ਐਡਵੋਕੇਟ ਸ਼ੁਕਰਗੁਜ਼ਾਰ ਸਿੰਘ
ਸੰਗ ਅੱਖਰ, ਅੱਖਰ ਜੁੜਦਾ ਹੈ,
ਅੱਖਰ ਨੂੰ ਸ਼ਬਦ ਬਣਾਵਣ ਲਈ।
ਅੱਖਰ ਜੋ ਸ਼ਬਦ ਬਣਾਉਂਦੇ ਨੇ,
ਜੁੜ ਜਾਂਦੇ ਵਾਕ ਸੁਣਾਵਣ ਲਈ।
ਖੇਡਾਂ ਇਹ ਵਾਕ ਵੀ ਖੇਡਣ ਜੀ,
ਇਹ ਖੇਡਣ ਕੁਝ ਸਮਝਾਵਣ ਲਈ।
ਵਾਕ ਤਾਂ ਹਰ ਪਲ ਜਿਉੰਦੇ ਨੇ,
ਦੁਖੀਆਂ ਦਾ ਦੁੱਖ ਵੰਡਾਵਣ ਲਈ।
ਸ਼ਬਦ ਵਾਕ ਬਣ ਗ਼ਜ਼ਲ ਜਾਵਣ,
ਜਾਂ ਬਣਦੇ ਖੁੱਲੀ ਕਵਿਤਾ ਜੀ।
ਅੱਖਰਾਂ ਤੋਂ ਕਵਿਤਾ ਬਣਦੀ ਹੈ,
ਹਰ ਕਵੀ ਦੀ ਕਵਿਤਾ ਕਵਿਤਾ ਜੀ।
ਕਵਿਤਾ ਤੇ ਮਾਣ ਹੈ ਭਾਸ਼ਾ ਦਾ,
ਕਵਿਤਾ ਤੇ ਭਾਵ ਹੈ ਅੰਦਰ ਦਾ।
ਇਹ ਕਵਿਤਾ ਸੋਝੀ ਪਾਉਂਦੀ ਏ,
ਰੱਬ ਇੱਕੋ ਮਸਜਿਦ ਮੰਦਿਰ ਦਾ।
ਹੈ ਕਵਿਤਾ ਭਾਸ਼ਾ ਫੱਕਰਾਂ ਦੀ,
ਤੇ ਗੀਤ ਹੈ ਮਸਤ ਕਲੰਦਰ ਦਾ।
ਇਹ ਗਹਿਰੀ ਅਤੇ ਗੰਭੀਰ ਵੀ ਹੈ,
ਜੋ ਦੱਸਦੀ ਰਾਜ ਸਮੁੰਦਰ ਦਾ।
ਜਿਸ ਕਵੀ ਦੇ ਕਰਕੇ ਇਹ ਕਵਿਤਾ,
ਅੱਜ ਕਵਿਤਾ ਪਈ ਕਹਿਲਾਉਂਦੀ ਏ।
ਇਹ ਕਵਿਤਾ ਦੀ ਜ਼ਰਾ ਨਿਵਾਜ਼ੀ ਏ,
ਹਰ ਕਵੀ ਨੂੰ ਸੀਸ ਨਿਵਾਉਂਦੀ ਏ।
ਸਾਡੀ ਹਿੰਮਤ ਟੁੱਟਣ ਦੇਂਦੀ ਨਾ,
ਤੇ ਕਵਿਤਾ ਦਵੇ ਦਿਲਾਸੇ ਵੀ।
ਸਾਡੇ ਦੁੱਖੜੇ ਕਵਿਤਾ ਰੋਂਦੀ ਏ,
ਤੇ ਕਵਿਤਾ ਵੰਡਦੀ ਹਾਸੇ ਵੀ।
ਇਹ ਘਰ ਪਰਿਵਾਰ ਵੀ ਕਵਿਤਾ ਏ,
ਇਹ ਦੇਂਦੀ ਹੈ ਸ਼ਾਬਾਸ਼ੇ ਵੀ।
ਕੁਦਰਤ ਵਿੱਚ ਕਵਿਤਾ ਵੱਸਦੀ ਏ,
ਸਾਡੇ ਆਸੇ ਵੀ ਸਾਡੇ ਪਾਸੇ ਵੀ।
ਹੈ ਮਾਂ ਦਾ ਰੂਪ ਵੀ ਕਵਿਤਾ ਜੀ,
ਹੈ ਬਾਪੂ ਦੀ ਹੱਲਾਸ਼ੇਰੀ ਜੀ।
ਭੈਣ ਭਾਈ ਦਾ ਪਿਆਰ ਯਾਰੋ,
ਕਵਿਤਾ ਵਿੱਚ ਬੜੀ ਦਲੇਰੀ ਜੀ।
ਮੁਹੱਬਤ ਵਰਸਾਉਂਦੀ ਹੈ ਕਵਿਤਾ,
ਦੁੱਖ ਦਰਦ ਵੰਡਾਉਂਦੀ ਹੈ ਕਵਿਤਾ।
ਹਰ ਰਿਸ਼ਤੇ ਦੀ ਗੱਲ ਕਰਦੀ ਹੈ,
ਰਿਸ਼ਤੇ ਨੂੰ ਨਿਭਾਉਂਦੀ ਹੈ ਕਵਿਤਾ।
ਹੰਝੂਆਂ ਨੂੰ ਹਾਸੇ ਬਖਸ਼ ਦੇਵੇ,
ਰੋਂਦੇ ਨੂੰ ਹਸਾਉਂਦੀ ਹੈ ਕਵਿਤਾਂ।
ਸੱਜਣ ਜੋ ਦੂਰੀ ਪਾ ਬੈਠਾ,
ਰੁੱਸੇ ਨੂੰ ਮਨਾਉਂਦੀ ਹੈ ਕਵਿਤਾ।
ਧਰਤੀ ਦੀ ਬਣਕੇ ਰਹਿੰਦੀ ਹੈ,
ਸਦ ਅੰਬਰ ਦਾ ਸਤਿਕਾਰ ਕਰੇ।
‘ਸ਼ੁਕਰ’ ਦੀ ਕਵਿਤਾ ਸ਼ੁਕਰ ਕਰੇ,
ਦਾਤੇ ਦਾ ਸ਼ੁਕਰਗੁਜ਼ਾਰ ਕਰੇ।
ਸ਼ੁਕਰਗੁਜ਼ਾਰ ਸਿੰਘ ਐਡਵੋਕੇਟ
ਜੰਡਿਆਲਾ ਗੁਰੂ ਅੰਮ੍ਰਿਤਸਰ।