ਦੁੱਖਭੰਜਨ ਸਿੰਘ ਰੰਧਾਵਾ
0351920036369
ਮੌਲਾ ਮੈਂ ਕੈਸੀ ਖੇਡ ਖੇਡ ਬੈਠਾ,
ਜਿੱਤ ਕੇ ਵੀ ਹਾਰਿਆ।
ਮੈਨੂੰ ਦੱਸ ਓਏ ਮੁਕੱਦਰਾ ਤੂੰ,
ਏਦਾਂ ਕਾਹਤੋਂ ਮਾਰਿਆ।
ਏਨਾ ਲੱਗਿਆ ਏ ਦੁੱਖ,
ਸੀਨੇ ਮੱਚ ਗਈ ਏ ਅੱਗ।
ਸਾਹਵਾਂ ਦੇ ਪਾ ਗਈ ਖਿਲਾਰੇ,
ਮੈਨੂੰ ਕਰ ਗਈ ਅਲੱਗ।
ਧਾਹ ਉੱਚੀ ਉੱਚੀ ਵੱਜੀ,
ਮੇਰੇ ਦਿਲ ਦੇ ਚੁਬਾਰਿਆ।
ਮੈਨੂੰ ਦੱਸ ਓਏ ਮੁਕੱਦਰਾਂ
ਹੋਣੀਂ ਦੇ ਨਾਲ ਜੇ ਤੂੰ ਸਾਡੇ,
ਟਾਕਰੇ ਕਰਾਉਣੇ ਸੀ।
ਤਾਂ ਫੌਲਾਦ ਜਿਹੇ ਦਿਲ ਸਾਡੇ,
ਤੂੰ ਦੋਹਾਂ ਦੇ ਬਣਾਉਣੇ ਸੀ।
ਬਣਾਉਣ ਲੱਗੇ ਦਿਲ ਤੂੰ ਤਾਂ
ਕੱਚ ਨਾ ਉਸਾਰਿਆ।
ਮੈਨੂੰ ਦੱਸ ਓਏ ਮੁਕੱਦਰਾਂ ਤੂੰ
ਏਸ ਪਾਸੇ ਓਸ ਪਾਸੇ ਹੁਣ,
ਹਾਲਾਤ ਸੰਗੀਨ ਨੇਂ।
ਦਰਦਾਂ ਦਾ ਨਾਗ ਛੇੜ ਦਿੱਤਾ,
ਫਿਰਾਕ ਵਾਲੀ ਬੀਨ ਨੇਂ।
ਫਿਲਹਾਲ ਮੇਰੇ ਤੇ ਓਦੇ ਵਿੱਚ,
ਸਮੁੰਦਰੀ ਦਰਾਰਿਆ।
ਮੈਨੂੰ ਦੱਸ ਓਏ ਮੁਕੱਦਰਾਂ ਤੂੰ
ਮੈਂ ਓਸ ਜਗਾ ਮੌਲਾ ਜਿੱਥੇ,
ਕੋਈ ਵੀ ਮੇਰੇ ਨਾਲ ਨਈਂ।
ਮੈਥੋਂ ਰੁੱਸੀਆਂ ਨੇਂ ਸਾਹਵਾਂ,
ਹੁਣ ਮੇਰਾ ਕੋਈ ਹਾਲ ਨਈਂ।
ਦੇ ਕੋਈ ਦਿਲਾਸਾ ਹੁਣ,
ਤੂੰ ਅੰਬਰਾਂ ਚੋ ਤਾਰਿਆ।
ਮੈਨੂੰ ਦੱਸ ਓਏ ਮੁਕੱਦਰਾਂ ਤੂੰ
ਮੰਨਿਆ ਮੈਂ ਲਾ ਕੇ ਹੁਣ,
ਬੜਾ ਪਛਤਾਉਂਨਾ ਵਾਂ।
ਮੈਂ ਮਰ ਜਾਵਾਂ ਸੜ ਸੜ,
ਏਈਓ ਤੇ ਮੈਂ ਚਾਹੁੰਨਾਂ ਵਾਂ।
ਦਿਲ ਤੇ ਕੁੰਡਲੀ ਤੂੰ ਮਾਰੀ,
ਏ ਇਸ਼ਕ ਦੇ ਪਸਾਰਿਆ।
ਮੈਨੂੰ ਦੱਸ ਓਏ ਮੁਕੱਦਰਾਂ ਤੂੰ
ਹਾਏ ਧਾਹ ਮੇਰੀ ਪਿੱਟੇ ਤੇ ,
ਹੌਕਾ ਹੌਕਾ ਮੇਰਾ ਚੀਕਦਾ।
ਮੌਤੇ ਮੈਂ ਸਿਵਿਆਂ ਦੇ ਬਾਹਰ,
ਖੜਾ ਤੈਨੂੰ ਹੀ ਉਡੀਕਦਾ।
ਅੱਜ ਦੁੱਖਭੰਜਨ ਤੇ ਪਾ ਅੱਗਾਂ,
ਅੱਗ ਨਾਲ ਠਾਰਿਆ।
ਮੈਨੂੰ ਦੱਸ ਓਏ ਮੁਕੱਦਰਾਂ ਤੂੰ,
ਮੈਂਨੂੰ ਕਾਹਤੋਂ ਮਾਰਿਆ।