿੜਕਿਆ ਉਸਨੂੰ ਖੂੰਡੇ ਤੇ ਜੋ ਉਹ ਚਾਰ ਆਨੇ ਖਰਚ ਆਇਆ ਸੀ।
    ਹੁਣ ਸੁੱਖੇ ਦੇ ਵੀ ਛੋਟੇ ਤਿੰਨੇ ਭੈਣ-ਭਰਾ ਵਿਆਹੇ ਗਏ ਸੀ।ਉਸ ਤੇ ਪਿੱਛਲੱਗ ਦਾ ਲੇਬਲ ਲੱਗਿਆ ਹੋਣ ਕਰਕੇ ਉਸਨੂੰ ਕੋਈ ਰਿਸ਼ਤਾ ਨਾ ਆਇਆ।ਸੁੱਖੇ ਦੀ ਮਾਂ ਚਾਹੁੰਦੀ ਸੀ ਕਿ ਉਸਦਾ ਵੀ ਕਿਵੇ ਨਾ ਕਿਵੇ ਵਿਆਹ ਹੋ ਜਾਵੇ।ਸੁੱਖੇ ਦੀ ਮਾਂ ਨੇ ਇੱਕ ਦਿਨ ਸੁੱਖੇ ਨੂੰ ਸਮਝਾਇਆ,”ਵੇ ਸੁੱਖਿਆ ਤੈਨੂੰ ਆਪਣੇ ਵਿਆਹ ਦਾ ਹੀਲਾ ਆਪ ਹੀ ਕਰਨਾ ਪਊ,ਤੇਰੇ ਪਿਉ ਨੇ ਨੀ ਕੁਝ ਕਰਨਾ ਤੇਰੇ ਲਈ” ਸੁੱਖਾ ਵੀ ਭਲੀ-ਭਾਂਤ ਇਹ ਗੱਲ ਸਮਝ ਚੁੱਕਿਆ ਸੀ।
    ਫੇਰ ਇੱਕ ਦਿਨ ਸੁੱਖਾ ਘਰੋ ਲੜ ਕੇ ਲੰਬੜਦਾਰਾਂ ਨਾਲ਼ ਸਾਂਝੀ ਰਲ਼ ਗਿਆ।ਉੁਹ ਉੱਥੇ ਹੀ ਖਾਂਦਾ, ਉੱਥੇ ਹੀ ਪੈਂਦਾ ਤੇ ਘਰ ਬਿਲਕੁੱਲ ਨਾ ਆਂਉਦਾ।ਉਹ ਲੰਬੜਦਾਰਾਂ ਨਾਲ਼ ਕੰਮ ਬਹੁਤ ਕਰਦਾ ਪਰ ਯਾਰਾਂ ਬੇਲੀਆਂ ਨਾਲ ਹਾਸਾ -ਠੱਠਾ ਵੀ ਕਰਦਾ, ਤਾਸ਼ ਖੇਡਦਾ ਤੇ ਉਹ ਆਪਣੇ ਆਪ ਨੂੰ ਕਦੇ ਸੀਰੀ ਨਾ ਸਮਝਦਾ।ਲੰਬੜਦਾਰ ਉਸਦੇ ਕੰਮ ਤੋ ਪੂਰੇ ਖੁਸ਼ ਸਨ।
    ਸੁੱਖੇ ਦਾ ਪੱਕਾ ਬੇਲੀ ਸੀ , ਕਰਨੈਲ ਸਿੰਘ ,ਉਹ ਕੱਲਕੱਤੇ ਵੱਲ ਟਰੱਕ ਲੈ ਕੇ ਆਮ ਏ ਈ ਜਾਂਦਾ ਰਹਿੰਦਾ ਸੀ । ਉਸਨੇ ਇੱਕ ਵਾਰੀ ਸੁੱਖੇ ਨਾਲ਼ ਦੇਸੀ ਦਾਰੂ ਦਾ ਪੈੱਗ ਲਾਂਉਦਿਆਂ ਗੱਲ ਛੇੜੀ। ਤੀਜਾ ਪੈੱਗ ਪਾਂਉਦਿਆਂ ਕਰਨੈਲ ਨੇ ਕਿਹਾ , “ ਉਏ ਸੁੱਖਿਆ ਤੇਰਾ ਵਿਆਹ ਕਰਵਾ ਦੀਏ, ਬੰਗਾਲ ਚ ਮੁੱਲ ਦੀਆਂ ਤੀਵੀਆਂ ਮਿਲ਼ ਜਾਂਦੀਆਂ ਨੇ,”ਸੁੱਖਾ ਕਰਨੈਲ ਵੱਲ ਇਉ ਝਾਕਿਆ ਜਿਵੇ ਉਸਨੇ ਕੋਈ ਜੱਗੋ ਤੇਰਵੀ ਗੱਲ ਕਰਤੀ ਹੋਵੇ।”ਪਹਿਲਾਂ ਅਪਦਾ ਤਾਂ ਕਰਵਾ ਲਾ, “ ਸੁੱਖੇ ਨੇ ਮੋੜਵਾਂ ਜਵਾਬ ਦਿੱਤਾ।ਸੁੱਖੇ ਨੂੰ ਪਤਾ ਸੀ ਜਦੋ ਕਰਨੈਲ ਨੂੰ ਦਾਰੂ ਚੜਦੀ ਤਾਂ ਉਹ ਊਲ- ਜਲੂਲ ਦੀਆਂ ਗੱਲਾਂ ਮਾਰਨ ਲੱਗਦਾ।” ਸੁੱਖਿਆ ਮੇਰਾ ਨਾ ਫਿਕਰ ਕਰ , ਪਰ ਤੈਨੂੰ ਜੱਟੀ ਕਿਸੇ ਨੇ ਨੀ ਦੇਣੀ” ।ਕਰਨੈਲ ਦੀ ਸੱਚੀ ਗੱਲ ਸੁੱਖੇ ਨੂੰ ਕੌੜੀ ਲੱਗੀ। ਸੁੱਖੇ ਨੇ ਚੌਥਾ ਗਲਾਸ ਅੰਦਰ ਸਿੱਟਿਆ ਤੇ ਬਿਨ੍ਹਾਂ ਬੋਲਿਆਂ ਮੰਜੀ ਤੋ ਉਠਿਆ ਤੇ ਘਰ ਨੂੰ ਤੁਰ ਪਿਆ।
    ਸੁੱਖਾ ਸਰਦੀਆਂ ਨੂੰ ਤੂੜੀ ਵਾਲ਼ੇ ਕੋਠੇ ਵਿੱਚ ਪਿਆ ਕਰਨੈਲ ਦੀ ਗੱਲ ਬਾਰੇ ਸੋਚਦਾ -ਸੋਚਦਾ ਪਤਾ ਨੀ ਕਦੋ ਸੌ ਗਿਆ ਸੀ। ਦੂਜੀ ਰਾਤ ਨੂੰ ਸੁੱਖਾ ਫੇਰ ਕਰਨੈਲ ਕੋਲ਼ ਚਲੇ ਗਿਆ। “ਬਾਈ ਘਰੇ ਆਂ “ ਸੁੱਖਾ ਅੰਦਰ ਆ ਬੜਿ੍ਹਆ ਸੀ । “ਆਜਾ , ਤੂੰ ਕੱਲ ਬਿਨਾਂ ਦੱਸਿਆਂ ਈ ਚਲੇ ਗਿਆ, ਬੀਬੀ ਰੋਟੀਆਂ ਲਾਹੀ ਬੈਠੀ ਸੀ , ਖਾ ਕੇ ਜਾਂਦਾ”ਕਰਨੈਲ ਕੱਚੇ ਕੋਠੇ ਚ ਰਜਾਈ ਲਈ ਪਿਆ ਸੀ,ਉਸਨੇ ਸੁੱਖੇ ਨੂੰ ਹਾਕ ਮਾਰਲੀ।ਸੁੱਖਾ ਮੰਜੀ ਤੇ ਬੈਠਿਆ ਜਿਵੇ ਹੁਣੇ ਉੱਠ ਕੇ ਚਲੇ ਜਾਣਾ ਹੋਵੇ।”ਬਾਈ ਤੂੰ ਕੱਲ ਮੇਰੇ ਵਿਆਹ ਦੀ ਗੱਲ ਕਰਦਾ ਸੀ, ਤੀਵੀ ਕਿਵੇ ਮਿਲ਼ਦੀ ਆ ਉੱਥੇ।” ਸੁੱਖੇ ਨੇ ਆ ਕੇ ਸਿੱਧੀ ਗੱਲ ਕੀਤੀ।ਕਰਨੈਲ ਨੇ ਸਿਰਾਣਾ ਦੂਹਰਾ ਕਰਕੇ ਸਿਰ ਥੱਲੇ ਲੈ ਲਿਆ ਤੇ ਬੋਲਿਆ “ਤੂੰ ਖੁਲਣੀ ਚੋ ਬੋਤਲ ਲਿਆ ਚੱਕ ਕੇ , ਰਾਤ ਗਈ ਬਾਤ ਗਈ ਨਾਲ਼ੇ ਗਿਲਾਸ ਲਿਆ ਬੇਬੇ ਤੋ , ਪਾਣੀ ਹੈਗਾ, ਪਿਆ ਇਥੇ ਗੜਵੀ ਚ । ਦੋ ਕੁ ਪੈੱਗ ਲਾਏ ਦੋਨਾਂ ਨੇ ਤੇ ਫਿਰ ਕਰਨੈਲ , ਸੁੱਖੇ ਦੀ ਗੱਲ ਵੱਲ ਆਇਆ,” ਤੀਵੀਆਂ ਤਾਂ ਮਿਲ਼ ਜਾਂਦੀਆਂ ਬੰਗਾਲ ਵੱਲ , ਗਰੀਬ ਮਾਂ- ਬਾਪ ਆਪ ਹੀ ਵੇਚ ਦਿੰਦੇ ਨੇ ਆਪਣੀਆਂ ਧੀਆਂ ਨੂੰ , ਪਾਪੀ ਪੇਟ ਬੜਾ ਕੁੱਛ ਕਰਾਂਉਦਾ ਸੁੱਖਿਆ, ਤੇਰਾ ਹੀਲਾ ਹੋਜੂ ਆਪਾਂ ਕਰ ਲੈਨੇ ਆਂ ਜੁਗਾੜ, ਕੁੱਛ ਪੈਸਿਆਂ ਦਾ ਬੰਦੋਬਸਤ ਕਰਲਾ।” ਸੁੱਖਾ ਕਹਿੰਦਾ,” ਬਾਈ ਕਿੰਨੇ ਕੁ ਲੱਗਣਗੇ” ਸੁੱਖਾ ਮੁਕਲਾਵਾ ਲੈਣ ਨੂੰ ਕਾਹਲ਼ਾ ਸੀ। “ਦਸ ਕੁ ਵੀਹਾਂ ਤਾਂ ਲੈ ਕੇ ਚੱਲੀ ਨਾਲ਼।”
    ਸਰਵਣ ਪਰਸੋਂ ਮੋਹੀ ਤੋ ਪੰਜ ਵੀਹਾਂ ਦੀ ਤਾਂ ਮੱਝ ਲੈ ਆਇਆ ਸੀ। ਪੈਸੇ ਸੁਣਕੇ ਸੁੱਖੇ ਦਾ ਗਲ਼ ਖੁਸ਼ਕ ਜਿਹਾ ਹੋ ਗਿਆ। “ ਉਹ ਯਾਰ ਤੂੰ ਤਾਂ ਚੁੱਪ ਈ ਕਰ ਗਿਆ , ਕੋਈ ਨਾ ਕੁਛ ਮਦਦ ਮੈ ਕਰਦੂ ।” ਕਰਨੈਲ ਨੇ ਸੁੱਖੇ ਦਾ ਹੱਥ ਫੜਕੇ ਹੌਸਲਾ ਦਿੱਤਾ। “ ਬਾਈ ਕਰਦਾਂ ਕੋਈ ਹੀਲਾ ਮੈ , ਹਫਤੇ ਕੁ ਤੱਕ ਦੱਸਦਾਂ ਫੇਰ , ਚੰਗਾ ਮੈ ਚੱਲਦਾਂ ।”ਸੁੱਖਾ ਕਰਨੈਲ ਦਾ ਹੁੰਗਾਰਾ ਉਡੀਕੇ ਬਿਨਾਂ ਹੀ ਉੱਠ ਤੁਰਿਆ।
    ਸੁੱਖੇ ਕੋਲ਼ ਚਾਰ ਵੀਹਾਂ ਤਾਂ ਸੀ, ਦੋ ਵੀਹਾਂ ਉਸਨੇ ਲੰਬੜਦਾਰਾਂ ਤੋ ਅਡਵਾਂਸ ਲੈ ਲਏ ਤੇ ਚਾਰ ਵੀਹਾਂ ਉਸਨੂੰ ਬਖਤੌਰ ਤੋ ਮਿਲ਼ ਗਏ ਸਨ। ਸੁੱਖਾ ਕਰਨੈਲ ਦੀ ਉਡੀਕ ਬੜੀ ਬੇਸਬਰੀ ਨਾਲ਼ ਕਰਨ ਲੱਗਿਆ। ਕਰਨੈਲ ਟਰੱਕ ਲੈ ਕੇ ਗਿਆ ਕਈ ਵਾਰ ਮਹੀਨਾ- ਮਹੀਨਾ ਘਰ ਨਾ ਮੁੜਦਾ। ਗੱਡੀ ਪੂਰੀ ਸ਼ਿਗਾਰ ਕੇ ਰੱਖਦਾ, ਲੁਧਿਆਣੇ ਵਿੱਚ ਸਿਰਫ ਪੰਜਾਹ ਕੁ ਟਰੱਕ ਸਨ, ਵੱਡੇ ਲਾਲੇ ਵਪਾਰੀਆਂ ਕੋਲ਼ ਟਰੱਕ ਸੀ, ਪਿੰਡਾਂ ਦੇ ਲੋਕ ਨੇੜੇ – ਤੇੜੇ ਗੱਡਿਆਂ ਤੇ ਲਾਲਿਆਂ ਦਾ ਮਾਲ ਢੋਂਦੇ। ਕਰਨੈਲ ,ਪੀਲ਼ੇ ਮੂੰਹ ਵਾਲ਼ਾ ਟਾਟਾ ਦਾ ਟਰੱਕ ਚਲਾਂਉਦਾ ,ਆਪਣੇ ਆਪ ਨੂੰ ਬਾਦਸ਼ਾਹ ਤੋ ਘੱਟ ਨਾ ਸਮਝਦਾ ।
    ਕਰਨੈਲ ਦੇ ਆਉਣ ਦਾ ਪਤਾ ਲੱਗਿਆ,ਤਾਂ ਆਥਣ ਨੂੰ ਸੁੱਖੇ ਨੇ ਉਸਨੂੰ ਜਾ
    ਕੇ ਦੱਸਿਆ ਕੇ ਪੈਸੇ ਤਿਆਰ ਹੋ ਗਏ ਹਨ।ਕਰਨੈਲ ਨੇ ਕਿਹਾ ਕਿ ਇਸ ਵਾਰ ਤੂੰ ਮੇਰੇ ਨਾਲ਼ ਚੱਲੀ , ਬਾੜੇਵਾਲ਼ ਦੇ ਕਲੀਡਰ ਨੂੰ ਸੁਨੇਹਾ ਦੇ ਆਵੀ ਬਈ ਉਹ ਨਾ ਜਾਵੇ ਇਸ ਵਾਰ। ਸੁੱਖਾ ਅਗਲੇ ਦਿਨ ਸਿੱਧਾ ਰੇਤੇ ਦੇ ਟਿੱਬਿਆਂ ਦੇ ਉੱਤੋ ਦੀ ਹੁੰਦਾ ਹੋਇਆ ਮਿਆਰੇ ਦਾ ਘਰ ਪੁੱਛ ਕੇ , ਉਸਨੂੰ ਸੁਨੇਹਾ ਦੇ ਆਇਆ।
    ਕਰਨੈਲ ਤੇ ਸੁੱਖਾ ਗੱਡੀ ਲੈ ਕੇ ਕੱਲਕੱਤੇ ਨੂੰ ਚੱਲ ਪਏ, ਪਿੱਤਲ਼ ਦੇ ਕੋਕਿਆਂ ਵਾਲ਼ਾ ਕਾਲ਼ਾ ਖੂੰਡਾ ਸੁੱਖੇ ਦੇ ਕੋਲ਼ ਸੀ ।ਸੁੱਖਾ ਕਦੇ ਲੁਧਿਆਣਾ ਨੀ ਸੀ ਟੱਪਿਆ। ਦੁਰਾਹੇ ਨੀਲੋ ਵਾਲ਼ੀ ਨਹਿਰ ਬਣੀ ਨੂੰ ਅਜੇ ਥੋੜੇ ਸਾਲ ਹੋਏ ਸੀ, ਸੁੱਖਾ ਅੰਗਰੇਜਾਂ ਦੀ ਬਣਾਈ ਨਹਿਰ ਨੂੰ ਬੜੀ ਹੈਰਾਨੀ ਨਾਲ਼ ਦੇਖਦਾ – ਦੇਖਦਾ ਪਤਾ ਨੀ ਕਦੋਂ ਖੰਨਾਂ ਟੱਪਿਆ ਤੇ ਉਹ ਦਿੱਲੀ ਵੀ ਪਾਰ ਕਰਗੇ। ਸੁੱਖੇ ਨੇ ਹੀਰ ਦੀਆਂ ਕਲੀਆਂ ਲਾਂਉਦੇ ਨੇ ਕਰਨੈਲ ਦਾ ਵੀ ਜੀਅ ਲਵਾਈ ਰੱਖਿਆ।ਕੱਲਕੱਤੇ ਪਹੁੰਚ ਕੇ ਮਾਲ ਲਾਹਿਆ ਤੇ ਕਰਨੈਲ ਸੁੱਖੇ ਨੂੰ ਇੱਕ ਢਾਬੇ ਤੇ ਲੈ ਗਿਆ। ਉੱਥੇ ਨਹਾ ਧੋ ਕੇ ਦੋਨਾਂ ਨੇ ਕੱਪੜੇ ਨਵੇ ਪਾਏ ਤੇ ਪੁਰਾਣੇ ਧੋ ਕੇ ਸੁੱਕਣੇ ਪਾ ਦਿੱਤੇ। ਢਾਬੇ ਤੇ ਰੋਟੀ ਖਾਧੀ ਤੇ ਕਰਨੈਲ ਨੇ ਢਾਬੇ ਵਾਲ਼ੇ ਤੋ ਈ ਪੁਛਿਆ ਕੇ ਅਸੀ ਇਸ ਮੁੰਡੇ ਲਈ ਕੁੜੀ ਲੈਣ ਆਏ ਆਂ ।ਢਾਬੇ ਵਾਲ਼ੇ ਦਾ ਪਿੰਡ ਨਾਲ਼ ਈ ਸੀ , ਰਾਤ ਨੂੰ ਢਾਬਾ ਬੰਦ ਕਰਕੇ ਉਹ ਉਹਨਾਂ ਨੂੰ ਆਪਣੇ ਪਿੰਡ ਦੀ ਕੁੜੀ ਦਿਖਾਉਣ ਲੈ ਗਿਆ । ਸੁੱਖੇ ਨੂੰ ਕੁੜੀ ਪਸੰਦ ਆ ਗਈ ਤੇ ਸੱਤ ਵੀਹਾਂ ਚ ਗੱਲ ਮੁੱਕੀ ਤੇ ਸੁੱਖੇ ਨੇ ਕੁੜੀ ਦੇ ਪਿਉ ਨੂੰ ਪੈਸੇ ਦਿੱਤੇ ਅਤੇ ਦੋ ਦਿਨ ਬਾਅਦ ਮਾਲ ਲੋਡ ਕਰਾਕੇ ਉਹ ਕੁੜੀ ਨੂੰ ਨਾਲ਼ ਲੈ ਕੇ ਪੰਜਾਬ ਨੂੰ ਚੱਲ ਪਏ। ਤਿੰਨ -ਚਾਰ ਘੰਟੇ ਦੇ ਸਫਰ ਤੋ ਬਾਅਦ ਸੁੱਖੇ ਨੇ ਇੱਕੋ ਸਵਾਲ ਪੁੱਛਿਆ “ਤੇਰਾ ਨਾ ਕੀ ਆ?” “ ਹਮਰਾ ਨਾਮ ਚਮੇਲੀ ਸੂ” ਸੁੱਖੇ ਨੇ ਹੋਰ ਕੁਛ ਪੁਛਣਾ ਵਾਜਿਬ ਨਾ ਸਮਝਿਆ।ਸੁੱਖਾ ਪਿੰਡ ਆ ਕੇ ਚਮੇਲੀ ਨੂੰ ਲੈ ਕੇ ਸਿੱਧਾ ਆਪਣੀ ਮਾਂ ਕੋਲ਼ ਗਿਆ,ਮਾਂ ਨੇ ਆਪਣੀ ਨੂੰਹ ਦੇ ਸਾਰੇ ਸ਼ਗਨ ਕੀਤੇ।ਸੁੱਖਾ ਤੇ ਚਮੇਲੀ ਲੰਬੜਦਾਰਾਂ ਦੇ ਬਾਹਰਲੇ ਘਰ ਰਹਿਣ ਲੱਗ ਪਏ।
    ਚਮੇਲੀ ਨੂੰ ਦੋ ਸੂਟ ਸੁੱਖੇ ਨੇ ਸਵਾਂ ਕੇ ਦਿੱਤੇ। ਚਮੇਲੀ ਮੱਥੇ ਤੇ ਨਿੱਕੀ ਬਿੰਦੀ ਲਾਂਉਦੀ , ਪੈਰਾਂ ਵਿੱਚ ਝਾਂਜਰ ਪਾ ਕੇ ਰੱਖਦੀ, ਅੱਖਾਂ ਵਿੱਚ ਸੁਰਮਾਂ ਪਾਂਉਦੀ। ਚਮੇਲੀ ਨੂੰ ਪਿੰਡ ਨੇ ਜਾਣੀ ਕਬੂਲ ਕਰ ਲਿਆ ਸੀ। ਉਸਦੇ ਗਲ਼ ਦੇ ਵਿੱਚ ਕਾਲ਼ੀ ਗਾਨੀ ਪਾਈ ਹੁੰਦੀ।ਉਹ ਪਿੰਡ ਦਾ ਸ਼ਿੰਗਾਰ ਸੀ।
    ਸੁੱਖੇ ਨੂੰ ਪਤਾ ਸੀ ਕਿ ਉਸਦੇ ਮਤਰਏ ਪਿਉ ਨੇ ਉਸਨੂੰ ਕੁੱਝ ਨਹੀ ਦੇਣਾ ਤੇ ਨਾ ਹੀ ਉਸਨੇ ਕਦੇ ਮੰਗਿਆ। ਸੁੱਖੇ ਨੂੰ ਪਿੰਡ ਦੀ ਬਾਹਰਲੀ ਫਿਰਨੀ ਤੇ ਕਿਸੇ ਨੇ ਕੋਠਾ ਛੱਤਣ ਲਈ ਆਪਣੀ ਥਾਂ ਦੇ ਦਿੱਤੀ।ਸੁੱਖੇ ਨੇ ਉੱਥੇ ਆਪਣੀ ਕੋਠੜੀ ਬਣਾ ਲਈ ਤੇ ਮੂਹਰੇ ਦੋ ਕੁ ਖਣ ਦਾ ਬਰਾਂਡਾ ਛੱਤ ਲਿਆ।ਕੰਮ ਉਹ ਲੰਬੜਦਾਰਾਂ ਨਾਲ਼ ਹੀ ਕਰਦਾ ਰਿਹਾ।ਵਿਆਹ ਤੋ ਕਈ ਸਾਲ ਬਾਅਦ ਵੀ ਉਹਨਾਂ ਦੇ ਕੋਈ ਔਲਾਦ ਨਾ ਹੋਈ।ਚਮੇਲੀ ਕਈ ਵਾਰ ਉਦਾਸ ਹੋ ਜਾਂਦੀ ਪਰਉਹ ਢੇਰੀ ਢਾਉਣ ਵਾਲ਼ੀ ਔਰਤ ਨਹੀ ਸੀ।ਫਿਰ ਸੁੱਖਾ ਇੱਕ ਦਿਨ ਇੱਕ ਬੱਕਰੀ ਮੁੱਲ ਲੈ ਆਇਆ,ਘਰ ਦਾ ਦੁੱਧ ਹੋ ਗਿਆ।ਚਮੇਲੀ ਬੱਕਰੀ ਨੂੰ ਸਾਂਭਦੀ, ਉਸਨੂੰ ਬੱਕਰੀ ਘਰ ਦੇ ਜੀਅ ਵਾਂਗੂ ਲੱਗਦੀ, ਜਿਵੇ ਉਹ ਦੋ ਤੋ ਤਿੰਨ ਹੋ ਗਏ ਹੋਣ।ਬੱਕਰੀ ਨੇ ਕਈ ਪਠੋਰੀਆਂ ਦਿੱਤੀਆਂ ਤੇ ਕੁੱਝ ਬੱਕਰੀਆਂ ਸੁੱਖੇ ਨੇ ਹੋਰ ਮੁੱਲ ਲੈ ਲਈਆਂ।ਉਸ ਕੋਲ਼ ਪੰਜਾਹ ਤੋ ਉੱਪਰ ਬੱਕਰੀਆਂ ਹੋ ਗਈਆਂ ਅਤੇ ਉਹ ਸੀਰੀਪੁਣਾ ਛੱਡ ਕੇ ਬੱਕਰੀਆਂ ਸਾਂਭਣ ਲੱਗਿਆ।ਬੱਕਰੀ ਦਾ ਦੁੱਧ ਬੱਚਿਆਂ ਦੇ ਪੀਣ ਲਈ ਚੰਗਾ ਸਮਝਿਆ ਜਾਂਦਾ ਸੀ। ਪਿੰਡ ਦਾ ਕੋਈ ਨਿਆਣਾ ਨੀ ਹੋਣਾ ਜਿਸਨੇ ਸੁੱਖੇ ਦੀਆਂ ਬੱਕਰੀਆਂ ਦਾ ਦੁੱਧ ਨਾ ਪੀਤਾ ਹੋਵੇ।ਫਿਰ ਉਹ ਦਿਨੇ ਬੱਕਰੀਆਂ ਚਾਰਨ ਲੈ ਜਾਂਦਾ ਅਤੇ ਰਾਤ ਨੂੰ ਪਿੰਡ ਦੀ ਚੌਕੀਦਾਰੀ ਵੀ ਕਰਦਾ,ਪਿੰਡ ਦੀ ਜਨਮ ਮਰਨ ਦਾ ਲੇਖਾ-ਜੋਖਾ ਵੀ ਉਸ ਕੋਲ਼ ਸੀ।ਚਮੇਲੀ ਪਿੰਡ ਵਿੱਚ ਸਭ ਦੇ ਦੁੱਖ-ਸੁੱਖ ਵਿੱਚ ਜਾਂਦੀ ਭਾਂਵੇ ਉਸਨੂੰ ਪੰਜਾਬੀ ਬੋਲਣੀ ਸਾਰੀ ਉੱਮਰ ਨਾ ਆਈ।
    ਹੌਲ਼ੀ-ਹੌਲ਼ੀ ਸਾਲ ਬੀਤਦੇ ਗਏ,ਸੁੱਖਾ ਤੇ ਚਮੇਲੀ ਵੀ ਵਖਤ ਨਾਲ਼ ਬੁੱਢੇ ਹੋ ਗਏ।ਬੱਕਰੀਆਂ ਉਹਨਾਂ ਕੋਲ਼ ਅਜੇ ਵੀ ਪੰਜਾਹ ਤੋ ਉੱਪਰ ਸਨ।ਜਵਾਨੀ ਵੇਲ਼ੇ ਭਾਈ ਬਾਲੇ ਮੇਲੇ ਤੋ ਲਿਆਂਦਾ ਪਿੱਤਲ ਦੇ ਕੋਕਿਆਂ ਵਾਲਾਂ ਖੂੰਡਾ ਅੱਜ ਵੀ ਉਸ ਕੋਲ਼ ਹੁੰਦਾ ਜਦੋ ਉਹ ਬੱਕਰੀਆਂ ਚਾਰਨ ਜਾਂਦਾ।
    ਪਿੰਡ ਦਾ ਇੱਕ ਮੁੰਡਾ ਸੀ ‘ਲੱਕੀ’,ਬਚਪਨ ਵਿੱਚ ਉਹ ਬੜਾ ਸ਼ਰਾਰਤੀ ਸੀ ਤੇ ਹਰੇਕ ਘਟਨਾ ਨੂੰ ਬੜਾ ਗਹੁ ਨਾਲ
    ਵੇਖਦਾ-ਪਰਖਦਾ ਵੀ ਸੀ।ਰਾਤ ਨੂੰ ਆਪਣੇ ਦਾਦੇ ਨਾਲ਼ ਪਿਆ ਅਕਸਰ ਚੰਦ-ਤਾਰਿਆਂ ਵਾਰੇ ਸਵਾਲ ਪੁੱਛਦਾ ਰਹਿੰਦਾ-ਇਹ ਤਾਰੇ ਕਿਵੇ ਬਣੇ ਨੇ,ਦਿਨੇ ਤਾਰੇ ਕਿਥੇ ਚਲੇ ਜਾਂਦੇ ਨੇ,ਇਹ ਥੱਲੇ ਕਿਉ ਨੀ ਡਿੱਗਦੇ-ਅਨੇਕਾ ਸਵਾਲ ਹੁੰਦੇ ਲੱਕੀ ਦੇ ਮਨ ਵਿੱਚ-ਉਸਦਾ ਦਾਦਾ ਉਸਦੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਦਾ ਰਹਿੰਦਾ ਤੇ ਉਹ ਸਵਾਲ
    ਪੁੱਛਦਾ ਈ ਸੌ ਜਾਂਦਾ।ਅਗਲੀ ਰਾਤ ਨਵੇ ਸਵਾਲ ਹੁੰਦੇ-ਹਵਾ ਕਿਥੋ ਆਂਉਦੀ ਆ, ਬਾਬਾ ਜੀ ਬੱਦਲ਼ਾਂ ਵਿੱਚ ਪਾਣੀ ਕਿਥੋ ਆਂਉਦਾ-ਲੱਕੀ ਦੇ ਸਵਾਲ ਨਾ ਮੁੱਕਦੇ।
    ਲੱਕੀ ਅਕਸਰ ਆਪਣੀ ਮਾਂ ਨਾਲ਼ ਆਪਣੇ ਪਿਤਾ ਦੀ ਰੋਟੀ ਲੈ ਕੇ ਜਾਂਦਾ-ਸੁੱਖੇ ਤੇ ਚਮੇਲੀ ਦਾ ਘਰ ਉਹਨਾਂ ਦੇ ਰਸਤੇ ਵਿੱਚ ਪੈਦਾਂ ਸੀ।ਉਹ ਸੁੱਖੇ ਤੇ ਚਮੇਲੀ ਨੂੰ ਮੰਜੇ ਤੇ ਬੈਠੇ ਦੇਖਦਾ ਪਰ ਉਹ ਇੱਕ ਸਵਾਲ ਆਪਣੇ ਮਨ ਵਿੱਚ ਲੈ ਕੇ ਆਪਣੀ ਮਾਂ ਨਾਲ਼ ਅੱਗੇ ਚਲਾ ਜਾਂਦਾ।ਇੱਕ ਦਿਨ ਜਦ ਉਹ ਆਪਣੀ ਮਾਂ ਨਾਲ਼ ਰੋਟੀ ਲੈ ਕੇ ਜਾ ਰਿਹਾ ਸੀ ਤਾਂ ਉਸ ਤੋ ਰਿਹਾ ਨਾ ਗਿਆ,ਉਸਨੇ ਆਪਣੀ ਮਾਂ ਦੀ ਚੁੰਨੀ ਖਿੱਚ ਕੇ ਉਸਨੂੰ ਰੋਕ ਲਿਆ।”ਬੀਬੀ ਜਦੋ ਸੁੱਖਾ ਤੇ ਚਮੇਲੀ ਮਰ ਗਏ ਤਾਂ ਇਹਨਾਂ ਦੀਆਂ ਬੱਕਰੀਆਂ ਕੌਣ ਸਾਂਭੂ”ਛੋਟੀ ਉੱਮਰ ਦੇ ਲੱਕੀ ਨੇ ਵੱਡਾ ਸਵਾਲ ਕਰ ਦਿੱਤਾ ਸੀ।
    ਮੰਜੀ ਤੇ ਬੈਠੇ ਸੁੱਖੇ ਨੇ ਦੇਖਿਆ ਬਈ ਨਿਆਣਾ ਉਸ ਵੱਲ ਉਗਲ਼ ਕਰਕੇ ਆਪਣੀ ਮਾਂ ਤੋ ਕੁਝ ਪੁੱਛ ਰਿਹਾ।”ਭਾਈ ਇਹ ਕੀ ਪੁੱਛਦਾ ?”ਸੁੱਖੇ ਨੇ ਆਖਿਆ।ਲੱਕੀ ਦੀ ਮਾਂ ਨੂੰ ਗੱਲ ਨਾ ਔੜੇ ਬਈ ਉਹ ਕੀ ਕਹੇ ਹੁਣ,ਫੇਰ ਉਸਨੇ ਸੰਕੋਚ ਕੇ ਜਿਹੇ ਕਿਹਾ,”ਬਾਬਾ ਜੀ ਇਹ ਪੁੱਛਦਾ ਬਈ ਥੋਡੋ ਮਗਰੌ ਥੋਡੀਆਂ ਬੱਕਰੀਆਂ ਕੌਣ ਸਾਂਭੂ”
    ਸੁੱਖਾ ਖਿੜ-ਖੜਾ ਕੇ ਹੱਸਿਆ ਜਿਵੇ ਉਸਦੀ ਪਹਿਲਾਂ ਤੋ ਹੀ ਆਦਤ ਸੀ,”ਉਏ ਤੈਨੂੰ ਮਤਬੰਨਾ ਬਣਾ ਲੈਨੇ ਆਂ”ਸੁੱਖੇ ਨੇ ਉੱਚੀ ਦੇਣੀ ਕਿਹਾ।”ਬੀਬੀ ਇਹ ਮਤਬੰਨਾ ਕੀ ਹੁੰਦਾ ?”ਲੱਕੀ ਲਈ ਅਗਲਾ
    ਸਵਾਲ ਖੜਾ ਹੋ ਗਿਆ।ਲੱਕੀ ਦੀ ਮਾਂ ਸਾਰੇ
    ਰਾਹ ਮਤਬੰਨੇ ਬਾਰੇ ਸਮਝਾਉਦੀ ਗਈ ਤੇ ਲੱਕੀ ਦੇ ਸਵਾਲ ਅੱਗੇ ਹੋਰ ਬਣਦੇ ਗਏ।
    ਅਗਲੇ ਸਾਲ ਲੱਕੀ ਨੂੰ ਪਹਿਲੀ ਜਮਾਤ ਵਿੱਚ ਦਾਖਲ ਕਰਵਾ ਦਿੱਤਾ,ਸੁੱਖੇ ਦੀ ਕੋਠੜੀ ਵੀ ਸਕੂਲ ਦੇ ਨਾਲ਼ ਹੀ ਸੀ।ਹੁਣ ਸੁੱਖਾ ਅਕਸਰ ਉਸਨੂੰ ਮਤਬੰਨਾ ਕਹਿਕੇ ਬਲਾਂਉਦਾ ਤੇ ਉਹ ਲੱਕੀ ਦਾ ਅਸਲੀ ਨਾਂਅ ਜਾਣਦਾ ਵੀ ਨਹੀ ਸੀ।”ਮਤਬੰਨਿਆਂ ਮੇਰੀ ਮੰਜੀ ਛਾਂਵੇ ਕਰਾ ਜਾ,ਅਪਦੀ ਬੇਬੇ ਕੋਲੋ ਪਾਣੀ ਲਿਆ ਕੇ ਦੇਹ ਗੜਵੀ ਵਿੱਚ।”ਲੱਕੀ ਚਮੇਲੀ ਕੋਲੋ ਚਾਹ-ਪਾਣੀ ਲਿਆ ਕੇ ਸੁੱਖੇ ਨੂੰ ਫੜਾ ਜਾਂਦਾ।
    ਲੱਕੀ ਅੱਠਵੀ-ਨੌਵੀ ਜਮਾਤ ਵਿੱਚ ਹੋ ਗਿਆ-ਸੁੱਖੇ ਨੇ ਬੱਕਰੀਆਂ ਹੌਲ਼ੀ-ਹੌਲ਼ੀ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਸ ਕੋਲ਼ ਦੋ ਬੱਕਰੀਆਂ ਰਹਿ ਗਈਆਂ।ਫੇਰ ਇੱਕ ਰਾਤ ਨੂੰ ਚਮੇਲੀ ਦੀ ਅਚਾਨਕ ਮੌਤ ਹੋ ਗਈ।ਸੁੱਖੇ ਨੇ ਇੱਕ ਬੱਕਰੀ ਹੋਰ ਵੇਚ ਕੇ ਉਸਦੀਆਂ ਅੰਤਿਮ ਰਸਮਾਂ ਪੂਰੀਆਂ ਕੀਤੀਆਂ। ਹੁਣ ਸੁੱਖੇ ਕੋਲ ਇੱਕ ਬੱਕਰੀ ਰਹਿ ਗਈ ਸੀ,ਉਸਦੀ ਧਾਰ ਵੀ ਗਵਾਂਢ ਚੋ ਆਕੇ ਕੋਈ ਕੱਢ ਜਾਂਦਾ।ਸੁੱਖੇ ਦੇ ਹੱਥ-ਪੈਰ ਜਵਾਬ ਦਈ ਜਾ ਰਹੇ ਸੀ।
    ਫੇਰ ਇੱਕ ਦਿਨ ਸੁੱਖੇ ਦਾ ਭੌਰ ਵੀ ਉਡਾਰੀ ਮਾਰ ਗਿਆ-ਆਖਰੀ ਬੱਕਰੀ ਵੇਚਕੇ ਪਿੰਡ ਦੇ ਬੰਦਿਆਂ ਨੇ ਸੁੱਖੇ ਦਾ ਕਿ੍ਰਆ ਕਰਮ ਕੀਤਾ।ਥਾਂ ਜਿੰਨਾਂ ਨੇ ਸੁੱਖੇ ਨੂੰ ਦਿੱਤਾ ਸੀ ਵਾਪਿਸ ਉਹਨਾਂ ਦਾ ਹੋ ਗਿਆ।
    “ਮਤਬੰਨਾਂ ਪੁੱਤ”ਲੱਕੀ ,ਸੁੱਖੇ ਦਾ-“ਕਾਲ਼ਾ ਪਿੱਤਲ਼ ਦੇ ਕੋਕਿਆਂ ਵਾਲ਼ਾ ਖੂੰਡਾ” ਕੋਠੇ ਤੇ ਫੜੀ ਬੈਠਾ ਸੋਚ ਰਿਹਾ ਸੀ ਕਿ ਬੰਦਾ ਭਲਾਂ ਮਰ ਕੇ ਕਿਥੇ ਜਾਂਦਾ ਹੋਊ !!!!???
    ਹਰਦੀਪ ਗਰੇਵਾਲ਼ ਥਰੀਕੇ
    778-712-2019

    PUNJ DARYA

    Leave a Reply

    Latest Posts

    error: Content is protected !!