ਨਵਗੀਤ ਕੌਰ

ਉਮਰ ਦੀ ਤਿੱਖੜ ਦੁਪਹਿਰ ‘ਚ
ਤੂੰ ਮੋਹ ਮੁਹੱਬਤਾਂ ਦੀ
ਛਤਰੀ ਤਾਣਦੀ ਰਹੀ।
ਤੁਰੇ ਜਾਂਦਿਆਂ ਦੀ
ਪਿੱਠ ਨੂੰ ਨਿਹਾਰਦੀ ਰਹੀ
ਬੇਬਸ ਨਜ਼ਰਾਂ ਨਾਲ।
ਅਲਵਿਦਾ ਚ ਉੱਠਿਆ
ਹੱਥ ਕੰਬਦਾ ਰਹਿੰਦਾ ਕਿੰਨਾ ਹੀ ਚਿਰ।
ਮਾਏ! ਤੇਰਾ ਘਰ,
ਤੇਰਾ ਦਿਲ,
ਮਲੂਕ ਜਿਹੀ ਜਿੰਦ
ਜਦੋਂ ਚਾਨਣ ਨੂੰ ਹਨ੍ਹੇਰ ਨਾਲ
ਭਿੜਦਿਆਂ ਦੇਖਦੀ।
ਕੰਧਾਂ ਵੀ ਗੁੰਮ ਸੁੰਮ ਹੋ ਜਾਂਦੀਆਂ।
ਪਰ ਕਦੇ-ਕਦੇ
ਅਣਹੋਣੀ ਵੀ ਹੋ ਈ ਜਾਂਦੀ ਐ।
ਖੁਸ਼ਬੋਈ ਨੂੰ
ਫੁੱਲਾਂ ਤੋਂ ਵਿਛੜ ਕੇ ਜਿਓਣਾ ਪੈਂਦਾ।
ਮਾਂ!! ਤੈਨੂੰ ਵੀ ਤੇਰੀ ਮਾਂ ਨੇ
ਇਹੀ ਗੱਲ ਸਮਝਾਈ ਹੋਵੇਗੀ।
ਧੀਆਂ ਨੂੰ ਭਾਵੇਂ ਧੁਰ ਅੰਦਰ ਕਿਤੇ
ਆਪਣਿਆਂ ਦਾ ਮਾਣ ਹੁੰਦਾ।
ਤਾਂ ਹੀ ਤਾਂ ਗਿੱਧਿਆਂ ਚ ਬੋਲੀ ਪਾਉਂਦੀਆਂ
ਮਾਣ ਭਰਾਵਾਂ ਦੇ,
ਮੈਂ ਕੱਲ੍ਹੀ ਖੇਤ ਨੂੰ ਜਾਵਾਂ।
ਪਰ ਜਦ ਮਾਣ ਟੁੱਟਦਾ ਤਾਂ ਚੇਤੇ ਆਵੇ।
ਧੀਆਂ ਗਊਆਂ ਕਾਮਿਆਂ ਦੀ,
ਕੋਈ ਪੇਸ਼ ਨਾ ਅੰਮੜੀਏ ਜਾਵੇ।
ਪਰ ਇਹ ਵੀ ਆਖਦੀ ਹੁੰਦੀ।
ਹੁਣ ਕਾਹਦੇ ਦਾਅਵੇ ਜਿੰਦ,
ਰੂਹ ਦਾ ਵੈਰਾਗ ਅੰਦਰ ਖੋਰਦਾ।
ਮਾਣ ਟੁੱਟਣ ਦਾ ਖੜਾਕ ਨਹੀਂ ਹੁੰਦਾ।
ਅੰਮੜੀਏ!
ਹੁਣ ਮੈਂ ਤੈਨੂੰ ਸਮਝਾਉਨੀ ਆਂ।
ਫੁੱਲਾਂ ਨੂੰ ਗਰਮ ਪਾਣੀ ਪਾਓਗੇ ਤਾਂ
ਜੜ੍ਹਾਂ ਸੁੱਕ ਜਾਣਗੀਆਂ।
ਫੁੱਲ ਮੁਰਝਾ ਜਾਣਗੇ।
ਮੌਲ ਨਹੀਂ ਸਕਦੇ ਕੋਸੇ ਹੰਝੂਆਂ ਨਾਲ
ਬਾਗ ਬਗੀਚੇ ਗੁਲਜ਼ਾਰ।
ਇੱਕੀਵੀਂ ਸਦੀ ਤਾਂ ਮੋਹ ਦਾ ਅਖਾੜਾ ਐ।
ਇਥੇ ਆਪਣੇ ਖ਼ਿਲਾਫ਼ ਵੀ ਯੁੱਧ
ਆਪ ਈ ਲੜਨਾ ਪੈਦਾ।
ਸਾਡੇ ਵਿਗਸਣ ਦੀ ਥਾਂ ਤੇਰੇ ਕੋਲ ਨਹੀਂ।
ਅਫਸੋਸ!
ਹਾਲ ਦੀ ਘੜੀ ਬੱਚਿਆਂ ਕੋਲ
ਉਹ ਮੁਬਾਰਕ ਅੱਗ ਨਹੀਂ
ਜੋ ਤੇਰੇ ਮਨ ਵਿੱਚ ਰੌਸ਼ਨੀ ਜਗਾਵੇ।
ਅੱਛਾ! ਮਾਏ ਫਿਰ ਮਿਲਾਂਗੇ
ਮੈਂ ਮਨ ਚੋਂ ਸੇਕ ਹੂੰਝ ਲਵਾਂ।