ਜੰਗ ਜਿੱਤਣ ਤੱਕ ਡਟਾਂਗੇ- ਜਥੇਬੰਦੀਆਂ
ਨਿਹਾਲ ਸਿੰਘ ਵਾਲਾ (ਜਗਵੀਰ ਆਜ਼ਾਦ, ਕੁਲਦੀਪ ਗੋਹਲ)
ਸ਼ਰਾਬ ਦਾ ਠੇਕਾ ਰੱਖਣ ਵਿਰੋਧੀ ਸ਼ੰਘਰਸ ਕਮੇਟੀ ਹਿੰਮਤਪੁਰਾ ਦੀ ਅਗਵਾਈ ਚੱਲ ਰਿਹਾ ਪੱਕਾ ਮੋਰਚਾ 11ਵੇਂ ਦਿਨ ਚ ਦਾਖਿਲ ਹੋ ਗਿਆ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸ਼ੰਘਰਸ ਕਮੇਟੀ ਦੇ ਕਨਵੀਨਰ ਗੁਰਮੁੱਖ ਸਿੰਘ ਧਾਲੀਵਾਲ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਸਕੱਤਰ ਮਾਸਟਰ ਦਰਸ਼ਨ ਸਿੰਘ ਹਿੰਮਤਪੁਰਾ ਇਨਕਲਾਬੀ ਨੌਜ਼ਵਾਨ ਸਭਾ ਦੇ ਹਰਮਨਦੀਪ ਸਿੰਘ ਹਿੰਮਤਪੁਰਾ ਨੌਜਵਾਨ ਭਾਰਤ ਸਭਾ ਦੇ ਗੁਰਮੁੱਖ ਸਿੰਘ ਹਿੰਮਤਪੁਰਾ ਅੰਬੇਡਕਰ ਨੌਜਵਾਨ ਸਭਾ ਦੇ ਸੋਨੀ ਹਿੰਮਤਪੁਰਾ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਐਸ ਡੀ ਐਮ ਨਿਹਾਲ ਸਿੰਘ ਵਾਲਾ ਨੇ ਪੂਰੀ ਬੇਰੁੱਖੀ ਧਾਰਨ ਕੀਤੀ ਹੋਈ ਹੈ। 1ਜੂਨ ਨੂੰ ਐਸ ਡੀ ਐਮ ਨਿਹਾਲ ਸਿੰਘ ਵਾਲਾ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਪਰ ਜਿਲ੍ਹਾ ਪ੍ਰਸ਼ਾਸਨ ਲੋਕਾਂ ਦੀ ਮੰਗ ਵੱਲ ਧਿਆਨ ਦੇਣ ਦੀ ਬਜਾਏ ਸ਼ਰਾਬ ਦੇ ਠੇਕੇਦਾਰਾਂ ਦਾ ਪੱਖ ਪੂਰ ਰਿਹਾ ਹੈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਤੇ ਜਿਲ੍ਹਾ ਪ੍ਰਸ਼ਾਸਨ ਨੇ ਸ਼ਰਾਬ ਦੇ ਠੇਕੇ ਸਬੰਧੀ ਲੋਕਾਂ ਦੀ ਮੰਗ ਵੱਲ ਧਿਆਨ ਨਾ ਦਿੱਤਾ ਤਾਂ ਸ਼ੰਘਰਸ ਹੋਰ ਤੇਜ਼ ਕੀਤਾ ਜਾਵੇਗਾ। ਅੱਜ ਰੋਸ਼ ਪ੍ਰਦਰਸ਼ਨ ਦੌਰਾਨ ਬੱਚਿਆਂ ਨੇ ਨਸ਼ਿਆਂ ਖਿਲਾਫ ਬੋਲੀਆਂ ਸੁਣਾਈਆਂ। ਇਸ ਮੌਕੇ ਸੰਬੋਧਨ ਕਰਦਿਆਂ ਸੁਖਮੰਦਰ ਸਿੰਘ ਜੀਤਾ ਸਿੰਘ ਰਾਮ ਲਾਲ ਜਗਸੀਰ ਸਿੰਘ ਕਰਮਜੀਤ ਕੌਰ ਵੀਰਪਾਲ ਕੌਰ ਜਸਵੀਰ ਕੌਰ ਆਦਿ ਨੇ ਕਿਹਾ ਕਿ ਅਸੀਂ ਝੋਨੇ ਦੇ ਸ਼ੀਜਨ ਦੌਰਾਨ ਵੀ ਸ਼ੰਘਰਸ ਦੇ ਮੈਦਾਨ ਚ ਡਟੇ ਹੋਏ ਹਾਂ ਸ਼ੰਘਰਸ ਨੂੰ ਜਿੱਤ ਤੱਕ ਪੁਹੰਚਾ ਕੇ ਹੀ ਦਮ ਲਵਾਂਗੇ।