
ਅੰਮ੍ਰਿਤਸਰ (ਰਾਜਿੰਦਰ ਰਿਖੀ)
ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਭਾਈ ਬਲਦੇਵ ਸਿੰਘ ਸਿਰਸਾ ਨੇ ਜਿਲਾ ਪੁਲੀਸ ਕਮਿਸ਼ਨਰ ਨੂੰ ਪੱਤਰ ਦੇ ਕੇ ਮੰਗ ਕੀਤੀ ਕਿ ”ਪਦਮਸ੍ਰੀ” ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੇ ਇਲਾਜ ਵਿੱਚ ਵਰਤੀ ਅਣਗਹਿਲੀ ਦੇ ਦੋਸ਼ ਤਹਿਤ ਡਾ. ਅਵਤਾਰ ਸਿੰਘ ਧੰਜੂ, ਡਾ. ਮਨੀਸ਼ਾ, ਡਾ, ਨਮਿਤ, ਡਾ. ਪਰਾਜਲੀ, ਡਾ. ਪੁਰਨੀਤ, ਡਾ. ਸਾਹਿਲ ਅਰੋੜਾ, ਡਾ. ਹਰਪ੍ਰੀਤ ਕੌਰ ( ਸਾਰੇ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ), ਡਾ ਗੁਰਿੰਦਰ ਮੋਹਨ, ਡਾ. ਅੰਬੀਕਾ, ਡਾ ਰਸਲੀਨ ਕੌਰ( ਸ੍ਰੀ ਗੁਰੂ ਰਾਮਦਾਸ ਮੈਡੀਕਲ ਹਸਪਤਾਲ ਵੱਲਾ) ਦੇ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਕੀਤੀ ਕਿਉਕਿ ਡਾਕਟਰਾਂ ਦੀ ਅਣਗਹਿਲੀ ਨਾਲ ਭਾਈ ਸਾਹਿਬ ਦੀ ਮੌਤ ਹੋਈ ਹੈ।
ਭਾਈ ਬਲਦੇਵ ਸਿੰਘ ਸਿਰਸਾ ਨੇ ਪੱਤਰ ਵਿੱਚ ਕਿਹਾ ਕਿ ”ਪਦਮਸ੍ਰੀ” ਭਾਈ ਨਿਰਮਲ ਸਿੰਘ ਖਾਲਸਾ ਸਾਬਕਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੀਤੀ 2 ਅਪ੍ਰੈਲ 2020 ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਹੋਈ ਮੌਤ ਹੋ ਗਈ ਸੀ ਜਿਸ ਨੂੰ ਲੈ ਕੇ ਸਮੁੱਚਾ ਪੰਥ ਸਕਤੇ ਵਿੱਚ ਚਲਾ ਗਿਆ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਇਸ ਸਬੰਧ ਵਿੱਚ ਮੁੱਖ ਮੰਤਰੀ ਪੰਜਾਬ ਦੇ ਨਾਮ ਕੱਲ ਪੱਤਰ ਲਿਖਿਆ ਅਤੇ ਤੁਰੰਤ ਪੜਤਾਲ ਕਰਾਉਣ ਦੀ ਮੰਗ ਕੀਤੀ ਸੀ। । ਉਹਨਾਂ ਕਿਹਾ ਕਿ ਉਹਨਾਂ ਵੱਲੋ ਕੀਤੀ ਗਈ ਹੁਣ ਤੱਕ ਦੀ ਪੜਤਾਲ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਉਪਰੋਕਤ ਡਾਕਟਰਾਂ ਨੇ ਜਿਥੇ ਆਪਣੇ ਪੇਸ਼ੇ ਨਾਲ ਧੋਖਾ ਕੀਤਾ ਹੈ ਉਥੇ ਭਾਈ ਨਿਰਮਲ ਸਿੰਘ ਖਾਲਸਾ ਦੇ ਇਲਾਜ ਵਿੱਚ ਵੀ ਅਣਗਹਿਲੀ ਵਰਤ ਕੇ ਸਿੱਖ ਪੰਥ ਹੀ ਨਹੀ ਸਗੋ ਸਮੁੱਚੇ ਸਮਾਜ ਨੂੰ ਇੱਕ ਮਹਾਨ ਸ਼ਖਸ਼ੀਅਤ ਦੀਆਂ ਅਦਬੀ ਤੇ ਧਾਰਮਿਕ ਸੇਵਾਵਾਂ ਤੋ ਵਾਂਝੇ ਹੋਣਾ ਪੈ ਗਿਆ ਹੈ।
ਉਹਨਾਂ ਕਿਹਾ ਕਿ ਭਾਈ ਸਾਹਿਬ ਦੀ ਮੌਤ ਤੋ ਕੁਝ ਸਮਾਂ ਪਹਿਲਾਂ ਕਿਸੇ ਡਾਕਟਰ ਦੇ ਫੋਨ ਤੋਂ ਪਰਿਵਾਰ ਨਾਲ ਹੋਈ ਗੱਲਬਾਤ ਦੀ ਰਿਕਾਰਡਿੰਗ ਤੋਂ ਸਪੱਸ਼ਟ ਹੁੰਦਾ ਹੈ ਕਿ ਉਪਰੋਕਤ ਡਾਕਟਰਾਂ ਨੇ ਖਾਲਸਾ ਦੀ ਬੀਮਾਰੀ ਨੂੰ ਗੰਭੀਰਤਾ ਨਾਲ ਨਹੀ ਲਿਆ ਜਿਹੜੀ ਇੱਕ ਅਤੀ ਸਤਿਕਾਰਤ ਹਸਤੀ ਦੀ ਮੌਤ ਦਾ ਕਾਰਨ ਬਣੀ ਹੈ। ਖਾਲਸਾ ਜੀ ਨੇ ਦੇਸ਼ ਦੇ ਰਾਸ਼ਟਰਪਤੀ ਕੋਲ ਦੇਸ਼ ਦਾ ਚੌਥਾ ਵੱਡਾ ਮਾਣ ”ਪਦਮਸ੍ਰੀ” ਅਵਾਰਡ ਹਾਸਲ ਕਰਕੇ ਕਿਸੇ ਇੱਕ ਵਿਅਕਤੀ ਜਾਂ ਆਪਣੇ ਪਰਿਵਾਰ ਦਾ ਹੀ ਨਹੀ ਸਗੋ ਸਮੁੱਚੀ ਸਿੱਖ ਕੌਮ ਦਾ ਸਿਰ ਮਾਣ ਨਾਲ ਉੱਚਾ ਕੀਤਾ। ਅੱਜ ਹਰ ਸਿੱਖ ਆਪਣੇ ਸੀਨੇ ਵਿੱਚ ਉਹਨਾਂ ਪ੍ਰਤੀ ਸ਼ਰਧਾ ਸਨਮਾਨ ਤੇ ਸੀਨੇ ਵਿੱਚ ਉਹਨਾਂ ਦੀ ਮੌਤ ਦਾ ਦਰਦ ਸਮੋਈ ਬੈਠਾ ਹੈ। ਉਹਨਾਂ ਕਿਹਾ ਕਿ ਮੌਤ ਦਾ ਕਾਰਨ ਬਣੇ ਡਾਕਟਰਾਂ ਦੇ ਖਿਲਾਫ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ ਤਾਂ ਕਿ ਭਵਿੱਖ ਵਿੱਚ ਇਹ ਲੋਕ ਕਿਸੇ ਹੋਰ ਵਿਅਕਤੀ ਦੀ ਮੌਤ ਲਈ ”ਯਮਦੂਤ” ਦੀ ਭੂਮਿਕਾ ਨਾ ਨਿਭਾ ਸਕਣ।
ਉਹਨਾਂ ਕਿਹਾ ਕਿ ਭਾਈ ਸਾਹਿਬ ਦੀ ਮੌਤ ਲਈ ਜਿਥੇ ਗੁਰੂ ਨਾਨਕ ਹਸਪਤਾਲ ਦੇ ਡਾਕਟਰ ਦੋਸ਼ੀ ਹਨ ਉਥੇ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਵਾਲੇ ਵੀ ਬਰਾਬਰ ਦੇ ਦੋਸ਼ੀ ਹਨ। ਇਸੇ ਤਰਾਂ ਸ਼੍ਰੋਮਣੀ ਕਮੇਟੀ ਨੇ ਵੀ ਸਮੇਂ ਸਿਰ ਕਾਰਵਾਈ ਨਹੀ ਕੀਤੀ ਅਤੇ ਸ਼੍ਰੋਮਣੀ ਕਮੇਟੀ ਵੀ ਘੱਟ ਦੋਸ਼ੀ ਨਹੀ। ਉਹਨਾਂ ਕਿਹਾ ਕਿ ਹਰਪਾਲ ਸਿੰਘ ਵੇਰਕਾ ਇੱਕ ਹੈਕੜਬਾਜ ਵਿਅਕਤੀ ਹੈ ਅਤੇ ਉਸ ਦੀ ਵਜਾ ਕਰਕੇ ਭਾਈ ਸਾਹਿਬ ਦਾ ਸੰਸਕਾਰ ਸਮੇਂ ਸਿਰ ਸਮਸ਼ਾਨ ਘਾਟ ਵਿੱਚ ਨਹੀ ਹੋ ਸਕਿਆ। ਉਹਨਾਂ ਕਿਹਾ ਕਿ ਹਰਪਾਲ ਸਿੰਘ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ। ਦੂਸਰੇ ਪਾਸੇ ਹਰਪਾਲ ਸਿੰਘ ਦਾ ਕਹਿਣਾ ਹੈ ਕਿ ਉਹ ਭਾਈ ਸਾਹਿਬ ਦਾ ਦਿਲ ਦੀਆਂ ਗਹਿਰਾਈਆ ਤੋਂ ਸਤਿਕਾਰ ਕਰਦੇ ਹਨ ਅਤੇ ਉਹਨਾਂ ਨੇ ਮੌਕੇ ਨੂੰ ਸੰਭਾਲ ਕੇ ਭਾਈ ਸਾਹਿਬ ਦਾ ਸੰਸਕਾਰ ਕਰਨ ਵਾਸਤੇ ਜਗਾ ਦਿੱਤੀ ਹੈ ਅਤੇ ਉਹਨਾਂ ਦੀ ਯਾਦਗਾਰ ਵੀ ਬਣਾਈ ਜਾਵੇਗੀ।