
ਸਭ ਕਹਿੰਦੇ ਸੱਸਾਂ ਬੁਰੀਆਂ ਹੁੰਦੀਆਂ
ਮੈਂ ਵੀ ਤਾਂ ਸੱਸ ਪਾਈ ਏ।
ਏਨੀ ਮਮਤਾ ਦਿੱਤੀ ਮੈਨੂੰ
ਮੈਥੋਂ ਮੇਰੀ ਮਾਂ ਭੁਲਾਈ ਏ।
ਫਰਕ ਕਦੇ ਕੀਤਾ ਨੀ ਨੂੰਹ ਤੇ ਧੀ ਵਿਚਕਾਰ
ਦੋਵਾਂ ਨੂੰ ਹੀ ਨੱਕ ਵੱਟੇ
ਦੋਵਾਂ ਦੀ ਹੀ ਕਰਦੀ ਵਡਿਆਈ ਏ।
ਅੜਬ ਬਥੇਰੀ ਏ,
ਹਰ ਜਿੱਦ ਪੁਗਾਉਂਦੀ ਏ
ਪਰ ਮੈਂ ਸਮਝ ਲੈਨੀ ਆਂ
ਕਿ ਹਾਲਾਤਾਂ ਦੀ ਉਹ ਸਤਾਈ ਏ।
ਲੋਕਾਂ ਮੂਹਰੇ ਭੰਡਦੇ ਨੀ ਅਸੀਂ ਇੱਕ ਦੂਜੇ ਨੂੰ
ਆਪਸ ਵਿੱਚ ਹੀ ਅਸਾਂ ਹਰ ਉਲਝਣ ਸੁਲਝਾਈ ਏ।
ਸੱਸ ਦੀ ਗੁੱਤ ਪੁੱਟਣੀ ਤੇ
ਦਾੜ੍ਹੀ ਖਿੱਚਣੀ ਸਹੁਰੇ ਦੀ
ਮੇਰੇ ਮਾਪਿਆਂ ਕਦੀ ਨਾ ਇਹ ਗੱਲ ਸਿਖਾਈ ਏ।
ਜਦ ਨੂੰਹ ਬਣ ਇਸ ਘਰ ਵਿੱਚ ਆਈ ਸੀ
ਖੁਦ ਨਾਲ ਮੈਂ ਇੱਕ ਕਸਮ ਖਾਈ ਸੀ।
ਸੱਸ ਨੂੰ ਬੁੜੀ ਕਹਿਣਾ ਨੀ ਕਦੇ,
ਪੁੱਤ ਉਹਦੇ ਨੂੰ ਕਦੇ ਭੜਕਾਉਣਾ ਨੀ ਕਦੇ।
ਅੱਜ ਤੱਕ ਮੈਂ ਉਹੀ ਕਸਮ ਨਿਭਾਈ ਏ।
ਪਸੰਦ ਆਪਣੀ ਦੇ ਸੂਟ ਪਵਾਉਂਦੀ ਰਹੀ,
ਗਹਿਣਿਆਂ ਗੱਟਿਆਂ ਨਾਲ ਸਜਾਉਂਦੀ ਰਹੀ।
ਜਿਵੇਂ ਮੈਂ ਉਹਨੂੰ ਮਨਪਸੰਦ ਗੁੱਡੀ ਥਿਆਈ ਏ।
ਇੱਕ ਕੋਸ਼ਿਸ਼ ਹੈ ਨੂੰਹ ਸੱਸ ਦੇ ਰਿਸ਼ਤੇ ਤੋਂ ਦਾਗ ਮਿਟਾਉਣਾ ਏ,
ਸੱਸ ਬੁਰੀ ਹੈ ਜੱਗ ‘ਤੇ ਇਹ ਇਲਜ਼ਾਮ ਹਟਾਉਣਾ ਏ।
ਆਪਸ ਵਿੱਚ ਹੀ ਦੋਵੇਂ ਸਖੀਆਂ
ਉਲਝਣਾ ਆਪੇ ਤੇ ਸੁਲਝਾਉਣਾ ਆਪੇ
ਅਸੀਂ ਮਿਲ ਕੇ ਇਹ ਰੀਤ ਚਲਾਈ ਏ।
ਬੜਾ ਔਖਾ ਹੁੰਦਾ ਹੱਕ ਜਦ ,ਆਪਣਾ ਵੰਡਾਉਣਾ ਪੈਂਦਾ
ਤਾਂ ਹੀ ਮਾਂ ਨੂੰ ਬੁਰੀ ਸੱਸ ਅਖਵਾਉਣਾ ਪੈਂਦਾ
ਕਦੇ ਸੋਚੋ ਇੰਝ ਉਹ ਕਿਉਂ ਕਰਦੀ
ਉਹ ਦੇ ਲਈ ਵੀ ਇਹ ਸੌਖਾ ਨਹੀਂ
ਨੂੰਹ ਆਈ ਪੁੱਤਰ ਵੰਡ ਹੋਇਆ
ਕੀ ਮਾਂ ਲਈ ਸਹਿਣਾ ਔਖਾ ਨਹੀਂ ।
ਜੱਗ ਨੂੰ ਇਹ ਗੱਲ ਸਮਝਾਉਣ ਲਈ
ਅੱਜ “ਜੋਤ “ਨੇ ਹੱਡਬੀਤੀ ਖੋਲ੍ਹ ਸੁਣਾਈ ਏ।