10.8 C
United Kingdom
Monday, May 20, 2024

More

    ਕਹਾਣੀ- ਖੂਹ ਦੀ ਇੱਟ

    ਰੁਲਦੂ ਕਾ ਸ਼ਿੰਦਾ ਬਚਪਨ ਤੋਂ ਹੀ ਸ਼ਰਾਰਤੀ ਸੁਭਾਅ ਦਾ ਸੀ । ਹਰ ਗੱਲ ਨੂੰ ਟਿੱਚ ਕਰਕੇ ਜਾਣਦਾ ਸੀ ਤੇ ਉਪਰੋਂ ਆਪਣੀ ਗੱਲ ਧੱਕੇ ਨਾਲ ਮਨਾ ਕੇ ਉਸਨੂੰ ਵੱਖਰਾ ਸਰੂਰ ਜਿਹਾ ਚੜ੍ਹ ਜਾਂਦਾ ਸੀ। ਗੱਲਾਂ ਦਾ ਕੜਾਹ ਤਾਂ ਪਤੰਦਰ ਏਨਾ ਸਵਾਦ ਬਣਾਉਂਦਾ ਕਿ ਸੱਥ ਵਿੱਚ ਬੈਠੇ ਵਿਹਲੜ ਬੁੱਢੇ ਤਾਸ਼ ਦੀ ਬਾਜ਼ੀ ਛੱਡ ਕੇ ਰੁਲਦੂ ਕਿਆਂ ਆਲੇ ਸ਼ਿੰਦੇ ਦੀਆਂ ਉਰਲੀਆਂ ਪਰਲੀਆਂ ਸੁਣਨ ਲਈ ਉਸਨੂੰ ਘੇਰ ਲੈਂਦੇ। ਅੱਜ ਜਦੋਂ ਸ਼ੇਖਚਿੱਲੀ ਸ਼ਿੰਦੇ ਨੇ ਸੱਥ ਵਿੱਚ ਵੜ ਕੇ ਪੱਟ ਤੇ ਹੱਥ ਮਾਰ ਉੱਚੀ ਦੇਣੇ ਕਿਹਾ , ” …. ਯਾਰਾਂ ਦੇ ਲਾਏ ਜਿੰਦੇ ਨੂੰ ਸਿਰਫ ਸ਼ਿੰਦਾ ਹੀ ਖੋਲ੍ਹ ਸਕਦਾ… ਹੈ ਕਿਸੇ ਦੀ ਹਿੰਮਤ ਕੇ ਪੁਰਾਣੀਆਂ ਗਲੀਆਂ ਸੜੀਆਂ ਕਹਾਵਤਾਂ ਚ ਕੋਈ ਦਮ ਦਿਖਾ ਸਕੇ.. ਐਂਵੇ ਪੁਰਾਣੇ ਬੁੜ੍ਹਿਆਂ ਨੇ ਊਟ ਪਟਾਂਗ ਮਾਰ ਕੇ ਉੱਲੂ ਸਿੱਧੇ ਕੀਤੇ ਅਾ..ਇਹ ਲੱਲੀ ਛੱਲੀ ਗੱਲਾਂ ਦਾ ਕੋਈ ਥਾਹ ਪਤਾ ਵੀ ਹੈ ਕਿਸੇ ਨੂੰ…।” ਤਾਏ ਬਿਸ਼ਨੇ ਦੀ ਸੱਜੀ ਅੱਖ ਫਰਕੀ ਤੇ ਓਹਨੇ ਪੈਂਦੀ ਸੱਟੇ ਹੀ ਸ਼ਿੰਦੇ ਨੂੰ ਕਿਹਾ, “…ਟਿਕ ਜਾ ਓਏ ਟਿਕ ਜਾ.. ਅਖੇ ਕੱਲ੍ਹ ਦੀ ਭੂਤਨੀ ਸਿਵਿਆਂ ਚ ਅੱਧ… ਹਾਸਾ ਖੇਡਾ ਇੱਕ ਪਾਸੇ ਪਰ ਤੂੰ ਗਲ ਤੇ ਹੀ ਚੜ੍ਹੀ ਜਾਨੈਂ।” …. ਅੱਗੋਂ ਸ਼ਿੰਦੇ ਨੇ ਟਿੱਚਰ ਨਾਲ ਕਿਹਾ, “… ਓਹ ਬਾਹਲਾ ਜੋਰ ਨਾ ਲਾ ਤਾਇਆ… ਕਿਤੇ ਜਿਹੜੇ ਚਾਰ ਕੂ ਦੰਦ ਜੇ ਬਚੇ ਅਾ ਭੁਰ ਹੀ ਨਾ ਜਾਣ …।” “…. ਨਾ ਹੁਣ ਪੰਗਾ ਤਾਂ ਲੈ ਲਿਆ, ਸੁੱਕਾ ਨੀ ਜਾਣਾ ਚਾਹੀਦਾ ਅੱਜ..” , ਬਚਨੇ ਬਾਬੇ ਨੇ ਵੀ ਥੋੜ੍ਹਾ ਤਿੱਖਾ ਜਿਹਾ ਕਰਤਾ ਤਾਏ ਬਿਸ਼ਨੇ ਨੂੰ। “… ਆਉਣ ਦੇ ਫਿਰ ਤਾਇਆ..”, ਸ਼ੇਖਚਿੱਲੀ ਸ਼ਿੰਦੇ ਨੇ ਵੀ ਮਾਰਤੀ ਬੜ੍ਹਕ। … ਤਾਇਆ ਬਿਸ਼ਨਾ ਕਹਿੰਦਾ , ” ਖੂਹ ਦੀ ਇੱਟ ਕਦੇ ਚੁਬਾਰੇ ਨੂੰ ਨੀ ਲਗਦੀ… ਹਿੰਮਤ ਹੈ ਤਾਂ ਲਾ ਕੇ ਵਿਖਾ … ਜੇ ਮੈਂ ਹਾਰ ਗਿਆ ਤਾਂ ਸੱਤ ਹਫ਼ਤੇ ਤੇਰੇ ਪੈਰੀਂ ਹੱਥ ਲਾਊਂ… ਤੇ ਪੁੱਤ ਜੇ ਤੂੰ ਹਾਰ ਗਿਆ ਤਾਂ ਸੱਤ ਹਫ਼ਤੇ ਤੈਨੂੰ ਮੇਰੀ ਲੱਤ ਹੇਠੋਂ ਲੰਘਣਾ ਪਊ ਭਰੀ ਸੱਥ ਵਿੱਚ…।” “….ਮਨਜੂਰ ਏ ਤਾਇਆ … ਸ਼ਿੰਦੇ ਨੇ ਪੈਂਦੀ ਸੱਟੇ ਹੀ ਤਾਏ ਦੀ ਸ਼ਰਤ ਮੰਨ ਲਈ ਜਿਵੇਂ ਉਸਨੇ ਜਿੱਤ ਹੀ ਜਾਣਾ ਹੋਵੇ। …ਸ਼ਿੰਦੇ ਨੂੰ ਚਾਅ ਜਿਹਾ ਚੜ੍ਹ ਗਿਆ …ਮਨ ਚ ਸੋਚਦਾ ਕਿ ਜੇ ਬਿਸ਼ਨਾਂ ਤਾਇਆ ਥੱਲੇ ਲਾ ਲਿਆ ਤਾਂ ਪੂਰੇ ਪਿੰਡ ਚ ਚੜ੍ਹਾਈ ਹੋ ਜੂ ਯਾਰਾਂ ਦੀ…। ਓਧਰ ਚੁਬਾਰਾ ਪਿੰਡ ਵਿੱਚ ਸਿਰਫ ਇੱਕ ਹੀ ਸੀ ….ਕੋਕੀ ਕੇ ਭਾਨੇ ਦਾ… ਤੇ ਭਾਨੇ ਦਾ ਤਾਜ਼ਾ ਤਾਜ਼ਾ ਵਿਆਹ ਹੋਇਆ ਸੀ ਉਹ ਵੀ ਮਿੰਦੋ ਨਾਲ। ਸੁੱਖ ਨਾਲ ਮਿੰਦੋ ਦੇ ਹੁਸਨ ਦੇ ਚਰਚੇ ਸੀ ਸਾਰੇ ਪਿੰਡ ਵਿੱਚ। ਮੁਕਲਾਵੇ ਤੋਂ ਅਗਲੀ ਰਾਤ ਭਾਨੇ ਨੇ ਮਿੰਦੋ ਨੂੰ ਫਿਲਮੀਂ ਅੰਦਾਜ ਵਿੱਚ ਕਿਹਾ ਕਿ, “… ਮਿੰਦੋ ਤੂੰ ਤਾਂ ਅੰਬਰਾਂ ਦੇ ਚੰਨ ਤੋਂ ਵੀ ਜਿਆਦਾ ਸੋਹਣੀ ਏਂ।” “.. ਅੱਗੋਂ ਮਿੰਦੋ ਕਹਿੰਦੀ ਚੰਨ ਨੂੰ ਮੇਰੇ ਸਾਹਮਣੇ ਲਿਆਓ …ਦੇਖ ਕੇ ਹੀ ਦੱਸਾਂਗੀ ਕੇ ਕਿਤੇ ਤੁਸੀਂ ਝੂਠ ਤਾਂ ਨੀਂ ਬੋਲਦੇ..” ਬੱਸ ਫੇਰ ਕੀ ਸੀ ਚੱਕਵੇਂ ਭਾਨੇ ਨੇ ਚੰਨ ਵਾਲੇ ਪਾਸਿਉਂ ਚੁਬਾਰੇ ਦੀ ਇੱਕ ਇੱਟ ਕੱਢ ਕੇ ਮਿੰਦੋ ਨੂੰ ਚੰਨ ਦਿਖਾ ਦਿੱਤਾ… । “….ਮਿੰਦੋ ਨੇ ਕਿਹਾ ਜੀ ਤੁਸੀਂ ਠੀਕ ਕਿਹਾ ਸੀ…ਤੇ ਅੱਜ ਤੋਂ ਇਹ ਇੱਟ ਸਾਡੇ ਪਿਆਰ ਤੇ ਪਹਿਲੇ ਮਿਲਣ ਦੀ ਨਿਸ਼ਾਨੀ ਵੱਜੋਂ ਹਮੇਸ਼ਾ ਏਥੇ ਚੁਬਾਰੇ ਵਿਚ ਲੱਗੀ ਰਹੂ ਤੇ ਇਸਨੂੰ ਕਦੇ ਵੀ ਅਖੋਂ ਓਹਲੇ ਨਹੀਂ ਕਰਨਾ।” …ਇਹ ਸਾਰੀ ਘਟਨਾ ਫੁਕਰੇ ਭਾਨੇ ਨੇ ਮੇਜਰ ਕੇ ਭੋਲੇ ਨੂੰ ਦੱਸਤੀ ਜਿਹੜਾ ਅੱਗੋਂ ਸ਼ਿੰਦੇ ਦਾ ਚਮਚਾ ਸੀ। … ਬਸ ਫੇਰ ਕੀ ਸੀ ਸ਼ਿੰਦੇ ਨੂੰ ਭਾਨੇ ਕੇ ਚੁਬਾਰੇ ਦੀ ਇੱਟ ਹੁਕਮ ਦੇ ਯੱਕੇ ਵਾਂਗ ਲੱਗੀ । … ਅਖੇ ਅੰਨ੍ਹਾ ਕੀ ਭਾਲੇ .. ਦੋ ਅੱਖਾਂ! ..ਸ਼ਿੰਦਾ ਅਗਲੀ ਰਾਤ ਨੂੰ ਪਿੰਡ ਦੇ ਬੋਹੜ ਵਾਲੇ ਖੂਹ ਤੇ ਗਿਆ… ਉਸਨੇ ਖੂਹ ਦੀ ਇੱਟ ਕੱਢੀ ਤੇ ਹੌਲੀ ਹੌਲੀ ਭਾਨੇ ਕੇ ਚੁਬਾਰੇ ਤੇ ਗਿਆ… ਭੋਲੇ ਦੇ ਦੱਸਣ ਮੁਤਾਬਿਕ ਜਿਉਂ ਹੀ ਸ਼ਿੰਦੇ ਨੇ ਚੁਬਾਰੇ ਦੀ ਉਹ ਇੱਟ ਕੱਢੀ ਜਿਹੜੀ ਢਿੱਲੀ ਸੀ ਤਾਂ … ਭਾਨੇ ਨੇ ਸ਼ਿੰਦੇ ਨੂੰ ਦਬੋਚ ਲਿਆ। “… ਸ਼ਿੰਦੇ ਨੇ ਬੜਾ ਸਮਝਾਇਆ ਪਰ ਭਾਨੇ ਨੇ ਬੰਨ੍ਹ ਲਿਆ ਸ਼ੇਖਚਿੱਲੀ ਨੂੰ। … ਸਵੇਰੇ ਪੰਚਾੲਿਤ ਹੋਈ … ਪੂਰੇ ਪਿੰਡ ਵਿੱਚ ਲਾਲਾ ਲਾਲਾ ਹੋਗੀ ਕਿ ਸ਼ਿੰਦਾ ਸ਼ੇਖਚਿੱਲੀ ਭਾਨੇ ਕੇ ਚੁਬਾਰੇ ਦੀ ਇੱਟ ਕੱਢਦਾ ਫੜਿਆ ਗਿਆ… ਕਈਆਂ ਨੇ ਤਾਂ ਟਿੱਚਰਾਂ ਨਾਲ ਹੀ ਸ਼ਿੰਦੇ ਨੂੰ ਭੂੰਡ ਆਸ਼ਿਕ, ਲੁੱਚਾ ਲਫੰਗਾ ਤੇ ਵੈੱਲੀ ਕਹਿ ਦਿੱਤਾ..। ਗੱਲ ਹੀ ਕੁਝ ਇਸ ਤਰ੍ਹਾਂ ਦੀ ਸੀ।… ਜਦੋਂ ਪੰਚਾੲਿਤ ਹੋਈ ਤਾਂ ਮੋਹਤਵਾਰ ਬੰਦੇ ਵੱਜੋਂਂ ਤਾਏ ਬਿਸ਼ਨੇ ਨੂੰ ਸੱਦਿਆ। ” …. ਕਿਉਂ ਹੁਣ ਕੀ ਚੰਦ ਚਾੜਤਾ…”, ਬਿਸ਼ਨੇ ਨੇ ਗਰਜਵੀਂ ਤੇ ਜੇਤੂ ਅਵਾਜ ਵਿੱਚ ਮੂੰਹ ਲਟਕਾਈ ਬੈਠੇ ਸ਼ਿੰਦੇ ਨੂੰ ਪੁੱਛਿਆ। “…. ਤਾਇਆ ਆਪਣੀ ਲੱਤ ਹੇਠੋਂ ਭਲਾਂ ਸੱਤ ਹਫ਼ਤੇ ਛੱਡ ਇੱਕ ਸਾਲ ਲੰਘਾ ਲਵੀਂ ਪਰ ਇੱਕ ਗੱਲ ਸੱਚੀ ਐ ਕਿ ਖੂਹ ਦੀ ਇੱਟ ਚੁਬਾਰੇ ਨੂੰ ਨੀਂ ਲਗਦੀ… ਆਪਣੇ ਪਿੰਡ ਦੇ ਬੋਹੜ ਵਾਲੇ ਖੂਹ ਦੀ ਇੱਟ ਭਾਨੇ ਕੇ ਚੁਬਾਰੇ ਕੋਲ ਹੀ ਪਈ ਰਹਿਗੀ…।”…ਜਦੋਂ ਸਾਰਿਆਂ ਨੂੰ ਸ਼ਿੰਦੇ ਤੇ ਤਾਏ ਬਿਸ਼ਨੇ ਵਿਚਕਾਰ ਤਹਿ ਹੋਈ ਸ਼ਰਤ ਬਾਰੇ ਪਤਾ ਲੱਗਿਆ ਤਾਂ ਸਾਰਿਆਂ ਨੇ ਹਾਸੇ ਮਜ਼ਾਕ ਤੇ ਟਿੱਚਰਾਂ ਨਾਲ ਸ਼ਿੰਦੇ ਸ਼ੇਖਚਿੱਲੀ ਨੂੰ ਛੱਡ ਦਿੱਤਾ। … ਪਰ ਹੁਣ ਸ਼ਿੰਦਾ ਪਿੰਡ ਨਾ ਰਿਹਾ ਤੇ ਬੇਵਜ੍ਹਾ ਹੋਈ ਬੇਇੱਜਤੀ ਕਰਕੇ ਸ਼ਹਰ ਅਾ ਕੇ ਰਹਿਣ ਲੱਗ ਪਿਆ। ….. ਹਰ ਰੋਜ ਰਾਤ ਨੂੰ ਸ਼ਿੰਦਾ ਸੁਪਨੇ ਵਿੱਚ ਉੱਠ ਕੇ ਇਹੀ ਬੁੜਬੁੜਾਉਂਦਾ ਕੇ , “…. ਖੂਹ ਦੀ ਇੱਟ ਕਦੇ ਚੁਬਾਰੇ ਨੂੰ ਨੀਂ ਲਗਦੀ…।”
    ਡਾਕਟਰ ਅਵਤਾਰ ਸਿੰਘ ਮਚਾਕੀ
    ਫੋਨ 8360342500
    ranamachaki@yahoo.co.in

    PUNJ DARYA

    Leave a Reply

    Latest Posts

    error: Content is protected !!