ਰਜਨੀ ਵਾਲੀਆ, ਕਪੂਰਥਲਾ
ਅੱਜ ਮਜਦੂਰ ਫੇਰ ਗਿਆ,
ਮਜਦੂਰੀ ਤੇ।
ਕੰਮ ਦੀ ਭਾਲ ਚ,
ਖੜੈ ਚੌਂਕ ਮਜਬੂਰੀ ਤੇ।
ਡੁੱਲਦਾ ਹੋਇਆ ਤੇਰਾ,
ਅੱਜ ਪਸੀਨਾਂ ਬਣਜਾਂ।
ਡਿੱਗਦਿਆਂ ਸਾਰ ਹੀ,
ਧਰਤੀ ਉੱਤੇ ਨਗੀਨਾ ਬਣਜਾਂ।
ਜਿਸਦੇ ਘਰ ਵਿੱਚ
ਭੁੱਖੇ ਸਦਾ ਹੀ ਸੌਣ ਨਿਆਣੇਂ।
ਜਿਸਦੀ ਮੱਟੀ ਦੇ ਵਿੱਚ,
ਤਰਲੇ ਲੈਂਦੇ ਦਾਣੇਂ।
ਜਿਸਦੇ ਸਿਰ ਦੇ ਉੱਪਰ,
ਹੁੰਦੀ ਏ ਪੰਡ ਭਾਰੀ।
ਘਰ ਵਿੱਚ ਜਿਸਦੇ ਹੁੰਦੀ,
ਏ ਇੱਕ ਭੈਣ ਕੁਆਰੀ।
ਸਾਰੇ ਘਰਦੇ ਜੀਅ,
ਜਿਸਦੇ ਅਵਾਜ਼ਾਰ ਹੁੰਦੇ ਨੇ।
ਮਾਂ,ਪਿਓ,ਪਤਨੀ,ਬੱਚੇ,
ਭਰਾ ਵੀ ਚਾਰ ਹੁੰਦੇ ਨੇੰ।
ਘਰੋਂ ਤੁਰਨ ਲੱਗੇ ਨੂੰ,
ਬੰਨ੍ਹ ਕੇ ਦੇਵੇ ਡੱਬਾ ਵਹੁਟੀ।
ਮਿਲਦਾ ਨਈਂ ਜਦ ਕੰਮ,
ਤੇ ਖਾਂਦਾ ਨਈਂ ਓ ਰੋਟੀ।
ਸੋਚੇ ਮੈਂ ਨਈਂ ਖਾਂਦਾ,
ਘਰੇ ਜੀਆਂ ਦੇ ਕੰਮ ਆਵੇਗੀ।
ਅੱਜ ਨਹੀਂ ਪੈਸੇ ਜੁੜਨੇ,
ਕੀ ਮੇਰੀ ਮਾਂ ਖਾਵੇਗੀ।
ਸਾਈਕਲ ਦਾ ਸਮਰਾਟ ਵੀ,
ਹੁਣ ਤਾਂ ਟੁੱਟਿਆ ਫਿਰਦੈ।
ਮਿਲਦੀ ਨਾ ਮਜਦੂਰੀ,
ਅੱਖੋਂ ਹੰਝੂ ਕਿਰਦੈ।
ਰਾਜ ਦੱਸ ਮੇਰੇ
ਮੁਲਕ ਚ ਮਜ਼ਦੂਰ ਦੀ,
ਕੌਮ ਦਾ ਕਦੋਂ ਕੂ ,
ਤੱਕ ਸੁਧਾਰ ਮਿਲੇਗਾ।
ਕਦ ਤੱਕ ਮਹਿਲ ਉਸਾਰਨ
ਵਾਲੇ ਨੂੰ ਵੀ ਸਤਿਕਾਰ ਮਿਲੇਗਾ।