ਆਸਟਰੇਲੀਆ (ਪੰਜ ਦਰਿਆ ਬਿਊਰੋ)
ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਹੈ ਕਿ ਪੜ੍ਹਾਈ ਵੀਜ਼ੇ ਦੇ ਪਹਿਲੇ ਸਾਲ ਦੌਰਾਨ ਵਿਦਿਆਰਥੀਆਂ ਤੋਂ ਆਪਣੇ ਖਰਚੇ ਆਦਿ ਖ਼ੁਦ ਚਲਾਉਣ ਦੀ ਉਮੀਦ ਕੀਤੀ ਜਾਂਦੀ ਹੈ ਅਤੇ ਇਸ ਲਈ ਲਿਖਤੀ ਹਲਫ਼ਨਾਮਾ ਵੀਜ਼ਾ ਜਾਰੀ ਕਰਨ ਮੌਕੇ ਵੀ ਲਿਆ ਜਾਂਦਾ ਹੈ ਅਤੇ ਜੇਕਰ ਵਿਦਿਆਰਥੀ ਆਪਣਾ ਖਰਚਾ ਨਹੀਂ ਚੁੱਕ ਸਕਦੇ ਤਾਂ ਉਹ ਆਪਣੇ ਮੁਲਕਾਂ ਨੂੰ ਵਾਪਸ ਜਾ ਸਕਦੇ ਹਨ। ਕੰਮਕਾਰ ਬੰਦ ਹੋਣ ਕਾਰਨ ਵਿਦਿਆਰਥੀ ਆਪਣੇ ਰਹਿਣ-ਸਹਿਣ ਦਾ ਖਰਚਾ ਕੱਢਣ ਤੋਂ ਵੀ ਅਸਮਰੱਥ ਹੋ ਗਏ ਹਨ ਅਤੇ ਮਹਿੰਗੀਆਂ ਫ਼ੀਸਾਂ ਰਾਹੀਂ ਅਰਬਾਂ ਡਾਲਰ ਦੀ ਸਨਅਤ ਦੇ ਰਿਹਾ ਇਹ ਤਬਕਾ ਅੱਜ ਆਪਣੇ ਨਾਲ ਮਨੁੱਖੀ ਵਿਤਕਰਾ ਮਹਿਸੂਸ ਕਰ ਰਿਹਾ ਹੈ।
ਮੌਰੀਸਨ ਦੇ ਇਸ ਸਖ਼ਤ ਬਿਆਨ ਦੀ ਕਈ ਪਾਸਿਓਂ ਆਲੋਚਨਾ ਹੋ ਰਹੀ ਹੈ, ਦੂਜੇ ਪਾਸੇ ਭਾਵੇਂ ਕਈ ਗੁਰੂਘਰਾਂ ਅਤੇ ਸਿੱਖ ਸੰਸਥਾਵਾਂ ਵੱਲੋਂ ਲੰਗਰ ਚਲਾਏ ਜਾ ਰਹੇ ਹਨ ਪਰ ਘਰਾਂ ਦੇ ਕਿਰਾਏ ਅਤੇ ਬਿਜਲੀ ਆਦਿ ਦੇ ਬਿੱਲਾਂ ਦੀ ਕਿਸੇ ਪਾਸਿਓਂ ਸਹਾਇਤਾ ਨਹੀਂ ਮਿਲ ਰਹੀ। ਵਿਦਿਆਰਥੀਆਂ ਦੀ ਮਦਦ ਲਈ ਪੰਜਾਬੀ ਭਾਈਚਾਰੇ ਵੱਲੋ ਪੇਸ਼ਕਸ਼ ਕਰਦਿਆਂ “ਵੀਜ਼ਾ ਪੁਆਇੰਟ ਮਾਈਗਰੇਸ਼ਨ ਸਰਵਿਸਜ਼” ਦੀ ਤਰਫ਼ੋਂ ਪ੍ਰਭਜੋਤ ਸਿੰਘ ਸੰਧੂ (ਸਿਡਨੀ) ਤੇ ਰੁਸਤਮ ਸੰਧੂ ਵੱਲੋਂ ਉਹਨਾਂ ਵਿਦਿਆਰਥੀਆਂ ਨੂੰ ਵੀਜ਼ਾ ਅਰਜ਼ੀ ਦਾਖਲ ਕਰਨ ਲਈ ਬਿਨਾਂ ਕੁਝ ਵਸੂਲੇ ਮੁਫ਼ਤ ਸੇਵਾਵਾਂ ਦੇਣ ਦੀ ਪੇਸ਼ਕਸ਼ ਕੀਤੀ ਹੈ।ਪ੍ਰਭਜੋਤ ਸਿੰਘ ਸੰਧੂ ਦਾ ਕਹਿਣਾ ਹੈ ਕਿ ਜਿਹੜੇ ਵਿਦਿਆਰਥੀਆਂ ਦਾ ਵੀਜ਼ਾ 30 ਅਪ੍ਰੈਲ ਨੂੰ ਖਤਮ ਹੋ ਰਿਹਾ ਹੈ, ਉਹ ਉਹਨਾਂ ਦੇ ਨਾਲ ਖੜ੍ਹੇ ਹਨ। ਸਿਡਨੀ ਵਸਦੇ ਹੀ ਲੇਖਕ ਹਰਮੰਦਰ ਕੰਗ ਨੇ ਵੀ ਆਪਣੇ ਘਰ ਦੇ ਦਰਵਾਜ਼ੇ ਖੋਲ੍ਹ ਕੇ ਲੋੜਵੰਦ ਵਿਦਿਆਰਥੀਆਂ ਨੂੰ ਰਿਹਾਇਸ਼, ਖਾਣ ਪੀਣ ਦਾ ਸਮਾਨ ਦੇਣ ਦੀ ਪੇਸ਼ਕਸ਼ ਕੀਤੀ ਹੈ। ਇਸੇ ਤਰ੍ਹਾਂ ਹੀ ਪੰਜਾਬੀ ਭਾਈਚਾਰਾ ਵਿਦਿਆਰਥੀਆਂ ਦੀ ਮਦਦ ਲਈ ਖੁਦ ਅੱਗੇ ਆ ਰਿਹਾ ਹੈ।