
ਇਟਲੀ ਵਿੱਚ ਲਾਕਡਾਊਨ ਦੀਆਂ ਕੁਝ ਸ਼ਰਤਾਂ ਨੂੰ ਢਿੱਲ ਦੇ ਕੇ ਭਾਂਵੇ ਸਭ ਕੁਝ ਪਹਿਲਾਂ ਵਾਂਗ ਹੌਲੀ ਹੌਲੀ ਆਮ ਹੋ ਰਿਹਾ ਹੈ। ਪਰ ਸਰਕਾਰ ਵਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਵੱਡੇ ਇੱਕਠ ਕਰਨ ਤੇ ਪਾਬੰਦੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਟਲੀ ਦੇ ਲਿਖਾਰੀ ਸਭਾ ਸਾਹਿਤ ਸੁਰ ਸੰਗਮ ਸਭਾ ਇਟਲੀ ਵਲੋਂ ਆਨਲਾਈਨ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਮਾਧੋਝੰਡਾ ਦੀ ਅਗਵਾਈ ਵਿੱਚ ਸਭਾ ਦੇ ਸਾਰੇ ਮੈਂਬਰ ਸਾਹਿਬਾਨ ਨੇ ਹਿੱਸਾ ਲਿਆ। ਉੱਘੇ ਸਾਹਿਤਕਾਰ ਅਤੇ ਅੈਂਕਰ ਦਲਜਿੰਦਰ ਰਹਿਲ ਵਲੋਂ ਸਮੇਂ ਨੂੰ ਮੁੱਖ ਰੱਖਦਿਆਂ ਵੱਖ ਵੱਖ ਕਵੀਆਂ ਤੇ ਲੇਖਿਕਾਂ ਨੂੰ ਵਾਰੋ ਵਾਰੀ ਪੇਸ਼ ਕੀਤਾ ਗਿਆ। ਜਿਸ ਵਿੱਚ ਸ਼ੁਰੂਆਤ ਬਿੰਦਰ ਕੋਲੀਆਂਵਾਲ ਵਲੋਂ ਆਪਣੇ ਗੀਤ ਰਾਂਹੀ ਕੀਤੀ ਗਈ। ਨਿਰਵੈਲ ਸਿੰਘ ਢਿਲੋਂ, ਰਾਜੂ ਹਠੂਰੀਆ, ਦਿਲਬਾਗ ਖਹਿਰਾ, ਰਾਣਾ ਅਠੌਲਾ, ਹੋਠੀ ਬੱਲਾਂ ਵਾਲਾ, ਸਿੱਕੀ ਝੱਜੀ ਪਿੰਡ ਵਾਲਾ, ਬਲਵਿੰਦਰ ਸਿੰਘ ਚਾਹਲ ਵਲੋਂ ਸ਼ਹੀਦਾਂ ਨੂੰ ਸਮਰਪਿਤ ਰਚਨਾ ਜੋ ਕਿ ਲਹਿੰਦੇ ਅਤੇ ਚੜਦੇ ਪੰਜਾਬ ਦੇ ਸਾਂਝੇ ਕਵੀ ਅਫ਼ਜਲ ਅਹਿਸਨ ਰੰਧਾਵਾ ਦੀ ਲਿਖੀ ਹੋਈ ਹੈ ਸੁਣਾ ਕੇ ਸਭ ਨੂੰ ਭਾਵਕ ਕਰ ਦਿੱਤਾ। ਵਾਤਾਵਰਣ ਦਿਵਸ ਅਤੇ ਚੁਰਾਸੀ ਚ ਸ਼ਹੀਦ ਹੋਏ ਸਿੰਘਾਂ ਨੂੰ ਯਾਦ ਕਰਦੀਆ ਇਹਨਾਂ ਕਵੀਅਾਂ ਦੀਆਂ ਰਚਨਾਵਾਂ ਨੇ ਜਿਥੇ ਰੁਖ ਕੁੱਖ ਤੇ ਪਾਣੀਆਂ ਦੀ ਗੱਲ ਕੀਤੀ ਉਥੇ ਹੀ ਕੌਮ ਲਈ ਸ਼ਹੀਦੀ ਹੋਏ ਸਿੰਘਾਂ ਦੀ ਯਾਦ ਦਿਵਾਉਂਦੀਆਂ ਰਚਨਾਵਾਂ ਨੇ ਅੱਖਾਂ ਨਮ ਕਰ ਦਿੱਤੀਆਂ। ਲੇਖਕ ਰਾਜੂ ਹਠੂਰੀਆਂ ਨੇ ਸਭਾ ਦੇ ਲੇਖਕਾਂ ਨੂੰ ਤਕਨੀਕ ਦੇ ਸਹਾਰੇ ਦੀ ਹੱਲਾਸ਼ੇਰੀ ਦਿੰਦਿਆਂ ਕਿਹਾ ਇਹੋ ਜਿਹੇ ਉਪਰਾਲੇ ਸਭਾ ਵਲੋਂ ਆਉਣ ਵਾਲੇ ਸਮੇਂ ਵਿੱਚ ਵੀ ਕੀਤੇ ਜਾਣਗੇ ਤਾਂ ਜੋ ਲੇਖਕਾਂ ਤੇ ਕਵੀਆਂ ਦਾ ਹੌਸਲਾ ਬਣਿਆ ਰਹੇ।