ਰੂਪਨਗਰ (ਪੰਜ ਦਰਿਆ ਬਿਊਰੋ)
ਸਰਸਾ ਨਦੀ ‘ਚ ਮੁੜ ਕਾਰਖ਼ਾਨਿਆਂ ਦਾ ਰਸਾਇਣ ਰਲ਼ਿਆ ਜ਼ਹਿਰੀਲਾ ਪਾਣੀ ਪਾਇਆ ਜਾਣ ਲੱਗਾ ਹੈ। ਹਿਮਾਚਲ ਪ੍ਰਦੇਸ਼ ਦੇ ਕਾਰਖ਼ਾਨਿਆਂ ਦੇ ਜ਼ਹਿਰੀਲੇ ਪਾਣੀ ਕਾਰਨ ਨਦੀ ਵਿਚ ਹਜ਼ਾਰਾਂ ਮੱਛੀਆਂ ਮਰ ਗਈਆਂ ਹਨ।
ਪਿਛਲੇ 20 ਸਾਲ ਤੋਂ ਸਰਸਾ ਨਦੀ ਵਿਚ ਮੱਛੀਆਂ ਮਰਨ ਦਾ ਸਿਲਸਿਲਾ ਚੱਲਦਾ ਆ ਰਿਹਾ ਹੈ, ਪਰ ਨਾ ਕੇਂਦਰ ਸਰਕਾਰ ਤੇ ਨਾ ਹੀ ਸੂਬਾ ਸਰਕਾਰਾਂ ਇਸ ਵੱਲ ਧਿਆਨ ਦਿੰਦੀਆਂ ਹਨ। ਜਦੋਂ ਮਾਮਲਾ ਉਛਲਦਾ ਹੈ ਤਾਂ ਕੁਝ ਮਹੀਨੇ ਨਦੀ ਵਿਚ ਦੂਸ਼ਿਤ ਪਾਣੀ ਸੁੱਟਿਆ ਜਾਣਾ ਬੰਦ ਹੋ ਜਾਂਦਾ ਹੈ, ਉਸ ਤੋਂ ਬਾਅਦ ਮੁੜ ਸ਼ੁਰੂ ਹੋ ਜਾਂਦਾ ਹੈ।
ਬੁੱਧਵਾਰ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਦੀ ਟੀਮ ਨੇ ਮੰਗੂਵਾਲ ਦਿਵਾੜੀ ਪਿੰਡ ਕੋਲ ਸੈਂਪਲਿੰਗ ਕੀਤੀ ਹੈ। ਪੀਪੀਸੀਬੀ ਦੇ ਐੱਸਡੀਓ ਰਵਦੀਪ ਸਿੰਘ ਨੇ ਕਿਹਾ ਕਿ ਮੰਗੂਵਾਲ ਦਿਵਾੜੀ ਵਿਚ ਤਿੰਨ ਸੈਂਪਲ ਲਏ ਹਨ।
ਉਧਰ ਹਿਮਾਚਲ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਨਦੀ ਦੇ ਆਪਣੇ ਹਿੱਸੇ ਵਿਚ ਆਉਂਦੇ ਭਾਗ ਤੋਂ ਪਾਣੀ ਤੇ ਮਰੀਆਂ ਮੱਛੀਆਂ ਦੇ ਚਾਰ ਨਮੂਨੇ ਲਏ ਹਨ। ਹਿਮਾਚਲ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਬੱਦੀ ਵਿਚ ਤਾਇਨਾਤ ਸੁਪਰਡੈਂਟ ਮਦਨ ਸ਼ਰਮਾ ਨੇ ਦੱਸਿਆ ਕਿ ਛੇਤੀ ਹੀ ਬੋਰਡ ਦੀ ਟੀਮ ਪੰਜਾਬ ਆ ਕੇ ਨਦੀ ਤੇ ਪਾਣੀ ਦੀ ਵੀ ਸੈਂਪਲਿੰਗ ਕਰੇਗੀ।
ਸਤਲੁਜ ਦਰਿਆ ਵੀ ਹੋ ਰਿਹੈ ਪ੍ਰਦੂਸ਼ਿਤ
ਸਮਾਜਸੇਵੀ ਪੰਕਜ ਅਵਾਨਕੋਟ ਤੇ ਸਰਪੰਚ ਰਣਦੀਤ ਸਿੰਘ ਅਵਾਨਕੋਟ ਨੇ ਦੱਸਿਆ ਕਿ ਕੋਰੋਨਾ ਦੌਰਾਨ ਸਾਰੇ ਕਾਰਖ਼ਾਨੇ ਬੰਦ ਰਹਿਣ ਕਾਰਨ ਸਰਸਾ ਨਦੀ ਦਾ ਪਾਣੀ ਬਿਲਕੁਲ ਸਾਫ਼ ਹੋ ਗਿਆ ਸੀ। ਮੱਛੀਆਂ ਦੀ ਗਿਣਤੀ ਵੀ ਵੱਧ ਗਈ ਸੀ। ਲਾਕਡਾਊਨ ਖੁੱਲ੍ਹਣ ਪਿੱਛੋਂ ਕਾਰਖ਼ਾਨੇ ਸ਼ੁਰੂ ਹੋਏ ਤੇ ਮੱਛੀਆਂ ਮਰਨ ਲੱਗੀਆਂ ਹਨ। ਕਾਰਖ਼ਾਨੇ ਜ਼ਹਿਰੀਲਾ ਪਾਣੀ ਬਿਨਾਂ ਟ੍ਰੀਟ ਕੀਤਿਆਂ ਨਦੀ ਵਿਚ ਪਾ ਰਹੇ ਹਨ। ਸਰਸਾ ਨਦੀ ਅੱਗੇ ਜਾ ਕੇ ਸਤਲੁਜ ਵਿਚ ਮਿਲ ਜਾਂਦੀ ਹੈ। ਇਸ ਨਾਲ ਸਤਲੁਜ ਦਾ ਪਾਣੀ ਵੀ ਦੂਸ਼ਿਤ ਹੋ ਰਿਹਾ ਹੈ।