9.6 C
United Kingdom
Saturday, March 7, 2026

More

    ਪੁਲਿਸ ਦੇ ਅੱਖੀਂ ਘੱਟਾ ਪਾ ਗਿਆ ਮੂਸੇਵਾਲਾ??

    ਸੰਗਰੂਰ ਤੇ ਬਰਨਾਲਾ ਪੁਲੀਸ ਗਾਇਕ ਨੂੰ ਕਾਬੂ ਕਰਨ ਲਈ ਮਾਰ ਰਹੀ ਹੈ ਛਾਪੇ

    ਨਾਭਾ (ਪੰਜ ਦਰਿਆ ਬਿਊਰੋ)

    ਨਾਭਾ ਪੁਲੀਸ ਵੱਲੋ ਵਿਵਾਦਾਂ ਵਿਚ ਰਹਿਣ ਵਾਲੇ ਗਾਇਕ ਸਿੱਧੂ ਮੂਸੇਵਾਲਾ ਦੀ ਗੱਡੀ ਦਾ ਚਲਾਨ ਕੱਟ ਕੇ ਛੱਡ ਦਿੱਤਾ, ਜਦੋਂ ਕਿ ਬਰਨਾਲਾ ਅਤੇ ਸੰਗਰੂਰ ਪੁਲੀਸ ਮੁਤਾਬਿਕ ਆਰਮਜ਼ ਐਕਟ ਤਹਿਤ ਮੁਲਜ਼ਮ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ। ਇਧਰ ਗਾਇਕ ਮੌਜ ਨਾਲ ਆਪਣੇ ਕਾਫਲੇ ਦੀ ਗੱਡੀਆਂ ਦੇ ਸ਼ੀਸ਼ਿਆਂ ‘ਤੇ ਕਾਲੀ ਫਿਲਮ ਲਾ ਕੇ ਕਥਿਤ ਸ਼ੂਟਿੰਗ ਕਰਨ ਲਈ ਨਾਭਾ ਵਿੱਚੋ ਲੰਘ ਰਿਹਾ ਸੀ, ਜਦੋ ਬਰਨਾਲਾ ਦੇ ਧਨੌਲਾ ਵਿਖੇ ਸਿੱਧੂ ਮੂਸੇਵਾਲਾ, ਪੁਲੀਸ ਮੁਲਾਜ਼ਮ ਅਤੇ ਬਾਕੀਆਂ ਖ਼ਿਲਾਫ਼ ਆਰਮਜ਼ ਐਕਟ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਹੋਇਆ ਸੀ ਤਾਂ ਉਥੇ ਡੀਐੱਸਪੀ ਰਾਜੇਸ਼ ਕੁਮਾਰ ਛਿੱਬਰ ਸਨ, ਜੋ ਹੁਣ ਨਾਭਾ ਵਿੱਚ ਤਾਇਨਾਤ ਹਨ। ਨਾਭਾ ਦੇ ਬੌੜਾਂ ਗੇਟ ਚੌਕ ਵਿਚ ਪੁਲੀਸ ਵੱਲੋ ਗੱਡੀਆਂ ਉੱਪਰ ਕਾਲੀ ਫਿਲਮ ਦੇਖ ਰੇਂਜ ਰੋਵਰ ਅਤੇ ਸਕਾਰਪੀਓ ਨੂੰ ਰੋਕਿਆ ਗਿਆ ਤਾਂ ਵਿੱਚੋਂ ਸਿੱਧੂ ਮੂਸੇਵਾਲਾ ਨਿਕਲਿਆ। ਮੌਕੇ ‘ਤੇ ਚਲਾਨ ਕੱਟਣ ਵਾਲੇ ਥਾਣਾ ਕੋਤਵਾਲੀ ਦੇ ਮੁਖੀ ਸਰਬਜੀਤ ਸਿੰਘ ਚੀਮਾ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਆਪ ਗੱਡੀ ਚਲਾ ਰਿਹਾ ਸੀ ਅਤੇ ਉਸ ਦੇ ਬਿਆਨ ਮੁਤਾਬਕ ਉਸ ਦੀ ਜ਼ਮਾਨਤ ਹੋ ਗਈ ਸੀ ਅਤੇ ਹੁਣ ਉਹ ਆਪਣੀ ਟੀਮ ਨਾਲ ਸ਼ੂਟਿੰਗ ਕਰਨ ਜਾ ਰਿਹਾ ਹੈ। ਪੁਲੀਸ ਵੱਲੋਂ ਕਾਲੀ ਫਿਲਮ ਲਾਉਣ ਕਾਰਨ ਉਸ ਦਾ ਅਤੇ ਉਸ ਦੇ ਸਾਥੀ ਰਵਿੰਦਰ ਸਿੰਘ ਦਾ ਚਲਾਨ ਕੱਟ ਕੇ ਉਨ੍ਹਾਂ ਨੂੰ ਪੁਲੀਸ ਜੀਪ ਵਿਚ ਬੈਠਾ ਕੇ ਡੀਐੱਸਪੀ ਦਫਤਰ ਲਿਜਾਇਆ ਗਿਆ, ਜਿਥੋਂ ਕੁਝ ਮਿੰਟਾਂ ਪਿੱਛੋਂ ਉਸ ਨੂੰ ਛੱਡ ਦਿੱਤਾ ਗਿਆ। ਜਾਂਦੇ-ਜਾਂਦੇ ਸਿੱਧੂ ਮੂਸੇਵਾਲੇ ਨੇ ਪ੍ਰੈਸ ਨੂੰ ਕਿਹਾ,” ਚਲਾਨ ਕੱਟਿਆ, ਹੋਰ ਕੀ ਹੋਣਾ ਸੀ?”
    ਇਸ ਸਬੰਧੀ ਡੀਐੱਸਪੀ ਰਾਜੇਸ਼ ਛਿੱਬਰ ਨੇ ਕਿਹਾ,‘ਕੇਸਾਂ ਦੀ ਜਾਂਚ ਬਰਨਾਲਾ ਅਤੇ ਸੰਗਰੂਰ ਪੁਲੀਸ ਕਰ ਰਹੀ ਹੈ ਅਤੇ ਅਸੀਂ ਉਸਨੂੰ ਉਨ੍ਹਾਂ ਮਾਮਲਿਆਂ ਵਿਚ ਗ੍ਰਿਫਤਾਰ ਨਹੀਂ ਕਰ ਸਕਦੇ ਸੀ।’ ਦੂਜੇ ਪਾਸੇ ਗਾਇਕ ਮੂਸੇਵਾਲੇ ਉੱਪਰ ਦਰਜ ਮਾਮਲਿਆਂ ਦੀ ਜਾਂਚ ਕਰ ਰਹੇ ਸੰਗਰੂਰ ਐੱਸਪੀ ਗੁਰਮੀਤ ਸਿੰਘ ਅਤੇ ਬਰਨਾਲਾ ਐੱਸਪੀ ਰੁਪਿੰਦਰ ਭਾਰਦਵਾਜ ਨੇ ਦੱਸਿਆ ਕਿ ਉਹ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰ ਰਹੇ ਹਨ ਅਤੇ ਉਸ ਦੇ ਘਰ ਤਾਲਾ ਲੱਗਾ ਹੋਇਆ ਹੈ। ਧਨੌਲਾ ਪੁਲੀਸ ਨੇ ਦੱਸਿਆ ਕਿ ਮੂਸੇਵਾਲੇ ਨੂੰ ਜ਼ਮਾਨਤ ਨਹੀਂ ਮਿਲੀ ਹੋਈ। ਹੁਣ 8 ਜੂਨ ਨੂੰ ਨਾਭਾ ਦੇ ਚਲਾਨ ਸਬੰਧੀ ਮੂਸੇਵਾਲਾ ਨੂੰ ਨਾਭਾ ਅਦਾਲਤ ਵਿਚ ਪੇਸ਼ ਹੋਣਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!