ਨਿਰਮਲ ਜੌੜਾ
ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ , ਸ਼੍ਰੋਮਣੀ ਸ਼ਾਇਰ ਗੁਰਭਜਨ ਗਿੱਲ ਦਾ ਤੋਰਾ ਫੇਰਾ ਕਾਫੀ ਆ ਪਰ ਜਨਾਬ ਨੂੰ ਕਾਰ ਚਲਾਉਣੀ ਨਹੀਂ ਆਉਂਦੀ । ਉਹ ਕਦੇ ਡਰਾਈਵਰ ਸੀਟ ਤੇ ਬੈਠੇ ਈ ਨਹੀਂ । ਜਦੋਂ ਕਿਸੇ ਸਮਾਗਮ ‘ਤੇ ਜਾਣਾ ਹੁੰਦਾ ਤਾਂ ਕਿਸੇ ਮਿੱਤਰ ਪਿਆਰੇ ਨੂੰ ਸ਼ਿੰਗਾਰਨਾ ਪੈਂਦਾ ਜਾਂ ਫਿਰ ਸੱਦਣ ਵਾਲੇ ਕੋਈ ਪ੍ਰਬੰਧ ਕਰਦੇ ਆ ।ਇਹ ਗੱਲ ਉਹਨਾ ਦੇ ਦਾਇਰੇ ਵਿੱਚ ਚਰਚਤ ਹੈ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸੰਚਾਰ ਕੇਂਦਰ ਵਿੱਚ ਕੰਮ ਕਰਦਿਆਂ ਉਮਰ ਅਤੇ ਰੁਤਬੇ ਵਿੱਚ ਵੱਡੇ ਹੋਣ ਦੇ ਬਾਵਯੂਦ ਵੀ ਮੈ ਉਹਨਾ ਨਾਲ ਬਹਿਸ ਕਰਦਾ ਰਿਹਾਂ ਕਿ ‘ ਤੁਸੀਂ ਕਾਰ ਚਲਾਉਣੀ ਸਿੱਖਲੋ , ਅੱਜ ਦੇ ਜ਼ਮਾਨੇ ਵਿੱਚ ਜੀਹਨੂੰ ਡਰਾਈਵਿੰਗ ਨਹੀਂ ਆਉਂਦੀ ਉਹ ਬੰਦਾ ਕੰਮ ਧੰਦੇ ਵਲੋਂ ਅੱਧਾ ਰਹਿ ਜਾਂਦਾ ‘ । ਉਹਨਾ ਨੇ ਹਮੇਸ਼ਾ ਬੇਪਰਵਾਹੀ ਨਾਲ ਜਵਾਬ ਦੇਣਾ , ‘ ਕੋਈ ਨੀ ਮੇਰੇ ਅੱਧੇ ਕੰਮ ਹੋ ਜਾਣ ਉਹੀ ਬਹੁਤ ਆ , ਤੁਸੀਂ ਕਾਰਾਂ ਚਲਾ ਚਲਾ ਕੇ ਆਪਣੇ ਸਾਰੇ ਕੰਮ ਪੂਰੇ ਕਰਲੋ ‘ । ਕਈ ਵਾਰੀ ਤਾਂ ਉਹ ਗੁੱਸੇ ਵੀ ਹੋ ਜਾਂਦੇ , ‘ ਉਹ ਯਾਰ , ਨਹੀਂ ਕੋਈ ਕਾਰ ਤੇ ਲੈਕੇ ਜਾਊ , ਸਕੂਟਰ ਤਾਂ ਨੀ ਕਿਤੇ ਗਿਆ , ਨਹੀਂ ਤਾ ਬੱਸਾਂ ਕਾਹਦੇ ਵਾਸਤੇ ਆ ‘। ਵੈਸੇ ਉਹਨਾ ਦਾ ਸਰੀ ਵੀ ਜਾਂਦਾ । ਮਿੱਤਰ ਪਿਆਰੇ ਉਹਨਾ ਨੂੰ ਖੁਸ਼ੀ ਖੁਸ਼ੀ ਆਪਣੇ ਨਾਲ ਲੈਕੇ ਜਾਂਦੇ ਆ । ਉਹਨਾ ਨਾਲ ਜਾਂਦਿਆ ਬਹੁਤ ਕੁਝ ਪੱਲੇ ਪੈਂਦਾ , ਕਾਫੀ ਜਾਣਕਾਰੀ ਮਿਲ ਜਾਂਦੀ ਇਸ ਕਰਕੇ ਉਹਨਾ ਦੀ ਸੰਗਤ ਸੁਭਾਗ ਈ ਆ। ਕਿਸੇ ਰਿਸ਼ਤੇਦਾਰੀ ਵਿੱਚ ਜਾਣਾ ਹੋਵੇ ਤਾਂ ਪੁਨੀਤ ਲੈ ਜਾਂਦਾ ਜਾਂ ਉਹ ਫਿਰ ਗੱਲਾਂ ਬਾਤਾਂ ਕਰਕੇ ਅੰਟੀ ਨੂੰ ਕਾਰ ਚਲਾਉਣ ਲਈ ਰਾਜ਼ੀ ਕਰ ਲੈਂਦੇ ਆ। ਅੰਟੀ ਕਾਰ ਵਧੀਆ ਚਲਾ ਲੈਂਦੇ ਆ। ਇੱਕ ਦਿਨ ਮੈਂ ਤੇ ਜਸਮੇਰ ਸਿੰਘ ਢੱਟ ਉਹਨਾ ਦੇ ਘਰੇ ਗਏ ਤਾਂ ਅੰਟੀ ਮੈਨੂੰ ਆਖਣ,’ ਤੂੰ ਵੀ ਨਿਕੰਮਾ ਈ ਕਾਕਾ , ਏਹਨਾ ਨੂੰ ਕਾਰ ਚਲਾਉਣੀ ਤਾਂ ਸਿਖਾ ਦੇਣੀ ਸੀ ਹੁਣ ਤੱਕ , ਸਾਰਾ ਦਿਨ ਨਾਲ ਤੁਰਿਆ ਫਿਰਦਾ ਰਹਿਨਾ ‘। ਅੰਟੀ ਦੇ ਕਹਿਣ ਦੀ ਦੇਰ ਸੀ ਮੈਨੂੰ ਵੀ ਮੌਕਾ ਮਿਲ ਗਿਆ,’ ਮਂੈ ਤਾਂ ਅੰਟੀ ਪਿਛਲੇ ਪੱਚੀ ਸਾਲਾਂ ਤੋਂ ਰੌਲਾ ਪਾਉਣਾ ਬਈ ਸਿੱਖਲੋ ਕਾਰ ਚਲਾਉਣੀ ‘। ਪੱਗ ਦੀ ਪੂਣੀ ਕਰਵਾਉਂਦਿਆਂ ਗਿੱਲ ਸਾਹਿਬ ਨੇ ਬੇਪਰਵਾਹੀ ਨਾਲ ਡਰਾਈਵਰੀ ਵਾਲੀ ਗੱਲ ਦਾ ਸਟੇਰਿੰਗ ਮੋੜਦਿਆਂ ਕਿਹਾ, ‘ ਉਏ ਨਿਰਮਲ ਸਿਹਾਂ, ਜਿਵੇਂ ਹੁਣ ਤੱਕ ਲਾਂਗੀ ਉਵੇਂ ‘ਗਾਂਹ ਵੀ ਲੰਗਜੂ , ਜਿੰਨਾ ਨੂੰ ਕਾਰਾਂ ਚਲਾਉਣੀਆਂ ਆਉਂਦੀਆਂ ਉਹ ਢਾਹ ਲੈਣ ਦਿੱਲੀ ਦੇ ਕਿੰਗਰੇ ਜਿਹੜੇ ਢਾਉਣੇ ਆਂ ‘।
ਜਦੋਂ ਉਹ ਯੂਨਵਰਸਿਟੀ ਤੋਂ ਸੇਵਾ ਮੁਕਤ ਹੋਏ ਤਾਂ ਮੈਨੂ ਲਗਦਾ ਸੀ ਹੁਣ ਉਹ ਕਾਰ ਚਲਾਉਣੀ ਸਿੱਖ ਲੈਣਗੇ । ਪਰ ਉਸ ਵੇਲੇ ਤੱਕ ਸ਼ੋਸ਼ਲ ਮੀਡੀਏ ਨੇ ਪੈਰ ਪਸਾਰਲੇ ਸੀ । ਵੱਟਸ ਐਪ ਅਤੇ ਫੇਸ ਬੁੱਕ ਆਮ ਹੋ ਗਈ । ਪਤਾ ਨੀ ਕਿਹੜੇ ਟੈਮ ਉਹਨਾ ਨੇ ਇਹ ਟਰੇਨਿੰਗ ਕਿਥੋਂ ਲੈ ਲਈ, ਉਹਨਾ ਦੀਆਂ ਉੰਗਲਾਂ ਤਾਂ ਮੋਬਾਈਲ ਫੋਨ ਤੇ ਘਘਾਹਟ ਪਾਉਣ ਲਾਗੀਆਂ । ਉਹ ਤਾਂ ਦੇਖਦੇ ਦੇਖਦੇ ਵਟਸ ਐਪ ਕਿੰਗ ਬਣਗੇ । ਕਈ ਗਰੁੱਪਾਂ ਦੇ ਐਡਮਿਨ , ਸਵੇਰੇ ਛੇ ਵਜੇ ਤੋਂ ਪਹਿਲਾਂ ਪਹਿਲਾਂ ਦੀਨ ਦੁਨੀਆਂ ਦੀਆਂ ਖਬਰਾਂ , ਸਾਹਿਤਕ ਰਚਨਾਵਾਂ ਉਹ ਦੇਸ ਵਿਦੇਸ਼ ਭੇਜ ਦਿੰਦੇ ।ਕਿਸੇ ਨੂੰ ਕਿਸੇ ਜਾਣਕਾਰੀ ਦੀ ਲੋੜ ਹੋਵੇ ਤਾਂ ਉਹਨਾ ਦੇ ਡੇਰੇ ਜਾ ਪਹੁੰਚਦਾ । ਨਵਦੀਪ ਗਿੱਲ ਨੇ ਤਾਂ ਉਹਨਾ ਨੂੰ ਗੂਗਲ ਅੰਕਲ ਦਾ ਰੁਤਬਾ ਵੀ ਦੇ ਦਿੱਤਾ।
ਪਿਛਲੇ ਸਾਲ ਇੱਕ ਦਿਨ ਜਸਵਿੰਦਰ ਭੱਲਾ, ਬਾਲ ਮੁਕੰਦ ਸ਼ਰਮਾ ਤੇ ਮੈ ਲੁਧਿਆਣੇ ਸੰਧੂ ਸਟੂਡੀਓ ‘ਤੇ ਉਹਨਾ ਕੋਲ ਬੈਠੇ ਸੀ । ਕਾਰ ਵਾਲੀ ਗੱਲ ਚੱਲੀ ਤਾਂ ਭੱਲਾ ਭਾਅ ਜੀ ਹੱਸਦੇ ਹੱਸਦੇ ਗਿੱਲ ਸਾਹਿਬ ਨੂੰ ਆਖਣ ਲੱਗੇ , ‘ ਅੰਕਲ ਸ਼੍ਰੀ ਥੋਡੇ ਹੱਥ ਜਿੰਨੀ ਫੁਰਤੀ ਨਾਲ ਵੱਟਸ ਐਪ ਤੇ ਫੇਸ ਬੁੱਕ ਉਤੇ ਬਿਨਾ ਅਕੇਂਵੇ ਥਕਂੇਵੇ ਦੇ ਚਲਦੇ ਆ ਜੇ ਕਿਤੇ ਗੱਡੀ ਦੇ ਸਟੇਰਿੰਗ ਉਤੇ ਚਲਦੇ ਹੋਣ ਤਾਂ ਸੁਆਦ ਆਜੇ ‘। ਆਪਣੇ ਮੋਬਾਈਲ ਫੋਨ ਦੀ ਸਕਰੀਨ ਨੂੰ ਸਾਫ ਕਰਦਿਆ ਗਿੱਲ ਸਾਹਿਬ ਆਖਣ ਲੱਗੇ ‘ ਓ ਭੱਲਾ ਦੀ ਗਰੇਟ , ਜੇ ਏਸ ਉਮਰ ‘ਚ ਵੀ ਕਾਰ ਆਪ ਚਲਾਉਣੀ ਆਂ ਤਾਂ ਫੇਰ ਥੋਡੇ ਵਰਗੀ ਸਿਆਣੀ ਔਲਾਦ ਨੂੰ ਪਾਲਣ ਦੀ ਕੀ ਫਾਇਦਾ’। ਅੱਗੋਂ ਬਾਲ ਮੁਕੰਦ ਸ਼ਰਮਾ ਨੇ ਸੁਭਾਵਕ ਹੀ ਸਵਾਲ ਕੀਤਾ ,’ਵੈਸੇ ਗਿੱਲ ਸਾਹਿਬ ਕਾਰ ਚਲਾਉਣੀ ਸਿੱਖਣ ਵਿੱਚ ਕੀ ਹਰਜ਼ ਆ ?’। ਗਿੱਲ ਸਾਹਿਬ ਨੇ ਸਹਿਜੇ ਹੀ ਜਵਾਬ ਦੇਤਾ , ‘ ਹਰਜ਼ ਏਹ ਆ ਬਾਲੇ ਪੁੱਤ ਕਿ ਦੁਨੀਆਂ ‘ਤੇ ਪਰਦੂਸ਼ਨ ਕਰਨ ਵਾਲਿਆਂ ਵਿੱਚ ਇੱਕ ਬੰਦੇ ਦਾ ਹੋਰ ਵਾਧਾ ਹੋਜੂ , ਮੈਂ ਵੀ ਤੁਰਿਆ ਫਿਰੂੰ ‘ਕੱਲਾ ਗੱਡੀ ਲੈਕੇ ਹਰਲ ਹਰਲ ਕਰਦਾ , ਮੈ ਤਾ ਕਹਿਨਾ ਕਿ ਜਿੰਨੀਆਂ ਸੀਟਾਂ ਉਹਨੇ ਬੰਦੇ ਜ਼ਰੂਰੀ ਹੋਣੇ ਚਾਹੀਦਾ ਆ ਕਾਰ ਵਿੱਚ , ਨਹੀਂ ਤਾਂ ਚਲਾਣ ਹੋਵੇ ‘ । ਸਾਡੀ ਤਿੰਨਾ ਦੀ ਨਿਗ੍ਹਾ ਇੱਕ ਦਮ ਬਾਹਰ ਖੜੀਆਂ ਆਪਣੀਆਂ ਆਪਣੀਆਂ ਕਾਰਾਂ ਤੇ ਗਈ । ਕੋਲ ਬੈਠੇ ਸੰਧੂ ਭਾਅ ਜੀ ਬੋਲ ਪਏ , ‘ ਨਾਲੇ ਯਾਰ ‘ਕੱਠੇ ਜਾਣ ਨਾਲ ਸੌ ਦੁਖ ਸੁਖ ਹੋ ਜਾਂਦਾ ‘ ਗੱਲ ਨੂੰ ਅੱਗੇ ਤੋਰਦਿਆਂ ਸੰਧੂ ਸਾਹਿਬ ਨੇ ਆਪਣੇ ਹੱਥ ਦੀ ਇੱਕ ਉੰਗਲ ਉੱਪਰ ਕਰਦਿਆਂ ਇਕਾਰਗਤਾ ਨਾਲ ਕਿਹਾ , ‘ ਇੱਕ ਹੋਰ ਗੱਲ, ਜਿਹੜਾ ਕੰਮ ਗਿੱਲ ਸਾਹਿਬ ਵੱਟਸ ਐਪ ਤੇ ਕਰਦੇ ਆ ਉਹ ਡਰਾਈਵਰੀ ਤੋਂ ਜ਼ਿਆਦਾ ਕੀਮਤੀ ਆ , ਉਹਦੀ ਲੋੜ ਵੀ ਆ , ਸੋਹਣੀਆਂ ਸੋਹਣੀਆਂ ਸਾਹਿਤਕ ਰਚਨਾਵਾਂ , ਨਿੱਕੇ ਨਿੱਕੇ ਜ਼ਿੰਦਗੀ ਨੂੰ ਸੇਦ ਦੇਣ ਵਾਲੇ ਟੋਟਕੇ , ਢਾਰਸ ਦੇਣ ਵਾਲੀ ਗੱਲਾਂ ਸਭ ਨਾਲ ਸਾਂਝੀਆਂ ਕਰ ਲੈਂਦੇ ਆ ‘।

ਪਿਛਲੇ ਹਫਤੇ ਲਾਕਡਾਊਨ ਵਿੱਚ ਮੈਂ ਆਪਣੇ ਘਰ ਦੀ ਛੱਤ ਉਤੇ ਸੈਰ ਕਰਕੇ ਉੱਪਰ ਹੀ ਬੈਠ ਗਿਆ , ਮੌਸਮ ਵਧੀਆ ਸੀ , ਚਾਰੇ ਪਾਸੇ ਸ਼ਾਂਤ ਵਾਤਾਵਰਨ ।ਪੰਜਾਬ ਯੂਨੀਵਰਸਿਟੀ ਵੱਲੋਂ ਆਨਲਾਈਨ ਯੂਥ ਵਰਕਸ਼ਾਪ ਵਿੱਚ ਲੈਕਚਰ ਕਰਵਾਉਣ ਲਈ ਮੈਂ ਜਸਵਿੰਦਰ ਭੱਲਾ ਨੂੰ ਫੋਨ ਕੀਤਾ ।ਕੋਰੋਨਾ ਵਾਇਰਸ ਦੀ ਚਰਚਾ ਕਰਦਿਆਂ ਕਰਦਿਆਂ ਭੱਲਾ ਭਾਅ ਜੀ ਮੈਨੂੰ ਆਖਣ ਲੱਗੇ, ‘ ਮੈਂ ਕੋਠੇ ਤੋਂ ਖੜਾ ਦੇਖ ਰਿਹਾਂ , ਕਿੰਨਾ ਸ਼ਾਂਤ ਮਹੌਲ ਹੋਇਆ ਪਿਆ ਯਾਰ , ਚਾਰੇ ਪਾਸੇ ਘਰਾਂ ਮੂਹਰੇ ਗੱਡੀਆਂ ਕਾਰਾਂ ਵੀ ਸ਼ਾਂਤ ਖੜੀਆਂ ‘।ਭੱਲਾ ਭਾਅ ਜੀ ਗੱਲ ਸੁਣਦਿਆਂ ਮੈਂ ਵੀ ਚਾਰੇ ਪਾਸੇ ਦੇਖਿਆ ਕਿ ਸਿਰੇ ਤੱਕ ਕੋਠੀਆਂ ਦੇ ਮੂਹਰੇ ਅਤੇ ਫਲੈਟਾਂ ਵਿੱਚ ਚਾਰ ਚੁਫੇਰੇ ਵੱਡੀਆਂ ਛੋਟੀਆਂ ਕਾਰਾਂ ਈ ਕਾਰਾਂ ਦਿਸ ਰਹੀਆਂ ਸੀ । ਮੈਨੂੰ ਲੱਗਿਆ ਕਿ ਸ਼ਹਿਰ ਵਿੱਚ ਤਾਂ ਲੱਖਾਂ ਕਾਰਾਂ ਇਸੇ ਤਰਾਂ ਖੜੀਆਂ ਹੋਣਗੀਆਂ , ਕਿੱਧਰ ਗਏ ਚਲਾਉਣ ਵਾਲੇ ।
ਭੱਲਾ ਸਾਹਿਬ ਗੰਭੀਰ ਹੋਕੇ ਕਹਿਣ ਲੱਗੇ , ‘ ਹੈ ਤਾਂ ਇਹ ਮਨੁੱਖ ਵੱਲੋਂ ਕੁਦਰਤ ਦੀ ਕੀਤੀ ਤਬਾਹੀ ਦਾ ਹੀ ਨਤੀਜਾ , ਆਪਾਂ ਸਾਰੇ ਈ ਜ਼ਿੰਮੇਵਾਰ ਯਾਰ ਇਹਦੇ ਵਿੱਚ , ‘ਕੱਲਾ ‘ਕੱਲਾ ਜੀਅ ਗੱਡੀ ਲਈ ਫਿਰਦਾ ਸੀ ਸੜਕਾਂ ਤੇ । ਧੂਆਂ ਰੋਲ ਹੁੰਦੀਆਂ ਸੀ ਸੜਕਾਂ ਯਾਰ ‘। ਭੱਲਾ ਸਹਿਬ ਦੀ ਗੱਲ ਸੁਣਕੇ ਮੈਨੂੰ ਲਗਿਆ ਕਿ ਕੁਦਰਤ ਦੀ ਇਸ ਤਬਾਹੀ ਵਿੱਚ ਕਾਰਾਂ ਚਲਾਉਣ ਵਾਲਿਆਂ ਦਾ ਵੀ ਕੁਝ ਨਾ ਕੁਝ ਤਾਂ ਹਿੱਸਾ ਹੈ ।
ਅੱਗੋਂ ਭੱਲਾ ਸਾਹਿਬ ਇੱਕ ਦਮ ਬੋਲੇ,’ ਓ ਨਿਰਮਲ ਤੈਨੂੰ ਚੇਤੇ ਆ ਸਾਲ ਕੁ ਪਹਿਲਾਂ ਸੰਧੂ ਸਟੂਡੀਓ ਤੇ ਆਪਾਂ ਗਿੱਲ ਸਾਹਿਬ ਨੂੰ ਟਿੱਚਰਾਂ ਕਰਦੇ ਸੀ ਬਈ ਕਾਰ ਚਲਾਉਣੀ ਸਿੱਖਲੋ ਤੇ ਉਹਨਾ ਨੇ ਕਿਹਾ ਸੀ ਕਿ ਪ੍ਰਦੂਸ਼ਨ ਕਰਨ ਵਾਲਿਆਂ ਵਿੱਚ ਇੱਕ ਹੋਰ ਦਾ ਵਾਧਾ ਹੋਜੂ ‘। ਤਾਂ ਮੈਨੂੰ ਸੰਧੂ ਸਾਹਿਬ ਦੀ ਗੱਲ ਵੀ ਯਾਦ ਆਗੀ ਕਿ ‘ਕੱਠੇ ਜਾਣ ਨਾਲ ਸੌ ਦੁਖ ਸੁਖ ਹੋ ਜਾਂਦਾ ਤੇ ਜਿਹੜਾ ਕੰਮ ਗਿੱਲ ਸਾਹਿਬ ਵੱਟਸ ਐਪ ਤੇ ਕਰਦੇ ਆ ਉਹ ਡਰਾਈਵਰੀ ਤੋਂ ਜ਼ਿਆਦਾ ਕੀਮਤੀ ਆ। ਓਧਰੋਂ ਭੱਲਾ ਭਾਅ ਜੀ ਕਹਿ ਰਹੇ ਸੀ , ‘ ਊੰe ਇੱਕ ਗੱਲ ਤਾਂ ਹੈ ਨਿਰਮਲ ਜੇ ਗਿੱਲ ਸਾਹਿਬ ਨੂੰੰ ਕਾਰ ਚਲਾਉਣੀ ਆਉਂਦੀ ਹੁੰਦੀ ਤਾਂ ਉਹ ਵੀ ਉਹਨਾ ਲੱਖਾਂ ਲੋਕਾਂ ਵਿੱਚ ਸ਼ਾਮਲ ਹੁੰਦੇ ਜਿੰਨਾ ਨੇ ਕੁਦਰਤ ਦੀ ਤਬਾਹੀ ਕੀਤੀ ਆ , ਘੱਟੋ ਘੱਟ ਏਸ ਮਾਮਲੇ ਵਿੱਚ ਤਾਂ ਹੁਣ ਉਹ ਬਰੀ ਆ ‘ ।
– ਨਿਰਮਲ ਜੌੜਾ
੯੮੧੪੦ ੭੮੭੯੯