ਮੁੱਖ ਮੰਤਰੀ ਵਜ਼ੀਫ਼ਾ ਯੋਜਨਾ, ਟਿਊਸ਼ਨ ਫੀਸ ਵੇਵਰ ਸਕੀਮ, ਅਨੁਸੂਚਿਤ ਜਾਤੀਆਂ ਲਈ ਪੂਰੀ ਫੀਸ ਮੁਆਫੀ ਆਦਿ ਦਾ ਮਿਲੇਗਾ ਲਾਹਾ
ਮੋਗਾ (ਮਿੰਟੂ ਖੁਰਮੀ)

ਪੋਲੀਟੈਕਨਿਕ ਕਾਲਜਾਂ ਵਿੱਚ ਡਿਪਲੋਮਾ ਪੱਧਰ ਦੇ ਕੋਰਸਾਂ ਸੰਬੰਧੀ ਜਾਣਕਾਰੀ ਦੇਣ ਲਈ ਸਰਕਾਰੀ ਬਹੁਤਕਨੀਕੀ ਕਾਲਜ, ਗੁਰੂ ਤੇਗ ਬਹਾਦਰਗੜ੍ਹ ਜ਼ਿਲ੍ਹਾ ਮੋਗਾ ਦੇ ਵਿਭਾਗੀ ਮੁਖੀ ਸੁਰੇਸ਼ ਕੁਮਾਰ ਅਤੇ ਕਾਲਜ ਦੇ ਕਰੀਅਰ ਗਾਈਡੈਂਸ ਇੰਚਾਰਜ ਬਲਵਿੰਦਰ ਸਿੰਘ ਨੇ ਪ੍ਰਿੰਸੀਪਲ ਦਲਜਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਮੋਗਾ ਸ੍ਰੀ ਜਸਪਾਲ ਸਿੰਘ ਔਲਖ ਨਾਲ ਮੀਟਿੰਗ ਕੀਤੀ ।
ਮੀਟਿੰਗ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਅਪੀਲ ਕੀਤੀ ਗਈ ਕਿ ਜ਼ਿਲ੍ਹੇ ਦੇ ਸਮੂਹ ਸੈਕੰਡਰੀ/ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਡਿਪਲੋਮਾ ਕੋਰਸਾਂ ਬਾਰੇ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਤਕਨੀਕੀ ਸਿਖਿਆ ਗ੍ਰਹਿਣ ਕਰ ਸਕਣ। ਪਹਿਲੇ ਸਾਲ ਵਿੱਚ ਦਾਖ਼ਲੇ ਦੀ ਯੋਗਤਾ ਅੰਗ੍ਰੇਜ਼ੀ,ਵਿਗਿਆਨ ਅਤੇ ਗਣਿਤ ਵਿਸ਼ਿਆਂ ਨਾਲ ਦਸਵੀਂ ਪਾਸ ਹੋਣਾ ਲਾਜ਼ਮੀ ਹੈ।ਸਾਇੰਸ/ਵੋਕੇਸ਼ਨਲ ਵਿਸ਼ਿਆਂ ਨਾਲ 10+2 ਪਾਸ, ਆਈ.ਟੀ.ਆਈ ਪਾਸ ਉਮੀਦਵਾਰ ਦੂਜੇ ਸਾਲ ਵਿੱਚ ਲੇਟਰਲ ਐਂਟਰੀ ਰਾਹੀਂ ਸਿੱਧਾ ਦਾਖ਼ਲਾ ਲੈਣ ਦੇ ਯੋਗ ਹੁੰਦੇ ਹਨ। ਕਾਲਜ ਵਿੱਚ ਸਿਵਲ, ਇਲੈਕਟ੍ਰੀਕਲ, ਮਕੈਨੀਕਲ, ਕੈਮੀਕਲ, ਈਸੀਈ, ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਦੇ ਤਿੰਨ ਸਾਲਾ ਡਿਪਲੋਮਾ ਕੋਰਸ ਉਪਲਬਧ ਹਨ।
ਤਕਨੀਕੀ ਸਿੱਖਿਆ ਨੂੰ ਬੜਾਵਾ ਦੇਣ ਲਈ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੀਆਂ ਫੀਸ ਮੁਆਫ਼ੀ ਅਤੇ ਵਜ਼ੀਫ਼ਾ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ ,ਜਿਨਾ੍ਹਂ ਵਿੱਚ ਮੁੱਖ ਮੰਤਰੀ ਵਜ਼ੀਫ਼ਾ ਯੋਜਨਾ, ਟਿਊਸ਼ਨ ਫੀਸ ਵੇਵਰ ਸਕੀਮ, ਅਨੁਸੂਚਿਤ ਜਾਤੀਆਂ ਲਈ ਪੂਰੀ ਫੀਸ ਮੁਆਫੀ ਆਦਿ ਸ਼ਾਮਿਲ ਹਨ। ਇਹਨਾਂ ਡਿਪਲੋਮਾ ਕੋਰਸਾਂ ਨੂੰ ਪਾਸ ਕਰਨ ਤੋਂ ਬਾਅਦ ਉਚੇਰੀ ਸਿੱਖਿਆ ਲਈ ਬੀ.ਟੈਕ.,ਬੀ.ਸੀ.ਏ, ਆਦਿ ਕੋਰਸਾਂ ਵਿੱਚ ਦੂਜੇ ਸਾਲ ਵਿੱਚ ਸਿੱਧਾ ਦਾਖ਼ਲਾ ਮਿਲ ਜਾਂਦਾ ਹੈ।ਇਸ ਤੋਂ ਇਲਾਵਾ ਵੱਖ ਵੱਖ ਸਰਕਾਰੀ /ਪ੍ਰਾਈਵੇਟ ਵਿਭਾਗਾਂ, ਉਦਯੋਗਾਂ, ਕੰਪਨੀਆਂ ਵਿੱਚ ਨੌਕਰੀ ਦੇ ਮੌਕੇ ਵੀ ਉਪਲਬਧ ਹੁੰਦੇ ਹਨ।ਇਸ ਕਾਲਜ ਚੋਂ ਪੜ੍ਹੇ ਵਿਦਿਆਰਥੀ ਬਹੁਤ ਸਾਰੇ ਮਹਿਕਮਿਆਂ ਵਿੱਚ ਉੱਚ ਅਹੁਦਿਆਂ ‘ਤੇ ਲੱਗੇ ਹੋਏ ਹਨ।
ਮੀਟਿੰਗ ਦੌਰਾਨ ਜ਼ਿਲ੍ਹਾ ਸਿਖਿਆ ਅਫ਼ਸਰ ਨੇ ਕਾਲਜ ਦੇ ਦਾਖ਼ਲੇ ਸੰਬੰਧੀ ਪੈਂਫਲਿਟ ਵੀ ਰਿਲੀਜ਼ ਕੀਤਾ।ਇਸ ਮੌਕੇ ਰਾਕੇਸ਼ ਮੱਕੜ ਡਿਪਟੀ ਡੀ.ਈ.ਓ.,ਦਿਲਬਾਗ ਸਿੰਘ ਜ਼ਿਲ੍ਹਾ ਗਾਈਡੈਂਸ ਕਾਊਂਸਲਰ, ਦਲਜੀਤ ਸਿੰਘ ਜੂਨੀਅਰ ਸਹਾਇਕ ਵੀ ਹਾਜ਼ਰ ਸਨ। ਕਾਲਜ ਵਿੱਚ ਦਾਖ਼ਲੇ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ।