
ਮਰਜ਼ੀ ਨਾਲ, ਸ਼ੌਕ ਨਾਲ ਜਾਂ ਮਜਬੂਰੀ ਨਾਲ, ਅਪਣਾਏ ਇਸ ਮੁਲਕ ਦੀ ਦਸੰਬਰ ਮਹੀਨੇ ਦੀ ਠੰਡੀ ਜਿਹੀ , ਘੁਸਮੁਸੀ ਜਿਹੀ ਸ਼ਾਮ ਦੇ ਵੇਲੇ, ਬੁਲੇਵਾਰਡ ਦੇ ਐਨ ਸਿਰੇ ਉਤੇ, ਹੱਡ ਭੰਨਵੀਂ ਮਿਹਨਤ ਨਾਲ ਬਣਾਏ ਆਲ੍ਹਣੇ ਦੇ ਡਰਾਈਵਵੇ ਦੇ ਬਾਹਰ ਖੜ੍ਹੇ ਖੜ੍ਹੇ ਨੂੰ , ਸੋਚ ਦੇ ਖੰਭਾਂ ਨੇ ਉਡਾਰੀ ਲਵਾ ਕੇ, ਘੁੱਗ ਵਸਦੇ ਪਿੰਡ ਦੀ ਫਿਰਨੀ ਉਤੇ ਬੰਦ ਪਏ, ਵੇਲਣੇ ਕੋਲ ਧੁੰਦਲਕੀ ਜਿਹੀ ਸ਼ਾਮ ਨੂੰ ਮਘ ਰਹੇ ਲੱਕੜ ਦੇ ਮੁੱਢ ਦੀ ਧੂਣੀ ਨੇੜੇ ਲਿਜਾ ਖੜਾ ਕੀਤਾ।
ਖੇਸਾਂ ਦੀਆੰ ਬੁੱਕਲ਼ਾਂ ਮਾਰੀ ਬੈਠੇ, ਯਾਰ ਬੇਲੀ , ਚਾਚੇ,ਤਾਏ, ਇੱਕ ਦੋ ਬਾਬੇ ਬੋਹੜ, ਬੱਸ ਸਾਰੇ ਇਲਾਕੇ ਦੀ ਖ਼ਬਰ-ਸਾਰ ਚਲ ਰਹੀ ਆ.. ਮਹਿਫ਼ਲ ਭਖੀ ਹੋਈ ਆ..!!
ਦਿਨ ਭਰ ਦੀ ਖੇਤਾਂ ਦੀ ਥਕਾਵਟ, ਪਾੜ੍ਹੇ ਮੁੰਡਿਆ ਦੀਆਂ ਕਾਲਜ, ਬੱਸ ਅੱਡੇ ਵਿੱਚ ਵਾਪਰੀਆਂ ਨਵੀਂਆਂ ਨਕੋਰ, ਚਟਕੀਲੀਆਂ ਵਾਰਦਾਤਾਂ, ਨੌਕਰੀਆਂ ਵਾਲ਼ਿਆਂ ਦੇ ਕੰਮ ਉਪਰਲੇ ਖਟਮਿੱਠੇ ਵਾਕੇ..ਬੱਸ ਚਲ ਸੋ ਚਲ ਹੋਈ ਪਈ ਆ ..!
ਪਿੰਡ ਦੇ ਟੋਭੇ ਵਿਚਲੇ ਪਾਣੀ ਦੀ ਆਉਂਦੀ ਬਰਸਾਤ ਨੂੰ ਹੋਣ ਵਾਲੀ ਸਮੱਸਿਆ ਤੋਂ, ਫਿਰਨੀ ਉਤੇ ਪਏ ਟੋਏ ਪੂਰਨ ਲਈ “ਬਾਸ਼” ਲਾਉਣ ਤੋਂ ਸ਼ੁਰੂ ਕਰ ਬਾਬੇ ਨਾਨਕ ਦਾ ਗੁਰਪੁਰਬ ਮਨਾਉਣ ਤੱਕ ਪ੍ਰਭਾਤ ਫੇਰੀਆਂ, ਨਗਰ ਕੀਰਤਨ, ਲੰਗਰ ਦੀਆਂ ਤਿਆਰੀਆਂ ਦੀਆੰ ਸਲਾਹਾਂ ਵਾਲਾ ਭੱਠਾ ਜਮਾਂ ਮਘਿਆ ਪਿਆ ..!!
ਪਰ ਆਹ ਕੀ …?? ਲਗਦੈ ਕਿਸੇ ਨੂੰ ਘਰੇ ਛੇਤੀ ਆ ਕੇ ਗਰਮ ਰੋਟੀ ਛਕ ਲੈਣ ਲਈ ਜਵਾਕ ਵਾਜ ਮਾਰ ਰਹੇ ਨੇ…।

“ਡੈਡ …ਡੈਡ ..!! ਡਿਨਰ ਇਜ਼ ਰੈਡੀ.!! ਕਮ ਇਨਸਾਈਡ ਸੂਨ, ਯੂ ਹੈਵ ਟੂ ਲੀਵ ਅਰਲੀ ਇਨ ਦਾ ਮੌਰਨਿੰਗ..”
ਝਟਕੇ ਨਾਲ ਸੋਚਾਂ ਦਾ ਤਾਣਾ ਟੁਟ ਜਾਂਦਾ, ਸੁਪਨਿਆਂ ਦਾ ਸਰਪਟ ਦੌੜ ਰਿਹਾ ਘੋੜਾ…, ਸਿੱਧਾ ਪਿੰਡੋਂ, ਰੌਣਕਾਂ ਭਰੀ “ਫਿਰਨੀ” ਤੋਂ …ਆਣ…ਟਰਾਂਟੋ ਦੇ ਸਰਦ “ਬੁਲੇਵਾਰਡ” ਤੇ ਖੜ੍ਹ ਜਾਂਦਾ ..!!
ਸੱਜੇ ਹੱਥ ਦੀ ਥਿਆਲੀ ਨਾਲ,ਅੱਖ ਦੀ ਕੋਰ ਤੇ ਆਈ ਪਾਣੀ ਦੀ ਹਿੰਝ ਪੂੰਝ, ਸਵੇਰ ਨੂੰ ਮੁੜ ਮਸ਼ੀਨ ਬਣਨ ਦੀ ਤਿਆਰੀ ਵਿੱਚ, ਢਿੱਡ ਦੀ ਭੁੱਖ ਮਿਟਾਉਣ ਲਗਿਆ ਮੈਂ ……….ਰੂਹ ਦੀ ਭੁੱਖ ਨੂੰ ਗੰਢ ਮਾਰ, ਸਵੇਰ ਨੂੰ ਕੰਮ ਦੀ ਸ਼ਿਫ਼ਟ ਵਾਲੇ ਸੁਪਰਵਾਈਜ਼ਰ ਦੇ ਕੌੜੇ ਸੁਭਾਅ ਨਾਲ ਨਜਿੱਠਣ ਦੇ ਤਰੀਕੇ ਸੋਚ ਰਿਹਾ ਹੁੰਨਾਂ..!!
“ ਸੱਚ ਜਾਣਿਓ….ਬੜਾ ਔਖਾ ਐ ਫਿਰਨੀ ਤੋਂ ਬੁਲੇਵਾਰਡ ਤੱਕ ਦਾ ਸਫਰ..!!”
✍? “ਹੈਪੀ ਚੌਧਰੀ” ਸਤੌਰ ਤੋਂ ਟਰਾਂਟੋ ( ਕਨੇਡਾ )