ਮਨਦੀਪ ਕੌਰ ਭੰਮਰਾ

ਸੋਚ ਨੂੰ ਨਿਰਾਲੀ ਰੱਖ ਕੇ ਜਿਉਣਾ
ਬੜਾ ਦੁਸ਼ਵਾਰ ਹੁੰਦਾ ਹੈ ਮਿਉਣਾ
ਵਕਤ ਦੇ ਸਾਹਵੇਂ ਖਲੋ ਅੜ ਜਾਣਾ
ਵਿਚਾਰ ਨਵੇਂ ਰੱਖਣੇ ਨਾ ਨਿਉਣਾ
ਵਿਚਰਨਾ, ਖਹਿਣਾ ਅਤੇ ਭਿੜਨਾ
ਵਿਚਾਰਾਂ ਦੀ ਜੰਗ ਵਿੱਚ ਅੜਨਾ
ਧਰਤ ਦਾ ਸੂਰਜ ਗਮਨ ਗਾਉਣਾ
ਆਪਣੀ ਕਹੀ ਗੱਲ ਉੱਤੇ ਖੜ੍ਹਨਾ
ਸਮੇਂ ਦੇ ਸਫ਼ੇ ਨਵਾਂ ਗੀਤ ਲਿਖਣਾਂ
ਗੀਤ ਦੇ ਬੋਲਾਂ ਵਿੱਚ ਅੱਗ ਭਰਨਾ
ਅੱਗ ਦੀ ਉੱਚੀ ਲਾਟ ‘ਤੇ ਨੱਚਣਾ
ਸੇਕ ਸਹਿਣਾ ਤੇ ਰੂਹਾਂ ਦਾ ਠਰਨਾ
ਅੰਗਿਆਰਾਂ ਤੇ ਨੰਗੇ ਪੈਰੀਂ ਤੁਰਨਾ
ਕਸੀਸਾਂ ਵੱਟ ਕੇ ਪਾਰ ਜਾ ਵੱਜਣਾ
ਅਦਭੁਤ ਖੇਡਾਂ ਦਾ ਹੁਸੀਨ ਮੰਜ਼ਰ
ਤਿੱਖੀ ਸੋਚ ਦਾ ਮੱਥੇ ਵਿੱਚ ਟਿਕਣਾ
ਤਕਦੀਰੀ ਪਰੋਲੇ ਵਿਉਂਤੀਂ ਸਿਉਣਾ
ਅੱਧ ਅਸਮਾਨੇਂ ਜਾ ਟਾਕੀ ਲਾਉਣਾ
ਨਾਨਕ ਦੇ ਹਿੱਸੇ ਆਇਆ ਜਾਗਣਾ
ਸੁੱਤੇ ਹੋਏ ਸਮਾਜ ਤਾਈਂ ਜਗਾਉਣਾ
ਨਾਨਕ ਦੇ ਪੈਰੋਕਾਰ ਕੌਣ ਹਨ ਅੱਜ
ਕਾਹਤੋਂ ਸੁੱਤੀ ਪਈ ਕੌਮ ਇਹ ਅੱਜ
ਅੱਜ ਕਿਸ ਨੇ ਦੇਣਾ ਇਸਨੂੰ ਹਲੂਣਾ
ਜਿਉਣ ਦਾ ਸਿੱਖਣਾ ਹਾਲੇ ਹੈ ਚੱਜ
ਪੁਰਾਣੇ ਖੂਹਾਂ ‘ਤੇ ਜੁੜਦੀ ਨਾ ਢਾਣੀ
ਇੱਟ ਵੱਟੇ ਹੋਵਣ ਨਾਂਹ ਹੁੰਦਾ ਪਾਣੀ
ਮੌਣ ਟੁੱਟ ਜਾਂਦੀ ਉਜਾੜ ਖੂਹ ਵਾਲ਼ੀ
ਉੱਜੜੇ ਬਾਗ ਤੇ ਗਾਲ੍ਹੜ ਪਟਵਾਰੀ
-ਮਨਦੀਪ ਕੌਰ ਭੰਮਰਾ