ਸਰਬਜੀਤ ਸਿੰਘ ਜਿਉਣ ਵਾਲਾ
ਕਿਸੇ ਵੀ ਸਮਾਜ ਦੀ ਮਰਿਆਦਾ ਸਾਡੇ ਧਾਰਮਿਕ ਸ਼ਾਸਤਰਾਂ ਜਾਂ ਗ੍ਰੰਥਾਂ ਦੁਆਰਾ ਬੰਨ੍ਹੀ ਜਾਂਦੀ ਹੈ ਕਿ ਮਨੁੱਖ ਲਈ ਕੀ ਚੰਗਾ ਹੈ ਤੇ ਕੀ ਮਾੜਾ ਹੈ? ਸਾਡੇ ਰਹਿਬਰ ਜਾਂ ਗੁਰੂ ਸਾਹਿਬਾਨ ਤੈਅ ਕਰਦੇ ਹਨ ਕਿ ਮਨੁੱਖ ਕਿਹੜੇ ਨਿਯਮਾਂ ਜਾਂ ਪਾਬੰਦੀਆਂ ਤੇ ਚੱਲ ਕੇ ਆਪਣੀ ਬੁੱਧੀ ਜਾਂ ਸੁਰਤ ਦਾ ਵਿਕਾਸ ਕਰ ਸਕਦਾ ਹੈ। ਇਸੇ ਲਈ ਬਹੁਤ ਚਿਰ ਪਹਿਲਾਂ ਲਿਖੇ ਇਹ ਰੂਹਾਨੀ ਗ੍ਰੰਥ ਅੱਜ ਵੀ ਸਾਡੀ ਰਹਿਨੁਮਾਈ ਕਰਦੇ ਹਨ ਤੇ ਕਰਦੇ ਰਹਿਣਗੇ। ਪਰ ਅਫਸੋਸ ਦੀ ਗੱਲ ਹੈ ਕਿ ਮਨੁੱਖ ਦੀ ਸੋਚ ਦਾ ਪੱਧਰ ਐਨਾ ਗਿਰ ਗਿਆ ਹੈ ਕਿ ਇਨ੍ਹਾਂ ਧਾਰਮਿਕ ਗ੍ਰੰਥਾਂ ਵੱਲੋਂ ਵਰਜਿਤ ਚੀਜਾਂ ਭਾਵ ਨਸ਼ੇ ਦਾ ਸੇਵਨ ਮਨੁੱਖ ਸੌਂਕ ਨਾਲ ਕਰਦਾ ਹੈ। ਜਨਮ ਦੇ ਅਧਾਰ ਤੇ ਘੱਟ ਬੁੱਧੀ ਵਾਲੇ ਨੂੰ ਅਸੀਂ ਅਕਸਰ ਕਮਲਾ ਆਖ ਦਿੰਦੇ ਹਾਂ ਪਰ ਜੇ ਕੋਈ ਸਰਾਬ ਜਾਂ ਹੋਰ ਨਸ਼ਾ ਕਰਕੇ ਆਪ ਹੀ ਕਮਲਾ ਬਣਨ ਨੂੰ ਫਿਰੇ ਤਾਂ ਅਸੀਂ ਉਸਨੂੰ ਕੀ ਆਖਾਂਗੇ? ਅੱਜ ਸਮਾਜ ਕੋਰੋਨਾ ਨਾਮਕ ਭਿਆਨਕ ਬਿਮਾਰੀ ਕਰਕੇ ਬਹੁਤ ਹੀ ਮਾੜੇ ਹਾਲਾਤ ਵਿੱਚੋਂ ਗੁਜਰ ਰਿਹਾ ਹੈ। ਹਰ ਕਿਸੇ ਨੂੰ ਆਪਣੀ ਰੋਟੀ ਅਤੇ ਜ਼ਿੰਦਗੀ ਦੀ ਫਿਕਰ ਪਈ ਹੈ ਪਰ ਦੇਸ਼ ਜਾਂ ਰਾਜ ਨੂੰ ਚਲਾਉਣ ਵਾਲੀਆਂ ਸਰਕਾਰਾਂ ਨੂੰ ਲੋਕਾਂ ਨੂੰ ਅਣਗੌਲਿਆਂ ਕਰਕੇ ਆਪਣੇ ਖਜਾਨੇ ਨੂੰ ਭਰਨ ਦੀ ਫਿਕਰ ਪਈ ਹੈ। ਦੇਸ਼ ਵਿੱਚ ਲੱਗੇ ਲਾਕਡਾਊਨ ਦੌਰਾਨ ਬਾਕੀ ਸਭ ਕੁੱਝ ਬੰਦ ਹੈ ਤੇ ਇਕੱਲੇ ਠੇਕੇ ਹੀ ਖੋਲ੍ਹੇ ਹੋਏ ਹਨ। ਅਖੇ, ਇਹਦੀ ਵਿਕਰੀ ਕਰਨ ਤੇ ਸਰਕਾਰ ਨੂੰ ਸਭ ਤੋਂ ਵੱਧ ਆਮਦਨ ਹੁੰਦੀ ਹੈ। ਜਦੋਂ ਸਕੂਲ ਤੇ ਧਾਰਮਿਕ ਸਥਾਨ ਬੰਦ ਹਨ ਤੇ ਲੋਕਾਂ ਨੂੰ ਕਮਲੇ ਕਰਨ ਵਾਲੇ ਠੇਕੇ ਸਰਕਾਰ ਨੇ ਕਿਸ ਅਧਾਰ ਤੇ ਖੋਲ੍ਹੇ ਹਨ। ਜੇ ਸਰਕਾਰ ਇਹ ਸੋਚਦੀ ਹੈ ਕਿ ਸਰਾਬ ਦੀ ਵਿਕਰੀ ਨਾਲ ਸਾਡੀ ਆਮਦਨ ਹੁੰਦੀ ਹੈ ਤਾਂ ਆਮ ਲੋਕ ਵੀ ਮਾੜਾ ਕੰਮ ਕਰਕੇ ਪੈਸਾ ਕਮਾਉਣ ਬਾਰੇ ਸਹਿਜੇ ਹੀ ਸੋਚ ਸਕਦੇ ਹਨ। “ਜੈਸਾ ਰਾਜਾ ਤੈਸੀ ਪਰਜਾ” ਵਾਲੀ ਕਹਾਵਤ ਫਿਰ ਗਲਤ ਨਹੀਂ ਹੋ ਸਕਦੀ। ਇਸ ਮਾੜੇ ਦੌਰ ਵਿੱਚ ਲੋਕ ਸ਼ਰਾਬ ਪੀ ਕੇ ਘਰੇ ਕਲੇਸ਼ ਹੀ ਪਾਉਣਗੇ। ਇੱਕ ਤਾਂ ਲੋਕਾਂ ਦੇ ਕੰਮ ਖੁੱਸ ਗਏ ਤੇ ਉੱਤੋਂ ਸਰਕਾਰ ਦੇ ਘਟੀਆ ਅਦੇਸ਼ ਨਸ਼ਾ ਕਰਨ ਵਾਲਿਆਂ ਨੂੰ ਘਰ ਦਾ ਸਮਾਨ ਜਾਂ ਚੋਰੀ ਕਰਨ ਲਈ ਪ੍ਰੇਰਿਤ ਕਰਨਗੇ। ਅਸਲ ਵਿੱਚ ਸਰਕਾਰ ਚਾਹੁੰਦੀ ਨਹੀਂ ਕਿ ਲੋਕ ਸੋਫੀ ਰਹਿ ਕੇ ਆਪਣੇ ਹੱਕਾਂ ਬਾਰੇ ਸੋਚਣ। ਉਹ ਤਾਂ ਇਹ ਚਾਹੁੰਦੀ ਹੈ ਕਿ ਇਹ ਨਸ਼ਾ ਕਰਕੇ ਨਾਲੀਆਂ ਚੋਂ ਡਿੱਗੇ ਰਹਿਣ ਤੇ ਸਾਡੇ ਤੋਂ ਕੁੱਝ ਨਾ ਮੰਗਣ। ਲੋਕਾਂ ਨੂੰ ਨਸ਼ੇ ਨਾਲ ਕਮਲੇ ਕਰਕੇ ਆਪਣੇ ਬਣਦੇ ਹੱਕਾਂ ਤੋਂ ਭਟਕਾਉਣਾ ਅਸਲ ਵਿੱਚ ਸਰਕਾਰ ਦੀ ਨੀਤੀ ਹੈ। ਜਦੋ ਕੋਈ ਵੀ ਮਨੁੱਖ ਕਿਸੇ ਚੀਜ਼ ਦਾ ਆਦੀ ਹੋ ਜਾਂਦਾ ਹੈ ਤਾਂ ਉਹ ਇਸ ਮਾੜੀ ਅਲਾਮਤ ਤੋਂ ਉੱਪਰ ਨਹੀਂ ਉੱਠ ਸਕਦਾ। ਸਰਕਾਰ ਨੂੰ ਪੁੱਛਣ ਵਾਲਾ ਹੋਵੇ ਕਿ ਜੇ ਭਲਾਂ ਕਿਸੇ ਨੇ ਸਰਾਬ ਪੀ ਲਈ, ਉਹ ਭਲਾਂ ਟਿੱਕ ਕੇ ਬੈਠ ਸਕਦਾ ਹੈ। ਤੁਹਾਡਾ ਸ਼ੋਸ਼ਲ ਡਿਸਟੈਂਸ ਵਾਲਾ ਨਿਯਮ ਸਭ ਤੋਂ ਪਹਿਲਾਂ ਠੇਕੇ ਤੋਂ ਰੱਜਿਆ ਆਇਆ ਹੀ ਤੋੜੂ। ਫਿਰ ਆ ਕੇ ਘਰ ਦਿਆਂ ਨਾਲ ਕਲੇਸ਼ ਪਾਊ ਜਾਂ ਗੁਆਂਢੀਆਂ ਨਾਲ ਲੜੂ। ਤੁਹਾਡੀ ਲਾਕਡਾਊਨ ਦੌਰਾਨ ਵਰਤੀ ਇਹਤਿਆਤ ਦਾ ਭਲਾਂ ਕੀ ਫਾਇਦਾ ਹੋਇਆ। ਜਦੋਂ ਤੁਸੀਂ ਇੱਕ ਸ਼ਰਾਬੀ ਨੂੰ ਖੁੱਲ੍ਹ ਦੇ ਸਕਦੇ ਹੋ ਤਾਂ ਹੋਰ ਕੰਮ ਕਰਨ ਵਾਲਿਆਂ ਨੂੰ ਘਰਾਂ ਵਿੱਚ ਕਿਉਂ ਤਾੜਿਆ ਹੈ। ਕਿਸੇ ਵੀ ਦੇਸ਼ ਜਾਂ ਰਾਜ ਸਰਕਾਰ ਦਾ ਫਰਜ ਬਣਦਾ ਹੈ ਕਿ ਉਹ ਵਧੀਆ ਕਿਸਮ ਦਾ ਸਿਸਟਮ ਆਪਣੇ ਲੋਕਾਂ ਨੂੰ ਪ੍ਰਦਾਨ ਕਰੇ, ਨਾ ਕਿ ਤੁਗਲੁਕਵਾਦੀ ਨੀਤੀਆਂ ਲਾਗੂ ਕਰਕੇ ਲੋਕਾਂ ਦਾ ਜਲੂਸ ਕੱਢੇ ਤੇ ਆਪ ਵੀ ਹਾਸੇ ਦਾ ਪਾਤਰ ਬਣੇ।
ਸਰਬਜੀਤ ਸਿੰਘ ਜਿਉਣ ਵਾਲਾ, ਫਰੀਦਕੋਟ
ਮੋਬਾਇਲ — 9464412761