
ਸਰਬਜੀਤ ਸਿੰਘ ਜਿਉਣ ਵਾਲਾ
ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਮਨੁੱਖ ਦੀਆਂ ਲੋੜਾਂ ਅਸੀਮਤ ਹੋ ਗਈਆਂ ਹਨ। ਮਨੁੱਖ ਇੰਨਾਂ ਲੋੜਾਂ ਦੀ ਪੂਰਤੀ ਤਾਂ ਕਰਨਾ ਚਾਹੁੰਦਾ ਹੈ ਪਰ ਕੰਮ ਨਹੀਂ ਕਰਨਾ ਚਾਹੁੰਦਾ ਜਾਂ ਕੋਈ ਅਜਿਹਾ ਕੰਮ ਕਰਨਾ ਚਾਹੁੰਦਾ ਹੈ ਕਿ ਰਾਤੋ-ਰਾਤ ਅਮੀਰ ਹੋ ਸਕੇ ਭਾਵੇਂ ਉਹ ਗੈਰ-ਕਾਨੂੰਨੀ ਹੀ ਕਿਉਂ ਨਾ ਹੋਵੇ। ਇਸ ਕੰਮ ਤੋਂ ਭੱਜਣ ਦੀ ਪਰਵਿਰਤੀ ਨੌਜਵਾਨ ਪੀੜੀ ਵਿੱਚ ਸਭ ਤੋਂ ਜਿਆਦਾ ਵੇਖੀ ਗਈ ਹੈ। ਇਸਦਾ ਕਾਰਨ ਮਾਪਿਆਂ ਵੱਲੋਂ ਬੱਚਿਆਂ ਨੂੰ ਪੜਾਉਣ ਦੀ ਜਿਆਦਾ ਦਿਲਚਸਪੀ ਹੈ। ਮਾਪੇ ਆਪਣੇ ਬੱਚੇ ਦੇ ਬਿਹਤਰ ਭਵਿੱਖ ਦੀ ਖਾਤਰ ਉਸਨੂੰ ਇਕੱਲਾ ਪੜਾਈ ਜੋਗਾ ਛੱਡ ਦਿੰਦੇ ਹਨ। ਉਸਨੂੰ ਘਰੇਲੂ ਕੰਮਾਂ ਵਿੱਚ ਲਾਉਣਾ ਪੜਾਈ ਦਾ ਨੁਕਸਾਨ ਸਮਝਦੇ ਹਨ। ਪਰ ਕਈ ਦਫਾ ਇਹ ਸੋਚ ਉਹਨਾਂ ਦੇ ਉਲਟ ਪੈ ਜਾਂਦੀ ਹੈ। ਬੱਚੇ ਬਹੁਤੀ ਪੜਾਈ ਵੀ ਨਹੀਂ ਕਰ ਪਾਉਂਦੇ ਤੇ ਘਰ ਦੇ ਕੰਮ ਜੋਗੇ ਵੀ ਨਹੀਂ ਰਹਿੰਦੇ। ਉਹਨਾਂ ਨਾਲ ਤਾਂ ਉਹ ਗੱਲ ਹੁੰਦੀ ਹੈ ‘ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ।’ ਬੱਚਿਆਂ ਨੂੰ ਇਕੱਲਾ ਪੜਾਈ ਤੱਕ ਸੀਮਿਤ ਕਰਨਾ ਕਈ ਗਲਤ ਅਲਾਮਤਾਂ ਨੂੰ ਸੱਦਾ ਦਿੰਦਾ ਹੈ। ਇੱਕ ਉਮਰ ਦਾ ਉਹ ਪੜਾਅ ਤੇ ਦੂਜਾ ਵਿਹਲਾ ਮਨ ਸ਼ੈਤਾਨ ਦਾ ਘਰ। ਅੱਜ ਵਿਹਲੇ ਰਹਿਣ ਦੀ ਪਰਵਿਰਤੀ ਨੇ ਸਾਡੇ ਨੌਜਵਾਨਾਂ ਨੂੰ ਨਸ਼ੇ ਵਿੱਚ ਇਸ ਕਦਰ ਧਕੇਲ ਦਿੰਤਾ ਹੈ ਕਿ ਘਰਾਂ ਦੇ ਘਰ ਉਜੜ ਗਏ ਹਨ। ਜੇ ਇੰਨਾਂ ਨੌਜਵਾਨਾਂ ਨੂੰ ਛੋਟੇ ਹੁੰਦਿਆਂ ਹੀ ਘਰ ਦੇ ਮਾੜੇ ਮੋਟੇ ਘਰੇਲੂ ਕੰਮਾਂ ਦੀ ਜਿੰਮੇਵਾਰੀ ਦਿੱਤੀ ਜਾਂਦੀ ਤਾਂ ਅੱਜ ਇਹ ਬਿਮਾਰੀ ਐਡਾ ਵਿਕਰਾਲ ਰੂਪ ਨਾ ਧਾਰਦੀ। ਉਹਨਾਂ ਵਿੱਚ ਕੰਮ ਕਰਨ ਦਾ ਭੁੱਸ ਹੁੰਦਾਂ। ਕੰਮ ਨਾ ਕਰਨ ਦੀ ਆਦਤ ਇਕੱਲੇ ਮੁੰਡਿਆਂ ਦੀ ਸਮੱਸਿਆ ਨਹੀਂ ਸਗੋਂ ਕੁੜੀਆਂ ਵੀ ਇਸ ਵਿੱਚ ਬਰਾਬਰ ਦੀਆਂ ਸ਼ਰੀਕ ਹਨ। 80% ਕੁੜੀਆਂ ਨੂੰ ਰੋਟੀ-ਪਾਣੀ ਤੇ ਚਾਹ ਦਾ ਕੰਮ ਨਹੀਂ ਕਰਨਾ ਆਉਂਦਾ। ਜਦੋਂ ਇਹ ਕੁੜੀਆਂ ਵਿਆਹ ਕੇ ਆਪਣੇ ਸੁਹਰੇ ਘਰ ਜਾਂਦੀਆਂ ਹਨ ਤਾਂ ਇੰਨਾਂ ਨੂੰ ਕੰਮ ਕਰਨਾ ਨਹੀਂ ਆਉਂਦਾ ਹੋਣ ਕਰਕੇ ਲੜਾਈ ਦਾ ਮੁੱਢ ਬੱਝਦਾ ਹੈ। ਸਾਡੇ ਪਰਿਵਾਰਾਂ ਵਿੱਚ ਲੜਾਈ ਦਾ ਕਾਰਨ ਹੀ ਕੰਮ ਨਾ ਕਰਨ ਦੀ ਆਦਤ ਹੈ। ਅਸੀਂ ਚੰਗੇ ਮਾਪਿਆਂ ਵਿੱਚ ਤਾਂ ਹੀ ਸੁਮਾਰ ਹੋ ਸਕਦੇ ਹਾਂ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਛੋਟੇ ਹੁੰਦਿਆਂ ਹੀ ਮਾੜੇ ਮੋਟੇ ਕੰਮ ਦੀ ਜਿੰਮੇਵਾਰੀ ਦੇ ਕੇ ਉਹਨਾਂ ਵਿੱਚ ਕੰਮ ਕਰਨ ਦੀ ਭੁੱਸ ਪਾਈਏ। ਜਿਆਦਾਤਰ ਮਾਪੇ ਵੀ ਕੰਮ ਵਿੱਚ ਇੰਨਾਂ ਵਿਅਸਤ ਹਨ ਕਿ ਉਹਨਾਂ ਕੋਲ ਆਪਣੇ ਬੱਚਿਆਂ ਲਈ ਸਮਾਂ ਹੀ ਨਹੀਂ ਕਿ ਉਹਨਾਂ ਦੇ ਬੱਚੇ ਅਸਲ ਵਿੱਚ ਕੀ ਕਰਦੇ ਹਨ। ਮਾਪਿਆਂ ਦਾ ਫਰਜ ਇਕੱਲਾ ਬੱਚਿਆਂ ਨੂੰ ਜਨਮ ਦੇਣਾ ਜਾਂ ਕੰਮ ਵਿੱਚ ਵਿਅਸਤ ਰਹਿਣਾ ਹੀ ਨਹੀਂ ਸਗੋਂ ਉਹਨਾਂ ਦੀ ਚੰਗੀ ਪਰਵਹਿਸ਼ ਕਰਨਾ ਵੀ ਹੈ। ਉਹਨਾਂ ਦੀ ਸੰਗਤ ਵੱਲ ਧਿਆਨ ਦੇਣਾ ਮਾਪਿਆਂ ਦਾ ਇਖਲਾਕੀ ਫਰਜ ਹੈ। ਅੱਜ ਸਮਾਂ ਸ਼ੋਸਲ ਮੀਡੀਏ ਦਾ ਹੈ ਇਸ ਲਈ ਸਾਨੂੰ ਬੱਚਿਆਂ ਨੂੰ ਇਸਤੋਂ ਬਚਣ ਲਈ ਪੜਾਈ ਦੇ ਨਾਲ-ਨਾਲ ਘਰ ਦਾ ਕੁਝ ਨਾ ਕੁਝ ਕੰਮ ਵੀ ਕਰਵਾਉਣਾ ਚਾਹੀਦਾ ਹੈ । ਇਹ ਜਰੂਰੀ ਨਹੀਂ ਕਿ ਪੜ ਕੇ ਸਾਰਿਆਂ ਨੂੰ ਨੌਕਰੀਆਂ ਮਿਲ ਜਾਣਗੀਆਂ । ਸਰਕਾਰੀ ਨੌਕਰੀਆਂ ਵਾਲੇ ਤਾਂ ਕੁਝ % ਹੀ ਹੋਣਗੇ ਤੇ ਕੁਝ ਪ੍ਰਾਈਵੇਟ ਨੌਕਰੀ ਕਰਨਗੇ ਜੋ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਕਿਉਂਕਿ ਮਿਹਨਤਾਨਾ ਘੱਟ ਤੇ ਕੰਮ ਜਿਆਦਾ। ਹੁਣ ਤਾਂ ਬਾਹਰ ਜਾਣ ਦੀ ਹੌੜ ਨੇ ਕੰਮ ਦੀ ਆਦਤ ਦੀ ਕੀਮਿਤ ਹੋਰ ਵਧਾ ਦਿੱਤੀ ਹੈ ਕਿਉਂਕਿ ਉੱਥੇ ਮਾਂ ਦੇ ਹੱਥਾਂ ਦੀ ਚੂਰੀ ਨਹੀਂ ਮਿਲਣੀ। ਸੋ ਆਓ ਅਸੀਂ ਆਪਣੇ ਬੱਚਿਆਂ ਨੂੰ ਪੜਾਈ ਦੇ ਨਾਲ-ਨਾਲ ਹੱਥੀਂ ਕੰਮ ਕਰਨ ਦੀ ਆਦਤ ਪਾਈਏ ਤੇ ਚੰਗੇ ਮਾਪਿਆਂ ਵਾਲਾ ਫਰਜ ਅਦਾ ਕਰੀਏ।
ਸਰਬਜੀਤ ਸਿੰਘ ਜਿਉਣ ਵਾਲਾ, ਫਰੀਦਕੋਟ
ਮੋਬਾਇਲ — 9464412761