6.3 C
United Kingdom
Sunday, April 20, 2025

More

    ਸਾਹਿਤਕ ਠੱਗੀ

    ਪਰਗਟ ਸਿੰਘ ਸਤੌਜ            

     ਓਦੋਂ ਅਜੇ ਮੇਰੇ ਲਿਖਣ ਦੀ ਸ਼ੁਰੂਆਤ ਸੀ। ਮੇਰੇ ਕਿਸੇ ਦੋਸਤ ਨੇ ਰਾਏ ਦਿੱਤੀ, ”ਤੂੰ ਸਾਹਿਤ ਸਭਾ ਦੀਆਂ ਮੀਟਿੰਗਾਂ ਵਿੱਚ ਜ਼ਰੂਰ ਜਾਇਆ ਕਰ। ਬੜਾ ਕੁੱਝ ਸਿੱਖਣ ਨੂੰ ਮਿਲਦੈ।” ਮੈਨੂੰ ਇਸ ਤੋਂ ਪਹਿਲਾਂ ਸਾਹਿਤ ਸਭਾਵਾਂ ਦੀਆਂ ਮੀਟਿਗਾਂ ਬਾਰੇ ਭੋਰਾ ਪਤਾ ਨਹੀਂ ਸੀ। ਬੱਸ, ਘਰ ਬੈਠਾ ਲਿਖਦਾ ਰਹਿੰਦਾ, ਰਚਨਾਵਾਂ ਅਖ਼ਬਾਰਾਂ, ਮੈਗਜ਼ੀਨਾਂ ਵਿੱਚ ਛਪਦੀਆਂ ਰਹਿੰਦੀਆਂ। ਇਸ ‘ਬੜਾ ਕੁੱਝ’ ਸਿੱਖਣ ਦੀ ਲਾਲਸਾ ਨੇ ਮੇਰੇ ਅੰਦਰ ਖਲਬਲੀ ਮਚਾ ਦਿੱਤੀ। ਸਾਹਿਤ ਸਭਾ ਵਿੱਚ ਸ਼ਾਮਲ ਹੋ ਜਾਣ ਦੀ ਕਾਹਲ ਮੇਰੇ ਪੈਰਾਂ ਹੇਠ ਅੱਗ ਵਾਂਗ ਮੱਚ ਪਈ ਪਰ ਮੈਨੂੰ ਇਸ ਦੀ ਬਿਲਕੁੱਲ ਵੀ ਜਾਣਕਾਰੀ ਨਹੀਂ ਸੀ ਕਿ ਸਾਹਿਤ ਸਭਾ ਵਿੱਚ ਸ਼ਾਮਲ ਕਿਵੇਂ ਹੋਇਆ ਜਾਂਦਾ ਹੈ? ਮੇਰਾ ਆਪਣਾ ਹੀ ਇੱਕ ਧੁੰਦਲਾ ਜਿਹਾ ਅੰਦਾਜ਼ਾ ਸੀ ਕਿ ਸਾਹਿਤ ਸਭਾ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਨੌਕਰੀ ਲੈਣ ਵਾਂਗ ਕੋਈ ਫਾਰਮ ਭਰਨੇ ਪੈਂਦੇ ਹੋਣਗੇ, ਇੰਟਰਵਿਊ ਹੁੰਦੀ ਹੋਵੇਗੀ। ਲੇਖਕ ਦੀਆਂ ਰਚਨਾਵਾਂ ਨੂੰ ਵਾਚਿਆ ਜਾਂਦਾ ਹੋਵੇਗਾ ਫੇਰ ਕਿਤੇ ਜਾ ਕੇ ਸਾਹਿਤ ਸਭਾ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਹਰੀ ਝੰਡੀ ਮਿਲਦੀ ਹੋਵੇਗੀ। ਇਸ ਸਭ ਦੀ ਜਾਣਕਾਰੀ ਲੈਣ ਲਈ ਮੈਂ ਮੇਰੇ ਕਾਲਜ ਸਮੇਂ ਦੇ ਪ੍ਰੋਫ਼ੈਸਰ ਸਾਹਿਬ ਦਾ ਕੁੰਡਾ ਜਾ ਖੜਕਾਇਆ। ਉਹ ਖ਼ੁਦ ਬੜੇ ਵਿਦਵਾਨ ਆਲੋਚਕ ਹਨ ਅਤੇ ਮੈਂ ਉਨ੍ਹਾਂ ਦੀ ਸਖਸ਼ੀਅਤ ਤੋਂ ਬੜਾ ਪ੍ਰਭਾਵਿਤ ਰਿਹਾ ਹਾਂ। ਉਹਨਾਂ ਕੋਲੋਂ ਹੀ ਮੇਰੀ ਸਾਹਿਤਕ ਚੇਟਕ ਨੂੰ ਹੋਰ ਬਲ ਮਿਲਿਆ ਸੀ ਤੇ ਮੈਂ ਆਪਣੇ ਮਨ ਵਿੱਚ ਸਾਰੇ ਲੇਖਕਾਂ ਦੀ ਸ਼ਖ਼ਸੀਅਤ ਉਨ੍ਹਾਂ ਵਰਗੀ ਹੀ ਚਿਤਰ ਲਈ ਸੀ। ਉਨ੍ਹਾਂ ਨੇ ਮੈਨੂੰ ਬਿਠਾ ਕੇ ਪਿਆਰ ਨਾਲ ਗੱਲਾਂ ਕੀਤੀਆਂ ਅਤੇ ਮੇਰੀਆਂ ਰਚਨਾਵਾਂ ਨੂੰ ਵਧੀਆ ਹੁੰਗਾਰਾ ਦਿੱਤਾ। ਚਾਹ ਪੀਂਦਿਆਂ ਮੈਂ ਉਨ੍ਹਾਂ ਨੂੰ ਆਪਣੇ ਮਨ ਦੀ ਗੱਲ ‘ਸਾਹਿਤ ਸਭਾ ਦਾ ਮੈਂਬਰ ਬਣਨ ਦੀ’ ਵੀ ਦੱਸ ਦਿੱਤੀ।
    ”ਅੱਛਾ ਬੇਟਾ! ਤੇਰੇ ਪਿੰਡ ਕੋਲੇ ਕਿਹੜਾ-ਕਿਹੜਾ ਸ਼ਹਿਰ ਪੈਂਦੈ?” ਪ੍ਰੋ. ਸਾਹਿਬ ਨੇ ਪੁੱਛਿਆ।  

    ”ਸਰ ਜੀ ਫਲਾਣਾ-ਫਲਾਣਾ।” ਮੈਂ ਦੋ ਤਿੰਨ ਸ਼ਹਿਰਾਂ ਦੇ ਨਾਂ ਗਿਣਾ ਦਿੱਤੇ।      

    ”ਅੱਛਾ ਬੇਟਾ, ਮੈਂ ਫਲਾਣੇ ਸ਼ਹਿਰ ਦੀ ਸਾਹਿਤ ਸਭਾ ਦੇ ਪ੍ਰਧਾਨ ਨੂੰ ਫ਼ੋਨ ਕਰ ਦਿਆਂਗਾ। ਜਿਸ ਦਿਨ ਮੀਟਿੰਗ ਹੋਵੇਗੀ ਓਹ ਤੁਹਾਨੂੰ ਬੁਲਾ ਲੈਣਗੇ। ਤੁਸੀਂ ਆਪਣਾ ਪਤਾ ਲਿਖਵਾ ਦਿਓ।”      

    ਮੈਂ ਆਪਣਾ ਪਤਾ ਲਿਖਵਾਇਆ ਅਤੇ ਜੰਗ ਜਿੱਤ ਕੇ ਮੁੜੇ ਫ਼ੌਜੀ ਵਾਂਗ ਚੌੜਾ ਹੋਇਆ ਵਾਪਸ ਆ ਗਿਆ।  ਮੈਂ ਬੇਸਬਰਿਆਂ ਵਾਂਗ ਕਈ ਦਿਨ ਉਡੀਕਦਾ ਰਿਹਾ। ਮੇਰੀਆਂ ਉਡੀਕਦੇ ਦੀਆਂ ਅੱਖਾਂ ਪੱਕ ਗਈਆਂ। ਫਿਰ ਅਚਾਨਕ ਇੱਕ ਦਿਨ ਸਾਹਿਤਕ ਪੰਨੇ ‘ਤੇ ਨਜ਼ਰ ਮਾਰਦਿਆਂ ਮੇਰੀ ਨਿਗ੍ਹਾ ਉਸ ਲੇਖਕ ਦੇ ਨਾਮ ਉਪਰ ਪੈ ਗਈ ਜਿਸ ਦਾ ਜਿਕਰ ਪ੍ਰੋ. ਸਾਹਿਬ ਨੇ ਕੀਤਾ ਸੀ। ਉਸਦੀ ਕਹਾਣੀ ਹੇਠ ਹੀ ਉਸਦਾ ਮੋਬਾਇਲ ਨੰਬਰ ਸੀ। ਮੇਰੇ ਅੰਦਰਲੀ ਖ਼ੁਸ਼ੀ ਸਾਂਭੀ ਨਾ ਗਈ, ਮੈਂ ਝੱਟ ਲੇਖਕ ਨੂੰ ਫੋਨ ਲਾ ਲਿਆ। ਅੱਗੋਂ ਉਨ੍ਹਾਂ ਦੀ ਬੜੀ ਪਿਆਰੀ ਅਵਾਜ਼ ਆਈ, ”ਹਾਂ ਕਾਕਾ ਜੀ, ਜਦੋਂ ਵੀ ਤੁਹਾਡੇ ਕੋਲ ਟਾਇਮ ਹੋਇਆ ਮੈਨੂੰ ਪਹਿਲਾਂ ਫੋਨ ਕਰ ਕੇ ਆ ਜਾਣਾ। ਨਾਲੇ ਆਪਣੀਆਂ ਰਚਨਾਵਾਂ ਲੈ ਆਉਂਣੀਆਂ, ਆਪਾਂ ਸੁਣਾਂਗੇ।”
    ”ਠੀਕ ਐ ਜੀ!” ਮੈਨੂੰ ਮਹਿਸੂਸ ਹੋਇਆ ਜਿਵੇਂ ਮੇਰੇ ਦਿਮਾਗ਼ ਤੋਂ ਮਣਾ-ਮੂੰਹੀਂ ਭਾਰ ਲਹਿ ਗਿਆ ਹੋਵੇ। ਟਾਇਮ ਹੋਣ ਵਾਲੀ ਕਿਹੜੀ ਗੱਲ ਸੀ, ਏਸ ਕੰਮ ਲਈ ਤਾਂ ਮੈਂ ਕਦੋਂ ਦਾ ਹੱਥਾਂ ਵਿੱਚ ਥੁੱਕੀਂ ਬੈਠਾ ਸੀ।  ਮੈਂ ਅਗਲੇ ਦਿਨ ਹੀ ਲੇਖਕ ਨੂੰ ਫ਼ੋਨ ਕਰ ਕੇ, ਆਪਣੀਆਂ ਰਚਨਾਵਾਂ ਦਾ ਪਲੰਦਾ ਲਫ਼ਾਫ਼ੇ ਵਿੱਚ ਪਾ ਤੁਰ ਪਿਆ। ਉਹਨਾਂ ਮੈਨੂੰ ਆਪਣੇ ਘਰ ਦੀ ਨਿਸ਼ਾਨਦੇਹੀ ਫੋਨ ਉੱਤੇ ਹੀ ਦੱਸ ਦਿੱਤੀ ਸੀ। ਜਦ ਮੈਂ ਉਸਦਾ ਘਰ ਲੱਭਿਆ ਤਾਂ ਵੇਖ ਕੇ ਦੰਗ ਰਹਿ ਗਿਆ। ਅਜਿਹੀ ਮਹਿਲਨੁਮਾ ਕੋਠੀ ਵਿੱਚ ਮੈਂ ਪਹਿਲੀ ਵਾਰ ਪੈਰ ਰੱਖਿਆ ਸੀ। ਮੈਂ ਤਾਂ ਹੁਣ ਤੱਕ ਕੱਚੇ ਵਿਹੜਿਆਂ ਅਤੇ ਕਾਠ ਦੀ ਛੱਤ ਥੱਲੇ ਹੀ ਜੀਵਨ ਬਿਤਾਇਆ ਸੀ। ਮੈਂ ਆਪਣੇ-ਆਪ ਨੂੰ ਨਿਮਾਣਾ ਜਿਹਾ ਮਹਿਸੂਸ ਕਰਦਾ, ਆਲ਼ੇ-ਦੁਆਲ਼ੇ ਭੈ-ਭੀਤ ਜਿਹੀ ਨਜ਼ਰ ਮਾਰਦਾ, ਲੇਖਕ ਦੇ ਪਿੱਛੇ-ਪਿੱਛੇ ਕੋਠੀ ਦੀ ਦੂਸਰੀ ਮੰਜ਼ਿਲ ਉੱਪਰ ਜਾ ਚੜ੍ਹਿਆ ਸੀ। ਉਸਨੇ ਆਪਣੇ ਪੈਣ ਲਈ ਮੰਜਾ ਡਾਹ ਲਿਆ ਅਤੇ ਮੈਨੂੰ ਕੁਰਸੀ ਦੇ ਦਿੱਤੀ। ਪਹਿਲਾਂ ਰਸਮੀ ਜਿਹੀਆਂ ਗੱਲਾਂ ਹੋਈਆਂ। ਫਿਰ ਉਸਦੇ ਨੌਕਰ ਦੁਆਰਾ ਲਿਆਂਦੀ ਚਾਹ ਪੀਣ ਤੋਂ ਬਾਅਦ ਮੈਂ ਉਸ ਲੇਖਕ ਦਾ ਇਸ਼ਾਰਾ ਪਾ ਕੇ ਡਰਦੇ-ਡਰਦੇ ਨੇ ਰਚਨਾਵਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ। ਮੇਰੇ ਮਨ ‘ਚ ਧੁੜਕੂ ਸੀ ਕਿ ‘ਪਤਾ ਨਹੀਂ ਇਸ ਨੂੰ ਕਿਸ ਤਰ੍ਹਾਂ ਦੀਆਂ ਲੱਗਣਗੀਆਂ, ਖ਼ੌਰੇ ਕੀ-ਕੀ ਨੁਕਸ਼ ਕੱਢੇ। ਜੇ ਨੁਕਸ਼ ਕੱਢ ਦਿੱਤਾ ਤਾਂ ਮੇਰਾ ਸਾਹਿਤ ਸਭਾ ਵਿੱਚ ਸ਼ਾਮਲ ਹੋਣ ਦਾ ਦਰਵਾਜ਼ਾ ਬੰਦ।’ ਪਰ ਉਹ ਅਜੇ ਤੱਕ ਮੇਰੇ ‘ਤੇ ਮਿਹਰਬਾਨ ਸੀ। ਮੇਰੇ ਇੱਕ ਰਚਨਾ ਪੜ੍ਹਨ ਤੋਂ ਬਾਅਦ ਉਹ ਅਗਲੀ ਸੁਣਾਉਣ ਲਈ ਇਸ਼ਾਰਾ ਕਰ ਦਿਆ ਕਰੇ, ਫਿਰ ਅਗਲੀ, ਫਿਰ ਅਗਲੀ। ਇਸੇ ਤਰ੍ਹਾਂ ਮੈਂ ਕਈ ਰਚਨਾਵਾਂ ਇੱਕੇ ਸਾਹੇ ਪੜ੍ਹ ਦਿੱਤੀਆਂ। ਰਚਨਾਵਾਂ ਸੁਣਦਿਆਂ-ਸੁਣਦਿਆਂ ਉਹ ਨਾਲ ਦੀ ਨਾਲ ਮੇਰੀ ਤਾਰੀਫ਼ ਵੀ ਕਰੀਂ ਗਿਆ। ਮੇਰੀਆਂ ਪੰਜ ਛੇ ਰਚਨਾਵਾਂ ਸੁਣਨ ਤੋਂ ਬਾਅਦ ਉਹ ਬੋਲਿਆ, ”ਕਾਕਾ ਤੇਰੀਆਂ ਰਚਨਾਵਾਂ ਕਿਸੇ ਪਰਪੱਕ ਲੇਖਕ ਦੀਆਂ ਲਿਖੀਆਂ ਲਗਦੀਆਂ ਨੇ। ਤੂੰ ਵਾਤਾਵਰਨ ਬੜਾ ਵਧੀਆ ਸਿਰਜ ਲੈਂਦਾ ਐ। ਚੰਗੇ ਲੇਖਕ ਦਾ ਇਹੀ ਸਭ ਤੋਂ ਵੱਡਾ ਗੁਣ ਹੁੰਦੈ ਕਿ ਉਹ ਪਾਠਕ ਨੂੰ ਨਾਲ ਜੋੜ ਕੇ ਰਚਨਾ ਦੇ ਨਾਲ ਹੀ ਵਹਾ ਲਵੇ। ਤੇਰੇ ‘ਚ ਇਹ ਗੁਣ ਹੈਗਾ।” ਲੇਖਕ ਦੀਆਂ ਇਹ ਗੱਲਾਂ ਮੈਨੂੰ ਦੂਣ-ਸਵਾਇਆ ਕਰ ਗਈਆਂ।   ਰਚਨਾਵਾਂ ਸੁਣਨ ਤੋਂ ਬਾਅਦ ਲੇਖਕ ਮੈਨੂੰ ਕੋਠੀ ਦੀ ਉਪਰਲੀ ਮੰਜ਼ਿਲ ਉਪਰ ਹੀ ਬਣੀ ਆਪਣੀ ਵਿਸ਼ਾਲ ਲਾਇਬ੍ਰੇਰੀ ਵਿੱਚ ਲੈ ਗਿਆ ਅਤੇ ਮੈਨੂੰ ਆਪਣੇ ਲਿਖੇ ਇੱਕ ਨਾਵਲ ਦੀਆਂ ਤਿੰਨ ਕਾਪੀਆਂ ਫੜਾ ਦਿੱਤੀਆਂ, ”ਕਾਕਾ ਇਹ ਇੱਕ ਨਾਵਲ ਦਾ ਮੁੱਲ ਇੱਕ ਸੌ ਸੱਤਰ ਰੁਪਏ ਐ, ਪਰ ਮੈਂ ਤੈਨੂੰ ਇਹ ਡੇਢ-ਡੇਢ ਸੌ ਦੇ ਤਿੰਨ ਦੇ ਦਿੰਨਾਂ, ਤੂੰ ਇਨ੍ਹਾਂ ਨੂੰ ਅੱਗੇ ਵੇਚ ਦੀਂ। ਨਾਵਲ ਵੇਚ ਕੇ ਉਹ ਪੈਸੇ ਆਪਣੇ ਕੋਲ ਹੀ ਰੱਖ ਲਈਂ, ਇਨ੍ਹਾਂ ਦੇ ਰੁਪਏ ਤੂੰ ਮੈਨੂੰ ਹੁਣੇ ਦੇਦੇ।”
    ਮਨ ਫਿਰ ਸੋਚੀਂ ਪੈ ਗਿਆ, ‘ਜੇ ਨਾ ਦਿੱਤੇ ਕਿਤੇ ਸਾਹਿਤ ਸਭਾ ਵਿੱਚ ਸ਼ਾਮਲ ਹੋਣ ਤੋਂ ਜਵਾਬ.. .। ਨਾਲੇ ਐਡੇ ਵੱਡੇ ਲੇਖਕ ਨੂੰ ਜਵਾਬ ਦੇਣ ਦੀ ਹਿੰਮਤ?’ ਮੈਂ ਉਸਦੀਆਂ ਸਾਰੀਆਂ ਗੱਲਾਂ ਸਾਧ ਦੇ ਭਗਤ ਵਾਂਗ ‘ਸੱਤ ਬਚਨ’ ਕਹਿ ਕੇ ਮੰਨ ਲਈਆਂ। ਉਸਨੇ ਤਿੰਨਾਂ ਨਾਵਲਾਂ ਦਾ ਸਾਢੇ ਚਾਰ ਸੌ ਰੁਪਈਆ ਪਹਿਲਾਂ ਹੀ ਫੜ੍ਹ ਲਿਆ। ਇਹ ਵੀ ਕਦੇ ਸਬੱਬੀ ਸਮਾਂ ਹੁੰਦਾ ਹੈ ਕਿ ਮੇਰੇ ਬਟੂਏ ਵਿੱਚ ਐਨੇ ਪੈਸੇ ਹੋਣ। ਉਸਨੇ ਮੇਰਾ ਫੋਨ ਨੰਬਰ ਲੈ ਲਿਆ ਕਿ, ”ਜਦੋਂ ਵੀ ਸਾਹਿਤ ਸਭਾ ਦੀ ਮੀਟਿੰਗ ਹੋਊਗੀ, ਤੈਨੂੰ ਬੁਲਾ ਲਮਾਂਗੇ।”
    ਮੈਂ ਘਰ ਆ ਕੇ ਨਾਵਲ ਰੱਖ ਦਿੱਤਾ। ਪਤਾ ਨਹੀਂ ਕਿਉਂ ਮੇਰਾ ਉਸ ਨਾਵਲ ਨੂੰ ਪੜ੍ਹਨ ਦਾ ਹੀਆ ਨਾ ਪਵੇ। ਫਿਰ ਇੱਕ ਦਿਨ ਦਿਲ ਕਰੜਾ ਜਿਹਾ ਕਰ ਕੇ ਪੜ੍ਹਨ ਬੈਠ ਗਿਆ। ਪਹਿਲਾਂ ਦੋ ਚਾਰ ਪੇਜ ਪੜ੍ਹੇ, ਅੱਗੇ ਪੜ੍ਹਨ ਨੂੰ ਦਿਲ ਨਾ ਕਰੇ ਫਿਰ ਮੈਨੂੰ ਉਸ ਨਾਵਲ ਦੇ ਦਿੱਤੇ ਰੁਪਏ ਯਾਦ ਆ ਗਏ। ਮੈਂ ਬਿਨ੍ਹਾਂ ਦਿਲਚਸਪੀ ਦੇ ਵੀ ਉਹ ਨਾਵਲ ਪੜ੍ਹ ਦਿੱਤਾ ਜਿਵੇਂ ਬਿਮਾਰੀ ਦੀ ਦਵਾਈ ਕੌੜੀ ਹੋਣ ਦੇ ਬਾਵਜੂਦ ਵੀ ਮੱਲੋ-ਮੱਲੀ ਸੰਘੋਂ ਹੇਠਾਂ ਕਰਨੀ ਪੈਂਦੀ ਹੈ। ਮੇਰਾ ਜੀ ਕੀਤਾ ਕਿ ਨਾਵਲ ਉਸਦੇ ਪੈਰਾਂ ਵਿੱਚ ਜਾ ਮਾਰਾਂ ਕਿ ਅਜਿਹਾ ਨਾਵਲ ਲਿਖੇ ਬਿਨਾਂ ਤੇਰਾ ਕੀ ਖੜ੍ਹਾ ਸੀ। ਪੰਜਾਬੀ ਦੇ ਪਾਠਕ ਤਾਂ ਪਹਿਲਾਂ ਹੀ ਗਿਣੇ-ਚੁਣੇ ਹਨ ਜੇ ਉਨ੍ਹਾਂ ਨੂੰ ਅਜਿਹਾ ਸਾਹਿਤ ਪੜ੍ਹਨ ਨੂੰ ਮਿਲੇਗਾ ਤਾਂ ਰਹਿੰਦੇ-ਖੂੰਹਦੇ ਉਹ ਵੀ ਭੱਜ ਜਾਣਗੇ। ਇਹ ਵੀ ਹੋ ਸਕਦੈ ਕਿ ਵਿਦਵਾਨਾਂ ਦੀ ਨਜ਼ਰ ਵਿੱਚ ਇਹ ਇੱਕ ਚੰਗਾ ਨਾਵਲ ਹੋਵੇ ਪਰ ਮੇਰੇ ਵਰਗੇ ਆਮ ਪਾਠਕ ਨੂੰ ਉਂਗਲ ਫੜ੍ਹ ਕੇ ਨਾਲ ਤੋਰ ਲੈਣ ਦੇ ਸਮਰੱਥ ਨਹੀਂ ਸੀ।    ‘ਹੋ ਸਕਦੈ ਉਹ ਮੇਰੇ ਬਿਨ੍ਹਾਂ ਕਿਸੇ ਹੋਰ ਪਾਠਕ ਨੂੰ ਪਸੰਦ ਹੀ ਆ ਜਾਵੇ ਅਤੇ ਉਸਨੂੰ ਖ਼ਰੀਦ ਲਵੇ।’ ਇਹ ਸੋਚ ਕੇ ਮੈਂ ਉਹ ਨਾਵਲ ਪਿੰਡ ਵਿੱਚ ਇੱਕ ਸਾਹਿਤ ਪ੍ਰੇਮੀ ਨੂੰ ਪੜ੍ਹਨ ਲਈ ਦੇ ਦਿੱਤਾ ਪਰ ਉਹ ਦੋ ਚਾਰ ਪੇਜ ਪੜ੍ਹ ਕੇ ਵਾਪਸ ਫੜ੍ਹਾ ਗਿਆ। ਫਿਰ ਘਰ ਆਏ ਇੱਕ ਹੋਰ ਸਾਹਿਤ ਪ੍ਰੇਮੀ ਨੂੰ ਵਿਖਾ ਦਿੱਤਾ। ਉਸਨੇ ਮੇਰੇ ਕੋਲ ਬੈਠੇ ਨੇ ਹੀ ਦੋ ਚਾਰ ਪੇਜ ਪਲਟ ਕੇ ਪੜ੍ਹੇ ਅਤੇ ”ਵਧੀਆ ਨੀ” ਕਹਿ ਕੇ ਥਾਂਏਂ ਰੱਖ ਦਿੱਤਾ। ਫਿਰ ਮੈਂ ਸੋਚਿਆ ਕਿ ‘ਕਿਉਂ ਕਿਸੇ ਸਾਹਿਤ ਪ੍ਰੇਮੀ ਦਾ ਸਾਹਿਤ ਨਾਲੋਂ ਨਾਤਾ ਤੋੜਨ ਲੱਗਿਆ ਹੈਂ। ਇੱਕ ਨਾਵਲ ਤਾਂ ਤੈਨੂੰ ਫਸੇ ਨੂੰ ਰੱਖਣਾ ਹੀ ਪਵੇਗਾ ਬਾਕੀ ਦੇ ਦੋ ਉਸੇ ਲੇਖਕ ਨੂੰ ਵਾਪਸ ਕਰ ਦਿੰਦਾ ਹਾਂ।’ ਮੀਟਿੰਗ ਵਾਲੇ ਦਿਨ ਮੈਂ ਦੋਵੇਂ ਨਾਵਲ ਉਸ ਅੱਗੇ ਲੈ ਜਾ ਰੱਖੇ, ”ਸਰ ਜੀ ਵਿਕੇ ਨੀ।”            ”ਕਾਕਾ ਅਜੇ ਕੀ ਹੋਇਐ, ਅਜੇ ਹੋਰ ਦੇਖ ਲੈ।”    ”ਠੀਕ ਐ ਜੀ।” ਮੈਂ ਕਹਿ ਕੇ ਫਿਰ ਵਾਪਸ ਲੈ ਆਇਆ।       ਅਗਲੀ ਮੀਟਿੰਗ ‘ਤੇ ਮੈਂ ਫਿਰ ਲੈ ਗਿਆ, ”ਆਹ ਲਓ ਸਰ, ਕਿਸੇ ਨੇ ਨੀ ਲਏ।”     ”ਕਾਕਾ! ਕਾਕਾ!! ਇਹ ਹੁਣ ਕਿਉਂ ਲਿਆਂਦੇ ਨੇ। ਰੱਖ ਲੈ ਤੂੰ ਹੀ!” ਉਹ ਨਾਵਲਾਂ ਵਾਲੇ ਲਿਫ਼ਾਫ਼ਾ ਤੋਂ ਇਸ ਤਰ੍ਹਾਂ ਪਰ੍ਹਾਂ ਹੋ ਗਿਆ ਜਿਵੇਂ ਮੈਂ ਉਸ ਵਿੱਚ ਨਾਵਲ ਨਹੀਂ ਕੋਈ ਜ਼ਹਿਰੀਲਾ ਸੱਪ ਬੰਦ ਕਰੀ ਫਿਰ ਰਿਹਾ ਹੋਵਾਂ।   ”ਪਰ ਸਰ ਜਦੋਂ ਵਿਕੇ ਨੀ ਮੈਂ ਇੱਕੋ ਨਾਵਲ ਦੀਆਂ ਤਿੰਨ ਕਾਪੀਆਂ ਦਾ ਕੀ ਕਰਨੈ। ਮੈਂ ਹੱਕ ਮੁਤਾਬਕ ਇੱਕ ਕਾਪੀ ਡੇਢ ਸੌ ਦੀ ਰੱਖ ਲਈ, ਤੁਹਾਨੂੰ ਸਿਰਫ਼ ਦੋ ਵਾਪਸ ਕਰ ਰਿਹਾਂ।”       ”ਨਹੀਂ.. .ਨਹੀਂ ਮੈਂ ਨੀ ਲੈਣੇ, ਤੂੰ ਹੀ ਰੱਖ ਲੈ।” ਉਹ ਦੋਵੇਂ ਹੱਥ ਹਵਾ ਵਿੱਚ ਛੰਡਦਾ ਫਿਰ ਪਿੱਛੇ ਹਟ ਗਿਆ।              ਮੈਂ ਦੋਵੇਂ ਨਾਵਲ ਨਾ ਚਾਹੁੰਦਿਆਂ ਵੀ ਵਾਪਸ ਲੈ ਆਇਆ। ਘਰ ਆਏ ਨੂੰ ਮੇਰੀ ਹਮਸਫ਼ਰ ਨੇ ਪੁੱਛਿਆ, ”ਜੀ ਤੁਸੀਂ ਇਹ ਨਾਵਲ ਹਰੇਕ ਮੀਟਿੰਗ ਤੇ ਲੈ ਜਾਂਦੇ ਓ, ਫੇਰ ਵਾਪਸ ਲੈ ਆਉਂਦੇ ਓ।”
    ਮੈਂ ਉਸਨੂੰ ਕੀ ਦੱਸਦਾ? ਅਖ਼ੀਰ ਬਹਾਨਾ ਮਾਰ ਦਿੱਤਾ, ”ਉਹ ਲੇਖਕ ਮੀਟਿੰਗ ਤੇ ਈ ਨੀ ਪਹੁੰਚਿਆ ਹੁਣ ਕਦੇ।” ਉਸ ਦਿਨ ਮੈਨੂੰ ਦੇਰ ਰਾਤ ਤੱਕ ਨੀਂਦ ਨਹੀਂ ਆਈ। ਸੋਚਦਾ ਰਿਹਾ ਕਿ ‘ਲੇਖਕ ਅਜਿਹੇ ਵੀ ਹੁੰਦੇ ਹਨ? ਮੇਰੇ ਮਨ ‘ਚ ਤਾਂ ਲੇਖਕਾਂ ਦੀ ਸ਼ਖ਼ਸੀਅਤ ਬੜੀ ਸਿੱਧੀ-ਸਾਦੀ, ਵਿਖਾਵੇ ਤੋਂ ਰਹਿਤ, ਭੋਲ਼ੀ-ਭਾਲ਼ੀ ਬਣੀ ਹੋਈ ਸੀ ਫਿਰ ਵਿੱਚ ਅਜਿਹੇ ਲੇਖਕ ਕਿਉਂ ਘੁਸਪੈਠ ਕਰ ਗਏ? ਜਿਹੜੇ ਲੇਖਕ ਆਪ ਠੱਗ ਹੋਣ ਉਹ ਸਮਾਜ ਨੂੰ ਕੀ ਸੇਧ ਦੇਣਗੇ? ਉਸਨੂੰ ਤਾਂ ਮਹਿਲਾਂ ਦੇ ਮਾਲਕ ਨੂੰ ਤਿੰਨ ਸੌ ਨਾਲ ਕੋਈ ਫਰਕ ਨਹੀਂ ਸੀ ਪੈਣਾ। ਪਰ ਮੈਨੂੰ ਕਾਠ ਦੀ ਛੱਤ ਵਾਲੇ, ਟੁੱਟੇ ਜਿਹੇ ਦੋ ਕਮਰਿਆਂ ਦੇ ਮਾਲਕ ਨੂੰ ਜ਼ਰੂਰ ਫ਼ਰਕ ਪੈ ਜਾਣਾ ਸੀ ਜਿਸਦੇ ਕਮਰਿਆਂ ਦੀਆਂ ਕਈ ਟੁੱਟੀਆਂ ਕੜੀਆਂ ਵੀ ਬਦਲਣ ਵਾਲੀਆਂ ਪਈਆ ਹਨ ਪਰ ਹਰ ਵਾਰ ਅੱਗੇ ਪਾ ਦਿੰਦਾ ਸਾਂ।’ ਖ਼ੈਰ, ਮੈਂ ਪਏ-ਪਏ ਨੇ ਪੱਕਾ ਨਿਸ਼ਚਾ ਕਰ ਲਿਆ ਕਿ ਓਹ ਚਾਹੇ ਮੈਨੂੰ ਰੁਪਏ ਮੋੜੇ ਜਾਂ ਨਾ, ਮੈਂ ਉਸਦੇ ਨਾਵਲ ਜ਼ਰੂਰ ਮੋੜਾਂਗਾ। ਹੋ ਸਕਦੈ ਬੇਸ਼ਰਮ ਹੋ ਕੇ ਰੁਪਏ ਹੀ ਮੋੜ ਦੇਵੇ।
    ਅਗਲੀ ਮੀਟਿੰਗ ਤੇ ਮੈਂ ਉਸਦੇ ਦੋਵੇਂ ਨਾਵਲ ਨਾਲ ਲੈ ਗਿਆ ਅਤੇ ਮੌਕਾ ਮਿਲਦੇ ਹੀ ਉਸਦੇ ਅੱਗੇ ਜਾ ਸੁੱਟੇ। ਉਹ ਬੋਲਣ ਲੱਗਿਆ ਪਰ ਮੈਂ ਉਸਦੇ ਬੋਲਣ ਤੋਂ ਵੱਧ ਤੇਜੀ ਨਾਲ ਪਿੱਛੇ ਹਟ ਕੇ ਦੂਰ ਜਾ ਬੈਠਿਆ। ਮੈਨੂੰ ਉਮੀਦ ਸੀ ਕਿ ਹੁਣ ਉਹ ਮੈਨੂੰ ਰੁਪਏ ਜ਼ਰੂਰ ਵਾਪਸ ਕਰ ਦੇਵੇਗਾ। ਪਰ ਮੇਰੀ ਉਮੀਦ, ਉਮੀਦ ਹੀ ਰਹਿ ਗਈ। ਉਸ ਤੋ ਬਾਅਦ ਕਿੰਨੀਆਂ ਹੀ ਮੀਟਿੰਗਾਂ ਹੋ ਗਈਆਂ, ਉਸ ਤੋਂ ਬਾਅਦ ਮੇਰੀਆਂ ਆਪਣੀਆਂ ਦੋ ਕਿਤਾਬਾਂ ਵੀ ਛਪ ਗਈਆਂ ਪਰ ਉਸਨੇ ਮੇਰੇ ਰੁਪਏ ਵਾਪਸ ਨਹੀਂ ਕੀਤੇ ਸਨ। ਹੁਣ ਤੱਕ ਤਾਂ ਉਹ ਮੇਰੇ ਰੁਪਈਆਂ ਦੀ ਧੁਰ ਦੀ ਟਿਕਟ ਕਟਾ ਕੇ ਇਸ ਸੰਸਾਰ ਨੂੰ ਅਲਵਿਦਾ ਵੀ ਆਖ ਗਿਆ ਹੈ। ਉਹ ਸਾਢੇ ਚਾਰ ਸੌ ਰੁਪਏ ਲੁੱਟੇ ਜਾਣ ਦਾ ਦੁੱਖ ਅੱਜ ਵੀ ਮੇਰੇ ਦਿਲ ‘ਚ ਕੱਚੀ ਕੰਧ ‘ਚ ਗੱਡੇ ਕਿੱਲ ਵਾਂਗ ਖੁੱਭਿਆ ਪਿਆ ਹੈ।    

    ਪਰਗਟ ਸਿੰਘ ਸਤੌਜ ਦੀਆਂ ਕੁਝ ਪੁਸਤਕਾਂ

    ਪਰਗਟ ਸਿੰਘ ਸਤੌਜ          

    ਪਿੰਡ ਸਤੌਜ, ਡਾਕ ਧਰਮਗੜ੍ਹ          

    ਜ਼ਿਲ੍ਹਾ ਸੰਗਰੂਰ 148028          

    ਮੋਬ. 9417241787
          8728874200

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!